
ਦਲਜੀਤ ਕੌਰ/ਮਸਤੂਆਣਾ ਸਾਹਿਬ, 16 ਜੁਲਾਈ, 2023: ਅੱਜ ਦੀ ਸਟੇਜ ਤੋਂ ਸੰਘਰਸ਼ ਦੇ 45ਵੇਂ ਦਿਨ ਬੁਲਾਰਿਆਂ ਨੇ ਐਲਾਨ ਕੀਤਾ ਕਿ ਮਸਤੂਆਣਾ ਸਾਹਿਬ ਦੀ ਉਸ 25 ਏਕੜ ਜ਼ਮੀਨ (ਜਿਸ ਉੱਤੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਉਸਾਰੀ ਹੋਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਈਕੋਰਟ ਤੋਂ ਸਟੇਅ ਲਈ ਹੋਈ ਹੈ) ਉੱਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਅੰਗੀਠਾ ਸਾਹਿਬ ਵੱਲੋਂ, ਮਸਤੂਆਣਾ ਸਾਹਿਬ ਦੇ ਬੱਸ ਸਟੈਂਡ ’ਤੇ ਲੱਗੇ ਹੋਏ ਪੱਕੇ ਮੋਰਚੇ ਵਿੱਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਦੇ ਸਹਿਯੋਗ ਨਾਲ ਝੋਨੇ ਦੀ ਪਨੀਰੀ/ਪੌਦ ਬੀਜ ਦਿੱਤੀ ਗਈ ਹੈ। ਇਹ ਪਨੀਰੀ/ਪੌਧ ਹੜ੍ਹ ਪੀੜ੍ਹਤ ਕਿਸਾਨਾਂ ਨੂੰ ਮੁਫ਼ਤ ਦਿੱਤੀ ਜਾਵੇਗੀ। ਕਿਸੇ ਵੀ ਸੰਘਰਸ਼ ਕਮੇਟੀ ਦੀ ਦਰੁਸਤ ਅਗਵਾਈ ਦੀ ਪੁਸ਼ਟੀ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਚੱਲ ਰਹੇ ਸੰਘਰਸ਼ ਦੌਰਾਨ ਵਾਪਰਦੇ ਵਰਤਾਰਿਆਂ ਪ੍ਰਤੀ ਕਿਹੋ ਜਿਹਾ ਵਤੀਰਾ ਧਾਰਨ ਕਰਦੀ ਹੈ।
ਜ਼ਿਕਰਯੋਗ ਹੈ ਕਿ ਲੱਗਭਗ ਡੇਢ ਮਹੀਨੇ ਤੋਂ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਮਸਤੂਆਣਾ ਸਾਹਿਬ ਦੇ ਅੱਡੇ ਤੇ ਪੱਕਾ ਮੋਰਚਾ ਚੱਲ ਰਿਹਾ ਹੈ। ਹੁਣ ਹਫਤਾ ਭਰ ਤੋਂ ਪੰਜਾਬ ਦਾ ਵੱਡਾ ਹਿੱਸਾ ਹੜ੍ਹ ਦੀ ਮਾਰ ਹੇਠ ਆਇਆ ਹੋਇਆ ਹੈ। ਸਮੁੱਚਾ ਪੰਜਾਬੀ ਭਾਈਚਾਰਾ ਹੜ੍ਹ ਪੀੜਤਾਂ ਦੀ ਮੱਦਦ ਲਈ ਅੱਗੇ ਆਇਆ ਹੈ। ਕਿਸੇ ਕਿਸਮ ਦੀ ਖਾਣ-ਪੀਣ, ਦਵਾਈਆਂ, ਪਸ਼ੂਆਂ ਲਈ ਹਰਾ ਚਾਰਾ ਆਦਿ ਦੀ ਘਾਟ ਪੂਰੀ ਕਰਨ ਦੇ ਸਿਰਤੋੜ ਯਤਨ ਜਾਰੀ ਹਨ। ਲੱਖਾਂ ਏਕੜ ਫ਼ਸਲ ਪਾਣੀ ਵਿੱਚ ਡੁੱਬਣ ਨਾਲ ਬਰਬਾਦ ਹੋ ਗਈ ਹੈ। ਪਾਣੀ ਮੁੜ ਜਾਣ ਤੋਂ ਬਾਅਦ ਹੀ ਜੀਰੀ ਦੁਬਾਰਾ ਲਾਈ ਜਾ ਸਕੇਗੀ। ਜਿੱਥੇ ਇੱਕ ਪਾਸੇ ਐਸਕੇਐਮ ਵੱਲੋਂ ਕੱਲ੍ਹ ਮੀਟਿੰਗ ਕਰਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜੀਰੀ ਲਾਉਣ ਲਈ ਸੈਂਕੜੇ ਏਕੜ ਪਨੀਰੀ ਬੀਜਣ ਦਾ ਫ਼ੈਸਲਾ ਕੀਤਾ ਗਿਆ ਹੈ। ਉੱਥੇ ਗੁਰਦੁਆਰਾ ਅੰਗੀਠਾ ਸਾਹਿਬ ਦੇ ਸੇਵਾਦਾਰ ਬਾਬਾ ਦਰਸ਼ਨ ਸਿੰਘ ਵੱਲੋਂ , ਸੰਘਰਸ਼ ਕਮੇਟੀ ਦੇ ਸਰਗਰਮ ਸਹਿਯੋਗ ਨਾਲ ਗੁਰਦੁਆਰਾ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਦੀ 25 ਏਕੜ ਜ਼ਮੀਨ ਉੱਪਰ ਝੋਨੇ ਦੀ ਪਨੀਰੀ ਬੀਜਣ ਦਾ ਫ਼ੈਸਲਾ ਪਹਿਲਾਂ ਹੀ ਹੋ ਗਿਆ ਹੈ। ਇੱਕ ਪਾਸੇ ਅਰਬਾਂ ਰੁਪਏ ਦੇ ਬਜਟ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਰਕਾਰੀ ਮੈਡੀਕਲ ਕਾਲਜ ਬਨਾਉਣ ਵਿੱਚ ਅਡਿੱਕੇ ਡਾਹ ਰਹੀ ਹੈ ਤੇ ਦੂਜੇ ਪਾਸੇ ਲੋਕਾਂ ਉੱਪਰ ਬਿਪਤਾ ਦੀ ਘੜੀ ਸਮੇਂ 25 ਏਕੜ ਜ਼ਮੀਨ ਵਿੱਚ ਜੀਰੀ ਲਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ।
ਅੱਠ ਮੈਂਬਰੀ ਸੰਘਰਸ਼ ਕਮੇਟੀ ਦੇ ਮੈਂਬਰਾਂ ਸਾਹਿਬ ਸਿੰਘ ਬਡਬਰ (ਕਨਵੀਨਰ) ਜਸਵੰਤ ਸਿੰਘ ਦੁੱਗਾਂ, ਭਰਪੂਰ ਸਿੰਘ ਦੁੱਗਾਂ, ਦਰਸ਼ਨ ਸਿੰਘ ਕੁਨਰਾਂ, ਬੰਤ ਸਿੰਘ ਚੰਗਾਲ, ਮਨਦੀਪ ਸਿੰਘ ਲਿੱਧੜਾਂ, ਕਰਨੈਲ ਸਿੰਘ ਜੱਸੇਕਾ, ਬਲਦੇਵ ਸਿੰਘ ਬੱਗੂਆਣਾ ਨੇ ਗੁਰੂਦੁਆਰਾ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਦੇ ਸੇਵਾਦਾਰ ਬਾਬਾ ਦਰਸ਼ਨ ਸਿੰਘ ਦੇ ਸੰਘਰਸ਼ ਕਮੇਟੀ ਨੂੰ ਮੋਢਾ ਦੇਣ ਅਤੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਫ਼ਸਲ ਲਈ ਜੀਰੀ ਬੀਜਣ ਦੇ ਉਪਰਾਲੇ ਲਈ ਧੰਨਵਾਦ ਕੀਤਾ ਅਤੇ ਨਾਲ ਹੀ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੇ ਪੱਖ ਵਿੱਚ ਹਰ ਸਮੇਂ ਖੜ੍ਹਨ ਦਾ ਹਰ ਸੰਭਵ ਯਤਨ ਯਤਨ ਕਰਾਂਗੇ।