
ਦਲਜੀਤ ਕੌਰ/ਸੁਨਾਮ ਊਧਮ ਸਿੰਘ ਵਾਲਾ, 20 ਮਈ, 2023: ਵਿਧਾਨ ਸਭਾ ਹਲਕਾ ਸੁਨਾਮ ਦੇ ਸਰਵਪੱਖੀ ਵਿਕਾਸ ਕਾਰਜਾਂ ਨੂੰ ਨੇਪਰੇ ਚੜ੍ਹਾਉਣ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਕਾਫੀ ਸਰਗਰਮ ਨਜ਼ਰ ਆ ਰਹੇ ਹਨ। ਪਿਛਲੇ ਮਹੀਨਿਆਂ ਦੌਰਾਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਦੀਆਂ ਪ੍ਰਮੁੱਖ ਲੋੜਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਕੈਬਨਿਟ ਮੰਤਰੀ ਵੱਲੋਂ ਹੁਣ ਪੜਾਅਵਾਰ ਤਰੀਕੇ ਨਾਲ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਗਈ ਹੈ। ਅੱਜ ਅਮਨ ਅਰੋੜਾ ਨੇ ਪਿੰਡ ਬਖ਼ਸ਼ੀਵਾਲਾ ਵਿਖੇ ਕਰੀਬ 45 ਲੱਖ ਰੁਪਏ ਦੀ ਰਾਸ਼ੀ ਨਾਲ ਬਣਨ ਵਾਲੇ ਪੰਚਾਇਤ ਘਰ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਤੋਂ ਭਲੀਭਾਂਤ ਜਾਣੂ ਹੈ ਅਤੇ ਪਿੰਡਾਂ ਵਿੱਚ ਹਰ ਲੋੜੀਂਦੇ ਵਿਕਾਸ ਕੰਮਾਂ ਨੂੰ ਪਹਿਲ ਦੇ ਆਧਾਰ ਉੱਤੇ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਪੁਸਤਕ ਸੱਭਿਆਚਾਰ ਪ੍ਰਫੁਲਿਤ ਕਰਨ ਲਈ ਲਾਇਬ੍ਰੇਰੀਆਂ, ਪੰਚਾਇਤੀ ਕਾਰਜਾਂ ਲਈ ਪੰਚਾਇਤ ਘਰ, ਖੇਡਾਂ ਲਈ ਖੇਡ ਮੈਦਾਨ ਤੇ ਕੁਦਰਤ ਨਾਲ ਸਾਂਝ ਪੁਆਉਣ ਲਈ ਪਾਰਕ ਤਿਆਰ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਲਕਾ ਸੁਨਾਮ ਦੇ ਕਾਇਆ ਕਲਪ ਲਈ ਪੂਰੀ ਯੋਜਨਾ ਨਾਲ ਕੰਮ ਕਰਵਾਏ ਜਾ ਰਹੇ ਹਨ ਅਤੇ ਹਰ ਵਰਗ ਦੀਆਂ ਲੋੜਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ।
ਇਸ ਮੌਕੇ ਦਵਿੰਦਰ ਸਿੰਘ ਐੱਸਡੀਓ ਪੰਚਾਇਤੀ ਰਾਜ, ਨਾਇਬ ਤਹਿਸੀਲਦਾਰ ਅਮਿਤ ਕੁਮਾਰ, ਪੰਚਾਇਤ ਸਕੱਤਰ ਹਿੰਮਤਜੀਤ ਸਿੰਘ, ਜੇ:ਈ ਅਵਤਾਰ ਸਿੰਘ, ਆਗੂ ਗੁਰਤੇਜ ਸਿੰਘ, ਸਰਪੰਚ ਮਿੱਠੂ ਸਿੰਘ, ਤਰਸੇਮ ਸਿੰਘ, ਹਰਦਿਆਲ ਸਿੰਘ ਸਾਬਕਾ ਪੰਚ, ਹਰਵਿੰਦਰ ਸਿੰਘ ਵੀ ਹਾਜ਼ਰ ਸਨ।