
ਗੜਗ, 27 ਅਪਰੈਲ/ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਜ਼ਹਿਰੀਲੇ ਸੱਪ ਨਾਲ ਕੀਤੀ, ਜਿਸ ’ਤੇ ਭਾਜਪਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਕਰਨਾਟਕ ’ਚ 10 ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਪ੍ਰਚਾਰ ਤਹਿਤ ਗੜਗ ਜ਼ਿਲ੍ਹੇ ਦੇ ਰੋਨ ’ਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ, ‘ਗਲਤੀ ਨਾ ਕਰੋ। ਮੋਦੀ ਜ਼ਹਿਰੀਲੇ ਸੱਪ ਦੀ ਤਰ੍ਹਾਂ ਹਨ। ਜੇਕਰ ਤੁਸੀਂ ਕਹਿੰਦੇ ਹੋ ਕਿ ਉਹ ਜ਼ਹਿਰੀਲੇ ਨਹੀਂ ਹਾਂ ਤਾਂ ਛੂਹ ਕੇ ਦੋਖੋ, ਪਤਾ ਲੱਗ ਜਾਵੇਗਾ। ਜੇਕਰ ਤੁਸੀਂ ਛੂਹੋਗੇ ਤਾਂ ਮਰ ਜਾਓਗੇ।’ ਖੜਗੇ ਨੇ ਲੋਕਾਂ ਨੂੰ ਕਿਹਾ, ‘ਜੇਕਰ ਤੁਹਾਨੂੰ ਲੱਗਦਾ ਹੈ ਕਿ ਨਹੀਂ, ਨਹੀਂ, ਇਹ ਜ਼ਹਿਰ ਨਹੀਂ ਹੈ ਕਿਉਂਕਿ ਮੋਦੀ ਨੇ ਇਸ ਨੂੰ ਦਿੱਤਾ ਹੈ, ਚੰਗੇ ਵਿਅਕਤੀ ਪ੍ਰਧਾਨ ਮੰਤਰੀ ਨੇ ਦਿੱਤਾ ਹੈ ਤਾਂ ਇਸ ਨੂੰ ਚੱਟ ਕੇ ਦੇਖੋ। ਜੇਕਰ ਤੁਸੀਂ ਇਸ ਜ਼ਹਿਰ ਨੂੰ ਚੱਟੋਗੇ ਤਾਂ ਹਮੇਸ਼ਾ ਲਈ ਸੌਂ ਜਾਵੋਗੇ।’
ਕਾਂਗਰਸ ਪ੍ਰਧਾਨ ਦੇ ਇਸ ਬਿਆਨ ਮਗਰੋ ਕੇਂਦਰੀ ਮੰਤਰੀਆਂ ਸਮੇਤ ਕਈ ਭਾਜਪਾ ਆਗੂਆਂ ਨੇ ਉਨ੍ਹਾਂ ’ਤੇ ਹਮਲੇ ਕਰਦਿਆਂ ਕਿਹਾ ਹੈ ਕਿ ਇਸ ਬਿਆਨ ਤੋਂ ਪਾਰਟੀ ਦੀ ਮਾਨਸਿਕਤਾ ਦਾ ਪਤਾ ਲਗਦਾ ਹੈ।-ਪੀਟੀਆਈ