ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਜ਼ਿਮਨੀ ਚੋਣਾਂ ’ਚ ਚਾਰ ’ਚੋਂ ਤਿੰਨ ਸੀਟਾਂ ’ਤੇ ਅਪਣੀ ਪਾਰਟੀ ਦੀ ਜਿੱਤ ਨੂੰ ‘ਸੈਮੀਫਾਈਨਲ’ ਕਰਾਰ ਦਿਤਾ ਅਤੇ ਕਿਹਾ ਕਿ ਪਾਰਟੀ ਦਿੱਲੀ ’ਚ ਇਕ ਹੋਰ ਇਤਿਹਾਸਕ ਫਤਵੇ ਵਲ ਵਧ ਰਹੀ ਹੈ।
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਤੱਥ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ (ਆਪ) ਨੂੰ ਦੂਜੀ ਵਾਰ ਚੁਣਿਆ ਹੈ, ਇਹ ਦਰਸਾਉਂਦਾ ਹੈ ਕਿ ਪਾਰਟੀ ਚੰਗਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਪਿਛਲੇ ਦਹਾਕੇ ’ਚ ਅਸੀਂ ਦਿੱਲੀ ਮਾਡਲ ਦੀ ਸਥਾਪਨਾ ਕੀਤੀ ਹੈ, ਜੋ ਆਮ ਆਦਮੀ ਦੇ ਜੀਵਨ ਨੂੰ ਸੁਖਾਲਾ ਬਣਾਉਣ ’ਤੇ ਕੇਂਦਰਿਤ ਹੈ।’’
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਦੇ ਚੋਣ ਨਿਸ਼ਾਨ ਝਾੜੂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਿਹੜੀ ਪਾਰਟੀ ਝਾੜੂ ਨਾਲ ਘਰਾਂ ਅਤੇ ਦੁਕਾਨਾਂ ਦੀ ਸਫਾਈ ਕਰਦੀ ਹੈ, ਉਹ ਹੁਣ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਪੂਰੇ ਭਾਰਤ ਦੀ ਸਫਾਈ ਕਰ ਰਹੀ ਹੈ। ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਚੋਂ ਤਿੰਨ ਸੀਟਾਂ ਜਿੱਤ ਕੇ ਪੰਜਾਬ ’ਚ ਅਪਣੀ ਪਕੜ ਮਜ਼ਬੂਤ ਕੀਤੀ ਹੈ। ਕਾਂਗਰਸ ਨੇ ਇਕ ਸੀਟ ਜਿੱਤੀ ਜਦਕਿ ਭਾਜਪਾ ਇਕ ਵੀ ਸੀਟ ਨਹੀਂ ਜਿੱਤ ਸਕੀ।