
ਨਵੀਂ ਦਿੱਲੀ, 30 ਅਕਤੂਬਰ/ਐੱਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਨੀ ਲਾਂਡਰਿੰਗ ਨਾਲ ਜੁੜੇ ਦਿੱਲੀ ਆਬਕਾਰੀ ਨੀਤੀ ਕੇਸ ਵਿੱਚ ਪੁੱਛ-ਪੜਤਾਲ ਲਈ 2 ਨਵੰਬਰ ਨੂੰ ਸੱਦਿਆ ਹੈ। ਸੂਤਰਾਂ ਮੁਤਾਬਕ ਕੇਜਰੀਵਾਲ ਨੂੰ ਕਾਲੇ ਧਨ ਨੂੰ ਸਫ਼ੇਦ ਬਣਾਉਣ ਤੋਂ ਰੋਕਣ ਬਾਰੇ ਐਕਟ (ਪੀਐੱਮਐੱਲਏ) ਤਹਤਿ ਸੰਮਨ ਕੀਤਾ ਗਿਆ ਹੈ। ਈਡੀ ਨੇ ਕੇਸ ਵਿੱਚ ਦਾਇਰ ਦੋਸ਼ਪੱਤਰਾਂ ਵਿਚ ਕੇਜਰੀਵਾਲ ਦੇ ਨਾਮ ਦਾ ਕਈ ਵਾਰ ਜ਼ਿਕਰ ਕੀਤਾ ਹੈ। ‘ਆਪ’ ਨੇ ਦੋਸ਼ ਲਾਇਆ ਕਿ ਕੇਂਦਰ ਕੇਜਰੀਵਾਲ ਨੂੰ ਜੇਲ੍ਹ ਭੇਜ ਕੇ ਪਾਰਟੀ ਨੂੰ ਖ਼ਤਮ ਕਰਨਾ ਚਾਹੁੰਦਾ ਹੈ। ਉਧਰ, ਭਾਜਪਾ ਨੇ ਕੇਜਰੀਵਾਲ ਨੂੰ ਸੰਮਨ ਭੇਜੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ‘ਸੱਚਾਈ ਦੀ ਜਿੱਤ’ ਹੋਈ ਹੈ। -ਪੀਟੀਆਈ