
ਹੁਸ਼ਿਆਰਪੁਰ 14 ਜੁਲਾਈ ( ਤਰਸੇਮ ਦੀਵਾਨਾ ) ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰਾ ਦੀ ਟੀਮ ਵਲੋ ਜਿਲ੍ਹੇ ਵਿਚ ਡੇਂਗੂ ਅਤੇ ਮਲੇਰੀਆ ਪ੍ਰਤੀ ਜਾਗਰੂਕਤਾ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ।ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਉਹਨਾ ਦੱਸਿਆ ਕਿ ਬਰਸਾਤ ਦੇ ਮੌਸਮ ਦੀ ਆਮਦ ਸ਼ੁਰੂ ਹੁੰਦਿਆਂ ਹੀ ਵੈਕਟਰ ਬੌਰਨ ਬਿਮਾਰੀਆਂ ਜਿਵੇਂ ਡੇਂਗੂ, ਮਲੇਰੀਆ, ਚਿਕਨਗੂਣੀਆ ਦੇ ਮਰੀਜ਼ਾਂ ਦੀ ਗਿਣਤੀ ਵੀ ਵੱਧਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਹਫਤੇ ਦੇ ਹਰ ਸ਼ੁਕਰਵਾਰ ਨੂੰ ਖੁਸ਼ਕ ਦਿਵਸ (ਡਰਾਈ-ਡੇ) ਵੱਜੋਂ ਮਨਾਉਂਦੇ ਹੋਏ ਅੱਜ ਸਿਹਤ ਵਿਭਾਗ ਦੇ ਐਂਟੀ ਲਾਰਵਾ ਵਿੰਗ ਅਤੇ ਜਿਲ੍ਹੇ ਭਰ ਦੇ ਮਲਟੀਪਰਪਜ਼ ਹੈਲਥ ਵਰਕਰਾਂ ਵਲੋਂ ਘਰ ਘਰ ਵਿਜ਼ਿਟ ਦੌਰਾਨ ਕੂਲਰ, ਗਮਲੇ, ਛੱਤਾਂ ਤੇ ਪਿਆ ਸਮਾਨ, ਫਰਿਜ ਦੀ ਟਰੇਅ, ਜਾਨਵਰਾਂ ਤੇ ਪੰਛੀਆਂ ਦੇ ਪਾਣੀ ਦੇ ਬਰਤਨ ਆਦਿ ਵਿੱਚ ਜਮ੍ਹਾ ਪਾਣੀ ਨੂੰ ਨਸ਼ਟ ਕਰਵਾਇਆ ਗਿਆ ਅਤੇ ਪੂਰੀ ਤਰ੍ਹਾਂ ਖੁਸ਼ਕ (ਡਰਾਈ) ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਇਹ ਬਿਮਾਰੀਆਂ ਫੈਲਾਉਣ ਵਾਲੇ ਮੱਛਰਾਂ ਦੇ ਲਾਰਵੇ ਨੂੰ ਖਤਮ ਕੀਤਾ ਜਾ ਸਕੇ।
ਉਹਨਾ ਕਿਹਾ ਕਿ ਇਹਨਾਂ ਗਤੀਵਿਧੀਆਂ ਤਹਿਤ ਅੱਜ ਹੁਸ਼ਿਆਰਪੁਰ ਸ਼ਹਿਰ ਦੇ ਵੱਖ ਵੱਖ ਖੇਤਰਾਂ ( ਸ਼ਾਲੀਮਾਰ ਨਗਰ, ਬੱਸੀ ਕਵਾਜੂ, ਅਸ਼ੋਕ ਨਗਰ, ਦਸ਼ਮੇਸ਼ ਨਗਰ,ਰੂਪ ਨਗਰ,ਰਹੀਮ ਪੁਰ,ਸ਼ਾਸ਼ਤਰੀ ਨਗਰ,ਮੁੱਹਲਾ ਫਤਿਹਗੜ੍ਹ, ਭੀਮ ਨਗਰ) ਵਿੱਚ 10 ਟੀਮਾਂ ਵਲੋਂ ਖੁਸ਼ਕ ਦਿਵਸ ਦੇ ਸਬੰਧ ਵਿੱਚ 1047 ਘਰਾਂ ਵਿੱਚ ਦਸਤਕ ਦਿੱਤੀ ਗਈ ਤੇ 77 ਘਰਾਂ ‘ਚ ਲਾਰਵਾ ਅਤੇ 6909 ਕੰਨਟੇਨਰਾਂ ਵਿੱਚੋਂ 82’ਚ ਲਾਰਵਾ ਪਾਇਆ ਗਿਆ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ। ਸਿਹਤ ਕਾਮਿਆਂ ਵੱਲੋਂ ਮੱਛਰਾਂ ਅਤੇ ਮੱਛਰਾਂ ਦੇ ਲਾਰਵੇ ਨੂੰ ਖਤਮ ਕਰਨ ਲਈ ਸਪਰੇਅ ਵੀ ਕਰਵਾਈ ਗਈ।
ਉਹਨਾ ਦੱਸਿਆ ਕਿ ਸਿਹਤ ਕਾਮਿਆਂ ਵੱਲੋਂ ਲੋਕਾਂ ਨੂੰ ਮਲੇਰੀਆ ਤੇ ਡੇਂਗੂ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਵੀ ਕੀਤਾ ਗਿਆ । ਉਨਾਂ ਦੱਸਿਆ ਕਿ ਮੱਛਰ ਦੇ ਕਟੱਣ ਤੋਂ ਬਚਾਅ ਲਈ ਦਿਨ ਵਿੱਚ ਪੂਰੀਆਂ ਬਾਹਾਂ ਦੇ ਕੱਪੜੇ ਪਹਿਨਣ, ਮੱਛਰ ਭਜਾਊ ਕਰੀਮਾਂ ਦੀ ਵਰਤੋਂ ਕਰਨ ਅਤੇ ਸਾਫ ਸਫਾਈ ਦਾ ਪੂਰਾ ਧਿਆਨ ਰੱਖਣ ਨਾਲ ਅਸੀਂ ਇਨਾਂ ਬੀਮਾਰੀਆਂ ਤੋਂ ਬੱਚ ਸਕਦੇਂ ਹਾਂ। ਉਨਾਂ ਸ਼ਹਿਰ ਵਾਸੀਆਂ ਨੂੰ ਸਰਵੇ ਕਰ ਰਹੀਆਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਹਰ ਸ਼ੁਕਰਵਾਰ ਨੂੰ ਡਰਾਈ ਡੇ ਵਜੋਂ ਮਨਾਉਣ ਤਾਂ ਹੀ ਡੇਂਗੂ ਦੀ ਬੀਮਾਰੀ ਤੋਂ ਬੱਚਿਆਂ ਜਾ ਸਕਦਾ ਹੈ।