
ਹੁਸ਼ਿਆਰਪੁਰ, 12 ਜੁਲਾਈ, (ਤਰਸੇਮ ਦੀਵਾਨਾ) ਪੰਜਾਬ ਪੈਨਸ਼ਨਰਜ਼ ਜੂਨੀਅਨ ਹੁਸ਼ਿਆਰਪੁਰ ਦੀ ਮਹੀਨਾਵਾਰ ਮੀਟਿੰਗ ਦਫਤਰ ਬੈਂਕ ਕਲੋਨੀ ਹੁਸ਼ਿਆਰਪੁਰ ਵਿਖੇ ਪ੍ਰਿੰਸੀਪਲ ਚਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਭਲੇ ਦੀ ਅਰਦਾਸ ਨਾਲ ਹੋਈ। ਉਪਰੰਤ ਯੂਨੀਅਨ ਆਗੂਆਂ ਸ੍ਰੀ ਉਂਕਾਰ ਸਿੰਘ ਪ੍ਰਧਾਨ, ਅਮਰਜੀਤ ਸਿੰਘ ਜਨਰਲ ਸਕੱਤਰ, ਜਗਜੀਤ ਸਿੰਘ ਜੱਗੀ ਡਿਪਟੀ ਜਨਰਲ ਸਕੱਤਰ, ਪ੍ਰਿੰਸੀਪਲ ਚਰਨ ਸਿੰਘ ਅਤੇ ਜੋਗਾ ਸਿੰਘ ਸੀਨੀਅਰ ਵਾਈਸ ਪ੍ਰਧਾਨ ਨੇ ਸੰਬੋਧਨ ਕਰਦਿਆ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲਿਆ ਤੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸ੍ਰੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਕਹਿੰਦਾ ਸੀ ਕਿ ਝਾੜੂ ਦਾ ਬਟਨ ਦਬਣ ਤੋਂ ਬਾਅਦ ਜਿਹੜੀ ਸਰਕਾਰ ਬਣੇਗੀ ਉਹ ਸਰਕਾਰ ਇਹੋ ਜਿਹੀ ਹੋਵੇਗੀ ਜਿਸ ਵਿੱਚ ਕਿਸੇ ਨੂੰ ਧਰਨਾ ਦੇਣ ਦੀ ਲੋੜ ਨਹੀਂ ਪੈਣੀ, ਲਾਠੀ ਚਾਰਜ ਨਹੀਂ ਹੋਵੇਗਾ, ਕਿਸੇ ਦੀ ਧੀ ਭੈਣ ਦੀ ਚੁੰਨੀ ਨਹੀਂ ਰੁਲੇਗੀ ਤੇ ਨਾ ਹੀ ਪੱਗਾਂ ਲੱਥਣਗੀਆਂ। ਪਰ ਇਸ ਦੇ ਉਲਟ ਸੰਗਰੂਰ ਵਿਖੇ ਪਿਛਲੇ ਦਿਨੀਂ ਆਪਣੀਆਂ ਹਕੀ ਮੰਗਾਂ ਲਈ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰਦੇ 8736 ਕੱਚੇ ਮੁਲਾਜ਼ਮਾਂ ਤੇ ਸਰਕਾਰ ਵੱਲੋਂ ਤਸ਼ੱਦਦ ਕੀਤਾ ਗਿਆ। ਜਿਸ ਦੌਰਾਨ ਨੌਜਵਾਨਾਂ ਦੀਆਂ ਪੱਗਾਂ ਲਾਹੀਆਂ ਗਈਆਂ ਅਤੇ ਧੀਆਂ-ਭੈਣਾਂ ਦੀ ਚੁੰਨੀਆਂ ਰੋਲੀਆਂ ਗਈਆਂ, ਜਿਸ ਦੀ ਜੱਥੇਬੰਦੀ ਸਖ਼ਤ ਨਿਖੇਧੀ ਕਰਦੀ ਹੈ। ਪੈਨਸ਼ਨਰਜ਼ ਆਗੂਆਂ ਨੇ ਕਿਹਾ ਕਿ ਪੈਨਸ਼ਨਰਜ਼ ਤਾਂ ਆਪਣੀਆਂ ਹੱਕੀ ਮੰਗਾਂ ਜਿਵੇਂ ਕਿ 1-1-2016 ਤੋਂ ਪੇ-ਕਮਿਸ਼ਨ ਦਾ ਬਕਾਇਆ, ਡੀਏ ਦੀਆਂ ਰਹਿੰਦੀਆਂ ਤਿੰਨ ਕਿਸ਼ਤਾਂ, 2.59 ਦੇ ਗੁਣਾਂਕ ਨਾਲ ਪੈਨਸ਼ਨ ਵਿੱਚ ਸੋਧ ਕਰਨ, ਮੈਡੀਕਲ ਭੱਤਾ 2500 ਰੁਪਏ ਕਰਨ ਅਤੇ ਹੋਰ ਰਹਿੰਦੀਆਂ ਮੰਗਾਂ ਦਾ ਨਿਪਟਾਰਾ ਕਰਨ ਦੀ ਮੰਗ ਕਰ ਸਨ। ਪਰ ਸਰਕਾਰ ਵਲੋਂ ਇਸ ਦੇ ਉਲਟ ਪੈਨਸ਼ਨਰਜ਼ ਉੱਪਰ 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਦੇ ਨਾਂ ਤੇ ਜੱਜੀਆ ਟੈਕਸ ਲੈਣ ਦਾ ਫ਼ਰਮਾਨ ਜਾਰੀ ਕਰ ਦਿੱਤਾ ਗਿਆ ਹੈ ਜੋ ਕਿ ਬਜ਼ੁਰਗ ਪੈਨਸ਼ਨਰਾਂ ਨਾਲ ਕੋਝਾ ਮਜ਼ਾਕ ਅਤੇ ਸਰਾਸਰ ਧੱਕਾ ਹੈ। ਪੈਨਸ਼ਨਰਜ਼ ਆਗੂਆਂ ਨੇ ਇਸ ਪੱਤਰ ਨੂੰ ਵਾਪਸ ਲੈਣ ਦੀ ਪੁਰਜੋਰ ਮੰਗ ਕੀਤੀ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ 75 ਸਾਲ ਦੀ ਉਮਰ ਪੂਰੀ ਕਰਨ ਵਾਲੇ ਪੈਨਸ਼ਨਰਜ਼ ਨੂੰ ਅਗਲੀ ਹੋਣ ਵਾਲੀ ਮੀਟਿੰਗ ਵਿੱਚ ਸਨਮਾਨਿਤ ਕੀਤਾ ਜਾਵੇਗਾ। ਉਪਰੋਕਤ ਤੋਂ ਇਲਾਵਾ ਇਸ ਮੀਟਿੰਗ ਵਿੱਚ ਬਲਦੇਵ ਸਿੰਘ, ਬਿੱਕਰ ਸਿੰਘ, ਸੁਰਜੀਤ ਸਿੰਘ, ਗੁਰਬਚਨ ਸਿੰਘ, ਕੁਲਦੀਪ ਸਿੰਘ ਸੈਣੀ, ਮਨਜੀਤ ਸਿੰਘ, ਗੁਰਮੀਤ ਸਿੰਘ, ਸੰਤੋਖ ਸਿੰਘ, ਅਰਜਨ ਸਿੰਘ, ਬਲਵੀਰ ਸਿੰਘ, ਜਸਬੀਰ ਸਿੰਘ, ਸਤਿਨਾਮ ਸਿੰਘ, ਨੱਥੂ ਰਾਮ, ਸੁਰਿੰਦਰ ਸਿੰਘ, ਸੰਤੋਖ ਸਿੰਘ, ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਗਿਆਨ ਸਿੰਘ ਆਦਿ ਹਾਜ਼ਰ ਸਨ।