February 22, 2026 2:49 pm

ਮਸਲੇ ਹੱਲ ਨਾ ਹੋਣ ‘ਤੇ 1 ਜੂਨ ਨੂੰ ਅਨੰਦਪੁਰ ਸਾਹਿਬ ਵਿਖੇ ਹੋਵੇਗਾ ਅਗਲੇ ਸੰਘਰਸ਼ਾਂ ਦਾ ਐਲਾਨ: ਡੀ.ਟੀ.ਐੱਫ.

Share:

ਦਲਜੀਤ ਕੌਰ/ਚੰਡੀਗੜ੍ਹ, 18 ਮਈ, 2023: ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਵਿੱਚ ਆਏ ਵਫ਼ਦ ਨਾਲ ਸਿੱਖਿਆ ‘ਤੇ ਅਧਿਆਪਕ ਮੰਗਾਂ ‘ਤੇ ਪੰਜਾਬ ਭਵਨ ਚੰਡੀਗੜ੍ਹ ‘ਚ ਵਿਸਥਾਰਤ ਮੀਟਿੰਗ ਕੀਤੀ ਗਈ। ਜਿਸ ਉਪਰੰਤ ਆਗੂਆਂ ਨੇ ਫੈਸਲਾ ਕੀਤਾ ਕੇ ਜੇਕਰ 30 ਮਈ ਤੱਕ ਦਿੱਤੇ ਭਰੋਸਿਆਂ ਅਨੁਸਾਰ ਮੰਗਾਂ ਸਬੰਧੀ ਕੋਈ ਠੋਸ ਹੱਲ ਸਾਹਮਣੇ ਨਾ ਆਇਆ ਤਾਂ 1 ਜੂਨ ਨੂੰ ਅਨੰਦਪੁਰ ਸਾਹਿਬ ਵਿਖੇ ਅਗਲੇ ਸੰਘਰਸ਼ਾਂ ਦੇ ਐਲਾਨ ਕੀਤੇ ਜਾਣਗੇ, ਜਿਸ ਦੀ ਪੂਰੀ ਜਿੰਮੇਵਾਰੀ ਸਿੱਖਿਆ ਮੰਤਰੀ ਦੀ ਹੋਵੇਗੀ। ਇਸ ਦੇ ਨਾਲ ਹੀ ਸਿੱਖਿਆ ਨੀਤੀ ਨਾਲ ਸਬੰਧਿਤ ਮਾਮਲਿਆਂ ‘ਤੇ ਚਰਚਾ ਦੌਰਾਨ ਸਿੱਖਿਆ ਮੰਤਰੀ ਵੱਲੋਂ ਅੜੀਅਲ ਰਵੱਈਆ ਦਿਖਾਉਣ ਦੀ ਸਖ਼ਤ ਨਿਖੇਧੀ ਕਰਦਿਆਂ ਹੈਂਕੜ ਭਰੇ ਵਤੀਰੇ ਨੂੰ ਨਾ ਸੁਧਾਰਨ ‘ਤੇ ਤਿੱਖੇ ਸੰਘਰਸ਼ਾਂ ਦੀ ਚੇਤਾਵਨੀ ਵੀ ਜ਼ਾਰੀ ਕੀਤੀ ਗਈ ਹੈ।
ਡੀ.ਟੀ.ਐੱਫ. ਦੇ ਜਨਰਲ ਸਕੱਤਰ ਮੁਕੇਸ਼ ਕੁਮਾਰ, ਮੀਤ ਪ੍ਰਧਾਨਾਂ ਬੇਅੰਤ ਫੁੱਲੇਵਾਲਾ, ਗੁਰਪਿਆਰ ਕੋਟਲੀ, ਜਗਪਾਲ ਬੰਗੀ, ਰਘਵੀਰ ਸਿੰਘ ਭਵਾਨੀਗੜ੍ਹ, ਓ.ਡੀ.ਐੱਲ. ਅਧਿਆਪਕ ਯੂਨੀਅਨ ਦੇ ਆਗੂਆਂ ਬਲਜਿੰਦਰ ਗਰੇਵਾਲ, ਜਤਿੰਦਰ ਸਿੰਘ ਅਤੇ ਮੁਕੇਸ਼ ਬੋਹਾ ਨੇ ਦੱਸਿਆ ਕੇ ਪਿਛਲੇ 11 ਸਾਲਾਂ ਤੋਂ ਓਪਨ ਡਿਸਟੈਂਸ ਲਰਨਿੰਗ ਨਾਲ ਸਬੰਧਤ 125 ਅਧਿਆਪਕਾਂ ਦੇ ਪੈਂਡਿੰਗ ਰੈਗੂਲਰ ਆਰਡਰ ਜ਼ਾਰੀ ਕਰਨ, ਪੈਂਡਿੰਗ ਵਿਕਟੇਮਾਈਜੇਸ਼ਨਾਂ ਰੱਦ ਕਰਨ, ਸਾਰੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ, ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਤੇ ਨਾਨ ਟੀਚਿੰਗ ਨੂੰ ਰੈਗੂਲਰ ਕਰਨ, ਕੰਪਿਊਟਰ ਅਧਿਆਪਕਾਂ ‘ਤੇ ਛੇਵਾਂ ਪੰਜਾਬ ਤਨਖਾਹ ਕਮਿਸ਼ਨ ਲਾਗੂ ਕਰਦਿਆਂ ਵਿਭਾਗ ਵਿੱਚ ਮਰਜਿੰਗ ਕਰਨ, ਸਿੱਖਿਆ ਨੂੰ ਪਹਿਲ ਦੇਣ ਦੇ ਦਾਅਵੇ ਦੇ ਉੱਲਟ ਟੀਚਿੰਗ ਤੇ ਨਾਨ ਟੀਚਿੰਗ ਕਾਡਰਾਂ ਦੀਆਂ ਸਾਲਾਂਬੱਧੀ ਲਟਕੀਆਂ ਪੈਂਡਿੰਗ ਤਰੱਕੀਆਂ ਨੂੰ ਮੁਕੰਮਲ ਕਰਨ ਤੇ ਸੀਨੀਅਰਤਾ ਸੂਚੀਆਂ ਅਪਡੇਟ ਕਰਨ, ਸਾਲ 2018 ਦੇ ਸੇਵਾ ਨਿਯਮਾਂ ਤਹਿਤ ਥੋਪੀ ਵਿਭਾਗੀ ਪ੍ਰੀਖਿਆ ਵਾਪਸ ਲੈ ਕੇ ਰੋਕੇ ਇਨਕਰੀਮੈਂਟ ਬਹਾਲ ਕਰਨ, ਪਰਖ ਸਮਾਂ ਐਕਟ-2015 ਰੱਦ ਕਰਨ ਦੇ ਅਦਾਲਤੀ ਫੈਸਲੇ ਅਨੁਸਾਰ ਸਬੰਧਿਤ ਕਾਡਰਾਂ ਦੇ ਬਕਾਏ ਜਾਰੀ ਕਰਨ, ਗ੍ਰਹਿ ਜ਼ਿਲਿਆਂ ਤੋਂ ਬਾਹਰ ਭਰਤੀ ਅਧਿਆਪਕਾਂ ਨੂੰ ਬਦਲੀ ਲਈ ਵਿਸ਼ੇਸ਼ ਮੌਕਾ ਦੇਣ, ਜਾਨਲੇਵਾ ਹਾਦਸੇ ਦਾ ਸ਼ਿਕਾਰ ਫਾਜਲਿਕਾ ਜ਼ਿਲੇ ਦੇ ਅਧਿਆਪਕਾਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦੇਣ, 180 ਈ.ਟੀ.ਟੀ. ਅਧਿਆਪਕਾਂ ‘ਤੇ ਮੁੱਢਲੀ ਭਰਤੀ ਦੇ ਲਾਭ ਬਹਾਲ ਕਰਨ, ਆਮ ਲੋਕਾਂ ਤੋਂ ਸਿੱਖਿਆ ਖੋਹਣ ਵਾਲੀ ਮੋਦੀ ਸਰਕਾਰ ਦੀ ਨਵੀਂ ਸਿੱਖਿਆ ਨੀਤੀ 2020 ਦੀ ਥਾਂ ਪੰਜਾਬ ਦੀਆਂ ਸਥਾਨਕ ਲੋੜਾਂ ਤੇ ਸੱਭਿਆਚਾਰ ਅਨੁਸਾਰ ਸਿੱਖਿਆ ਨੀਤੀ ਤਿਆਰ ਕਰਕੇ ਲਾਗੂ ਕਰਨ, ਖਤਮ ਕੀਤੀਆਂ ਪੋਸਟਾਂ ਬਹਾਲ ਕਰਦਿਆਂ ਸਿੰਗਲ ਟੀਚਰ ਪ੍ਰਾਇਮਰੀ ਸਕੂਲਾਂ ‘ਚ ਨਵੇਂ ਅਧਿਆਪਕ ਨਿਯੁਕਤ ਕਰਨ, 5178, 8886 ਅਤੇ 3582 ਭਰਤੀਆਂ ਦੇ ਰਹਿੰਦੇ ਮਾਮਲੇ ਹੱਲ ਕਰਨ, ਪੈਂਡਿੰਗ ਭਰਤੀਆਂ ਪੂਰੀਆਂ ਕਰਨ ਅਤੇ ਸਾਰੇ ਕਾਡਰਾਂ ਦੀਆਂ ਖਾਲੀ ਅਸਾਮੀਆਂ ਦੇ ਇਸ਼ਤਿਹਾਰ ਜ਼ਾਰੀ ਕਰਨ ਸਬੰਧੀ ਗੱਲਬਾਤ ਦੌਰਾਨ ਸਿੱਖਿਆ ਮੰਤਰੀ ਵੱਲੋਂ ਭਰੋਸੇ ਜਰੂਰ ਦਿੱਤੇ ਗਏ ਹਨ, ਪ੍ਰੰਤੂ ਕੋਈ ਸਮਾਂਬੱਧ ਹੱਲ ਨਹੀਂ ਪੇਸ਼ ਕੀਤਾ ਗਿਆ। ਜਿਸ ਕਾਰਨ ਜਥੇਬੰਦੀ ਵੱਲੋਂ ਅਧਿਆਪਕਾਂ ਨੂੰ ਜੂਨ ਮਹੀਨੇ ਦੀਆਂ ਛੁੱਟੀਆਂ ਨੂੰ ਸੰਘਰਸ਼ਾਂ ਦੇ ਲੇਖੇ ਲਗਾਉਣ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਗਈ ਹੈ। ਇਸ ਦੇ ਨਾਲ ਹੀ ‘ਸਕੂਲ ਆਫ ਐਮੀਨੈਂਸ’ ਅਤੇ ਪੀ. ਐੱਮ. ਸ੍ਰੀ ਸਕੂਲਾਂ ਦੀ ਥਾਂ ਸਿੱਖਿਆ ਸ਼ਾਸ਼ਤਰੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਦੀ ਰਾਇ ਅਨੁਸਾਰ ਸਾਰੇ ਸਕੂਲਾਂ ਨੂੰ ਉੱਤਮ ਬਣਾਉਣ ਵੱਲ ਸਿੱਖਿਆ ਮੰਤਰੀ ਵੱਲੋਂ ਸਾਰਥਕ ਪੁਹੰਚ ਨਾ ਅਪਨਾਉਣ ਦੀ ਵੀ ਨਿਖੇਧੀ ਕੀਤੀ ਗਈ ਹੈ।
ਇਸ ਮੌਕੇ ਡੀ.ਟੀ.ਐੱਫ. ਦੇ ਸੂਬਾਈ ਆਗੂ ਮਹਿੰਦਰ ਕੌੜਿਆਂਵਾਲੀ, ਸੁਖਦੇਵ ਡਾਂਸੀਵਾਲ ਅਤੇ ਰੌਕੀ ਮਾਨਸਾ ਵੀ ਮੌਜੂਦ ਰਹੇ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news