February 4, 2026 5:23 pm

ਪ੍ਰਾਇਮਰੀ ਅਧਿਆਪਕ ਪ੍ਰੋਮੋਸ਼ਨ ਕਮੇਟੀ ਦਾ ਗਠਨ – ਨੀਰਜ ਯਾਦਵ ਪ੍ਰਧਾਨ, ਦੀਦਾਰ ਸਿੰਘ ਜਨਰਲ ਸਕੱਤਰ ਤੇ ਕੁਲਦੀਪ ਸਿੰਘ ਬਣੇ ਪ੍ਰੈਸ ਸਕੱਤਰ

Share:

ਹੁਸਿ਼ਆਰਪੁਰ, 16 ਮਈ (ਤਰਸੇਮ ਦੀਵਾਨਾ)-ਪ੍ਰਾਇਮਰੀ ਤੋਂ ਮਾਸਟਰ ਕੇਡਰ ਤਰੱਕੀਆਂ ਲੰਬੇ ਸਮੇਂ ਤੋਂ ਨਾ ਹੋਣ ਕਾਰਨ ਨਿਰਾਸ਼ਾ ਦੇ ਆਲਮ ਵਿੱਚੋਂ ਲੰਘ ਰਹੇ ਪ੍ਰਾਇਮਰੀ ਅਧਿਆਪਕਾਂ ਨੂੰ ਅੱਜ ਉਦੋਂ ਆਸ ਦੀ ਕਿਰਨ ਵਿਖਾਈ ਦਿੱਤੀ, ਜਦੋਂ ਪੰਜਾਬ ਭਰ ਤੋਂ ਵੱਖ ਵੱਖ ਜਿਲ੍ਹੇ ਦੇ ਅਧਿਆਪਕਾਂ ਨੇ ਪੰਜਾਬ ਪੱਧਰ ਤੇ ਪ੍ਰਾਇਮਰੀ ਅਧਿਆਪਕ ਪ੍ਰਮੋਸ਼ਨ ਕਮੇਟੀ ਦਾ ਗਠਨ ਕਰ ਲਿਆ ਅਤੇ ਪ੍ਰਾਇਮਰੀ ਤੋਂ ਮਾਸਟਰ ਕੇਡਰ ਤਰੱਕੀਆਂ ਨੂੰ 1978 ਦੇ ਸੇਵਾ ਨਿਯਮਾਂ ਮੁਤਾਬਿਕ ਬੈਚ ਵਾਈਜ਼ ਸੀਨੀਆਰਤਾ ਕਮ ਮੈਰਿਟ ਦੇ ਅਧਾਰ ਤੇ ਕਰਵਾਉਣ ਦਾ ਸੰਕਲਪ ਲਿਆ। ਇੱਥੇ ਵਰਨਣਯੋਗ ਹੈ ਕਿ ਸਿੱਖਿਆ ਵਿਭਾਗ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਵੇਂ ਨਿਯਮਾਂ ਮੁਤਾਬਿਕ ਕੋਟੇ ਅੰਦਰ ਕੋਟਾ ਨਿਸ਼ਚਿਤ ਕਰਨ ਦੇ ਪੁੱਠੇ ਰਾਹ ਪਿਆ ਹੋਇਆ ਹੈ, ਜਿਸ ਨਾਲ ਅਨੇਕਾਂ ਕਿਸਮ ਦੀਆਂ ਕਾਨੂੰਨੀ ਪੇਚੀਦਗੀਆਂ ਦਾ ਸਾਹਮਣਾ ਵਿਭਾਗ ਨੂੰ ਕਰਨਾ ਪਵੇਗਾ ਅਤੇ ਵੱਡੀ ਪੱਧਰ ਤੇ ਅਧਿਆਪਕਾਂ ਨਾਲ ਬੇਇਨਸਾਫੀ ਹੋਵੇਗੀ। ਮੀਟਿੰਗ ਵਿੱਚ ਸ਼ਾਮਲ ਅਧਿਆਪਕਾਂ ਨੇ ਪ੍ਰਾਇਮਰੀ ਅਧਿਆਪਕ ਪ੍ਰੋਮੋਸ਼ਨ ਕਮੇਟੀ ਦਾ ਪ੍ਰਧਾਨ ਨੀਰਜ ਯਾਦਵ, ਮੀਤ ਪ੍ਰਧਾਨ ਨਿਸ਼ਾਂਤ ਅਗਰਵਾਲ, ਜਨਰਲ ਸਕੱਤਰ ਦੀਦਾਰ ਸਿੰਘ, ਵਿੱਤ ਸਕੱਤਰ ਵਿਪਨ ਕੁਮਾਰ, ਪ੍ਰੈਸ ਸਕੱਤਰ ਕੁਲਦੀਪ ਸਿੰਘ, ਸਹਾਇਕ ਪ੍ਰੈੱਸ ਸਕੱਤਰ ਅਮਰਵੀਰ ਸਿੰਘ, ਕਨੂੰਨੀ ਸਲਾਹਕਾਰ ਗੁਰਬਾਜ ਸਿੰਘ, ਜੁਆਇੰਟ ਸਕੱਤਰ ਮੁਨੀਸ਼ ਕੁਮਾਰ, ਜੁਆਇੰਟ ਸਕੱਤਰ ਸਤਵੀਰ ਭੋਪਾਲ, ਜਥੇਬੰਦਕ ਸਕੱਤਰ ਰਾਕੇਸ਼ ਕੁਮਾਰ, ਅਮਰਵੀਰ ਸੰਧੂ ਸਟੇਟ ਕਮੇਟੀ ਮੈਂਬਰ ਅਤੇ ਹੋਰ ਵੀ ਅਹੁਦੇਦਾਰ ਚੁਣੇ ਗਏ। ਮੀਟਿੰਗ ਵਿਚ ਸ਼ਾਮਲ ਪੰਜਾਬ ਭਰ ਦੇ ਅਧਿਆਪਕਾਂ ਨੇ ਇਸ ਗੱਲ ਤੇ ਵਿਆਪਕ ਰੋਸ ਪ੍ਰਗਟ ਕੀਤਾ ਕਿ ਪੰਜਾਬ ਵਿਚ ਕੰਮ ਕਰਦੀਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਨੇ ਇਨ੍ਹਾਂ ਪ੍ਰਮੋਸ਼ਨਾਂ ਦੀ ਮੰਗ ਨੂੰ ਸਿਰਫ ਆਪਣੇ ਮੰਗ ਪੱਤਰਾਂ ਵਿਚ ਦਰਜ ਕੀਤਾ ਹੈ, ਇਹ ਪ੍ਰਮੋਸ਼ਨਾਂ ਉਹ ਕਿਵੇਂ ਕਰਵਾਉਣੀਆਂ ਚਾਹੁੰਦੇ ਹਨ ਇਸ ਬਾਰੇ ਉਨ੍ਹਾਂ ਨੇ ਅਧਿਆਪਕਾਂ ਨੂੰ ਆਪਣਾ ਸਟੈਂਡ ਹੁਣ ਤੱਕ ਸਪੱਸ਼ਟ ਨਹੀ ਕੀਤਾ। ਜਥੇਬੰਦੀਆਂ ਦੇ ਅਜਿਹੇ ਵਤੀਰੇ ਤੋਂ ਦੁੱਖੀ ਹੋ ਕੇ ਅਧਿਆਪਕਾਂ ਨੇ ਮਜਬੂਰੀਵੱਸ ਅੱਜ ਪ੍ਰਾਇਮਰੀ ਅਧਿਆਪਕ ਪ੍ਰਮੋਸ਼ਨ ਕਮੇਟੀ ਦਾ ਗਠਨ ਕਰ ਲਿਆ ਹੈ ਅਤੇ ਜਥੇਬੰਦੀਆਂ ਦੇ ਸਿਰਫ਼ ਅਖਬਾਰੀ ਬਿਆਨਾਂ ਤੋਂ ਉਲਟ ਜਮੀਨੀ ਪੱਧਰ ਤੇ ਕੰਮ ਕਰਨ ਦਾ ਬੀੜਾ ਚੁੱਕਿਆ। ਸਮੂਹ ਅਧਿਆਪਕਾਂ ਨੇ ਨਿਸ਼ਚਾ ਕੀਤਾ ਕਿ ਉਹ ਇਨ੍ਹਾਂ ਤਰੱਕੀਆਂ ਨੂੰ ਸਹੀ ਢੰਗ ਨਾਲ ਹੀ ਕਰਵਾਉਣਾ ਯਕੀਨੀ ਬਣਾਉਣਗੇ। ਇਸ ਸਬੰਧੀ ਉਨ੍ਹਾਂ ਨੇ ਜਲਦ ਸਰਕਾਰ ਤੇ ਅਧਿਕਾਰੀਆਂ ਨੂੰ ਮਿਲਣ ਦੀ ਵਿਊਂਤਬੰਦੀ ਵੀ ਕੀਤੀ।
ਕੈਪਸ਼ਨ- ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨੀਰਜ ਯਾਦਵ, ਦਿਦਾਰ ਸਿੰਘ ਅਤੇ ਕੁਲਦੀਪ ਸਿੰਘ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news