February 23, 2026 8:09 am

ਬੀਕੇਯੂ ਏਕਤਾ ਡਕੌਂਦਾ ਨੇ ਕਿਸਾਨ ਕੁਲਦੀਪ ਸਿੰਘ ਵਜੀਦਕੇ ਖੁਰਦ ਨੂੰ ਦਿਵਾਇਆ ਇਨਸਾਫ਼

Share:

ਦਲਜੀਤ ਕੌਰ/ਮਹਿਲਕਲਾਂ, 8 ਮਈ, 2023: ਕਿਸਾਨ ਕੁਲਦੀਪ ਸਿੰਘ ਪੁੱਤਰ ਹਰਚੰਦ ਸਿੰਘ ਵਜੀਦਕੇ ਖੁਰਦ ਨੂੰ ਇਨਸਾਫ਼ ਦਿਵਾਉਣ ਲਈ ਬੀਕੇਯੂ ਏਕਤਾ ਡਕੌਂਦਾ ਦਾ ਵਫ਼ਦ ਜਗਰਾਜ ਸਿੰਘ ਹਰਦਾਸਪੁਰਾ ਦੀ ਅਗਵਾਈ ਵਿੱਚ ਐੱਸਐੱਸਪੀ ਬਰਨਾਲਾ ਨੂੰ ਪਿਛਲੇ ਦਿਨੀਂ ਮਿਲਿਆ ਸੀ। ਅੱਜ ਡੀਐਸਪੀ ਦਫ਼ਤਰ ਮਹਿਲਕਲਾਂ ਵਿੱਚ ਇਸ ਮਾਮਲੇ ਦੀ ਪੜਤਾਲ ਸੀ। ਇਸ ਸਮੇਂ ਬੀਕੇਯੂ ਏਕਤਾ ਡਕੌਂਦਾ ਦੀ ਜਗਰਾਜ ਸਿੰਘ ਹਰਦਾਸਪੁਰਾ ਅਤੇ ਨਾਨਕ ਸਿੰਘ ਅਮਲਾ ਸਿੰਘ ਵਾਲਾ ਦੀ ਅਗਵਾਈ ਵਿੱਚ ਬਲਾਕ ਆਗੂ ਟੀਮ ਹਾਜ਼ਰ ਸੀ।
ਇਸ ਮੌਕੇ ਆਗੂਆਂ ਨੇ ਦੱਸਿਆ ਕਿ ਬਰਨਾਲਾ ਦਾਣਾ ਮੰਡੀ ਵਿੱਚ ਆੜ੍ਹਤ ਦੀ ਫਰਮ ਨਵੀਨ ਮਿੱਤਲ ਐਂਡ ਸੰਨਜ਼ ਉੱਪਰ ਕਿਸਾਨ ਕੁਲਦੀਪ ਸਿੰਘ ਦਾ ਪਿਤਾ ਹਰਚੰਦ ਸਿੰਘ ਵਜੀਦਕੇ ਖੁਰਦ ਲੰਬੇ ਸਮੇਂ 20 ਸਾਲਾਂ ਤੋਂ ਆੜ੍ਹਤ ਦੀ ਦੁਕਾਨ ਤੇ ਆਪਣੀ ਫ਼ਸਲ ਦੀ ਵੇਚ ਵੱਟਤ ਕਰਦਾ ਸੀ। ਹਰਚੰਦ ਸਿੰਘ ਦੇ ਅਨਪੜ੍ਹ ਹੋਣ ਕਰਕੇ ਕਦੇ ਵੀ ਉਕਤ ਆੜ੍ਹਤੀਏ ਨੇ ਉਸ ਨੂੰ ਪੂਰਾ ਹਿਸਾਬ ਨਹੀਂ ਦਿੱਤਾ। ਉਲਟਾ ਹਰਚੰਦ ਸਿੰਘ ਦੀ ਮੌਤ ਤੋਂ ਬਾਅਦ ਕਿਸਾਨ ਦੀ ਅਨਪੜ੍ਹਤਾ ਦਾ ਨਜਾਇਜ਼ ਫਾਇਦਾ ਉਠਾਕੇ ਨਵੀਨ ਜਿੰਦਲ ਨੇ ਧੋਖੇ ਨਾਲ ਕੁਲਦੀਪ ਸਿੰਘ ਦੇ ਦਸਖਤਾਂ ਵਾਲੀ ਖਾਲੀ ਚੈੱਕ ਬੁੱਕ ਹਾਸਲ ਕਰ ਲਈ। ਕੁਲਦੀਪ ਸਿੰਘ ਨੇ ਬਹੁਤ ਵਾਰ ਆੜ੍ਹਤੀਏ ਨਵੀਨ ਮਿੱਤਲ ਨੂੰ ਹਿਸਾਬ ਕਿਤਾਬ ਕਰਨ ਅਤੇ ਇਹ ਚੈੱਕ ਬੁੱਕ ਵਾਪਸ ਕਰਨ ਲਈ ਕਿਹਾ, ਪਰ ਨਵੀਨ ਮਿੱਤਲ ਨੇ ਇਸੇ ਖਾਲੀ ਚੈੱਕ ਬੁੱਕ ਉੱਪਰ ਮੋਟੀ ਰਕਮ ਨੌਂ ਲੱਖ ਰੁਪਏ ਭਰਕੇ ਬੈਂਕ ਵਿੱਚ ਲਗਾ ਕੇ ਚੈੱਕ ਬਾਉਂਸ ਕਰਵਾ ਲਿਆ। ਉਪਰੰਤ ਇਸੇ ਆਧਾਰ ਤੇ ਅਦਾਲਤੀ ਕਾਰਵਾਈ ਰਾਹੀਂ ਕੁਲਦੀਪ ਸਿੰਘ ਨੂੰ ਸਜ਼ਾ ਕਰਵਾ ਦਿੱਤੀ। ਕਿਸਾਨ ਕੁਲਦੀਪ ਸਿੰਘ ਨੇ ਇਹ ਮਾਮਲਾ ਜਥੇਬੰਦੀ ਬੀਕੇਯੂ ਏਕਤਾ ਡਕੌਂਦਾ ਦੇ ਧਿਆਨ ਵਿੱਚ ਲਿਆਂਦਾ। ਮਾਮਲੇ ਦੀ ਪੜਤਾਲ ਕਰਨ ਉਪਰੰਤ ਜਥੇਬੰਦੀ ਨੇ ਕਈ ਵਾਰ ਆੜ੍ਹਤੀਏ ਅਤੇ ਉਨ੍ਹਾਂ ਦੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਆੜ੍ਹਤੀਏ ਨੇ ਕਿਸਾਨ ਕੁਲਦੀਪ ਸਿੰਘ ਵਜੀਦਕੇ ਖੁਰਦ ਦਾ ਵਹੀ ਖਾਤਾ ਵਿਖਾਉਣ ਤੋਂ ਕੋਰਾ ਇਨਕਾਰ ਕਰ ਦਿੱਤਾ ਅਤੇ ਨਤੀਜੇ ਭੁਗਤਣ ਦੀਆਂ ਧਮਕੀਆਂ ਤੇ ਉੱਤਰ ਆਇਆ। ਜਥੇਬੰਦੀ ਵੱਲੋਂ ਪੜਤਾਲ ਕਰਵਾਉਣ ਲਈ ਦਿੱਤੀ ਗਈ ਦਰਖ਼ਾਸਤ ਸਬੰਧੀ ਡੀਐਸਪੀ ਮਹਿਲਕਲਾਂ ਨਾਲ ਦੋ ਵਾਰ ਦੀ ਗੱਲਬਾਤ ਹੋਈ। ਬੀਕੇਯੂ ਏਕਤਾ ਡਕੌਂਦਾ ਅਤੇ ਹਮਾਇਤੀ ਜਥੇਬੰਦੀ ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਨੇ ਵਿਆਖਿਆ ਅਤੇ ਦਲੀਲ ਸਹਿਤ ਕਿਸਾਨ ਕੁਲਦੀਪ ਸਿੰਘ ਦਾ ਪੱਖ ਰੱਖਿਆ।
ਇਸ ਸਮੇਂ ਆਗੂਆਂ ਜਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਅਮਰਜੀਤ ਸਿੰਘ ਠੁੱਲੀਵਾਲ, ਭਾਗ ਸਿੰਘ, ਸੁਖਦੇਵ ਸਿੰਘ ਕੁਰੜ, ਅੰਗਰੇਜ਼ ਸਿੰਘ ਰਾਏਸਰ, ਜੱਗਾ ਸਿੰਘ ਪ੍ਰੀਤਮ ਸਿੰਘ ਜਗਤਾਰ ਮਹਿਲਕਲਾਂ, ਗੁਰਦੇਵ ਸਿੰਘ ਵਜੀਦਕੇ ਖੁਰਦ, ਗੁਰਮੇਲ ਸਿੰਘ, ਹਰਜੀਤ ਸਿੰਘ, ਰਣਜੀਤ ਸਿੰਘ ਬੀਹਲਾ ਖੁਰਦ, ਨਾਇਬ ਸਿੰਘ ਵਜੀਦਕੇ ਕਲਾਂ ਆਦਿ ਨੇ ਇਸ ਸਮੇਂ ਕਿਹਾ ਕਿ ਇਸ ਆੜ੍ਹਤੀਆਂ ਦਾ ਇਹ ਇਹ ਕੋਈ ਪਹਿਲਾ ਮਾਮਲਾ ਨਹੀਂ ਸੀ। ਅਕਸਰ ਹੀ ਛੋਟੀ ਕਿਸਾਨੀ ਕੋਲੋਂ ਇਹ ਆੜ੍ਹਤੀਏ ਦਸਖ਼ਤ ਕਰਵਾ ਖ਼ਾਲੀ ਚੈੱਕ ਹਾਸਿਲ ਕਰ ਲੈਂਦੇ ਹਨ। ਜਦ ਵੀ ਕਦੇ ਕਿਸਾਨ ਆੜ੍ਹਤੀਆ ਚੁੰਗਲ ਵਿੱਚੋਂ ਨਿੱਕਲਣ ਦੀ ਚਾਰਾਜੋਈ ਕਰਦਾ ਹੈ ਤਾਂ ਕਿਸਾਨ ਕੋਲੋਂ ਧੋਖੇ ਭਰੇ ਢੰਗ ਨਾਲ ਹਾਸਲ ਕੀਤੇ ਚੈੱਕ ਦੀ ਵਰਤੋਂ ਕਰਕੇ ਅਦਾਲਤੀ ਪ੍ਰਬੰਧ ਰਾਹੀਂ ਆਪਣੇ ਹੱਕ ਵਿੱਚ ਫੈਸਲਾ ਕਰਵਾਉਣ ਵਿੱਚ ਕਾਮਯਾਬੀ ਹਾਸਲ ਕਰ ਲੈਂਦੇ ਹਨ। ਬਹੁਤ ਵਾਰ ਧੋਖਾਧੜੀ ਦਾ ਸ਼ਿਕਾਰ ਹੋਏ ਕਿਸਾਨ ਖ਼ੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ। ਅਜਿਹਾ ਅਮਲ ਸਰਕਾਰਾਂ, ਪ੍ਰਸ਼ਾਸਨ ਅਤੇ ਅਦਾਲਤਾਂ ਦੀ ਮਿਲੀਭੁਗਤ ਦਾ ਹੀ ਨਤੀਜਾ ਹੁੰਦਾ ਹੈ। ਇਹ ਕਿਸਾਨਾਂ ਕੋਲੋਂ ਮਨਮਰਜ਼ੀ ਨਾਲ ਮੋਟੀਆਂ ਕਰਮਾਂ ਵਸੂਲਦੇ ਹਨ, ਜਦਕਿ ਇਹ ਕਾਨੂੰਨ ਅਨੁਸਾਰ ਵਿਆਜ਼ ਦਾ ਧੰਦਾ ਕਰਨ ਲਈ ਅਧਿਕਾਰਤ ਨਹੀਂ ਹੁੰਦੇ।
ਆਗੂਆਂ ਕਿਹਾ ਕਿ ਆੜ੍ਹਤੀਏ ਦੀ ਇਸ ਧੱਕੇਸ਼ਾਹੀ ਨੂੰ ਕਦਾਚਿੱਤ ਵੀ ਬਰਦਾਸ਼ਤ ਨਾਂ ਕਰਨ ਦਾ ਬੀਕੇਯੂ ਏਕਤਾ ਡਕੌਂਦਾ ਦਾ ਦੋ ਟੁੱਕ ਫੈਸਲਾ ਸੀ। ਅਖੀਰ ਅੱਜ ਜਥੇਬੰਦੀ ਦੀ ਠੀਕ ਅਗਵਾਈ ਅਤੇ ਦ੍ਰਿੜ ਇਰਾਦੇ ਅੱਗੇ ਝੁਕਦਿਆਂ ਆੜ੍ਹਤੀਏ ਨੇ ਕਿਸਾਨ ਕੁਲਦੀਪ ਸਿੰਘ ਖ਼ਿਲਾਫ਼ ਬਰਨਾਲਾ ਅਦਾਲਤ ਵਿੱਚ ਚੱਲ ਰਿਹਾ ਕੇਸ 30 ਮਈ ਨੂੰ ਵਾਪਸ ਲੈਣ ਅਤੇ ਕੁਲਦੀਪ ਸਿੰਘ ਪਾਸੋਂ ਹਾਸਲ ਖ਼ਾਲੀ ਚੈੱਕਾਂ ਦੀ ਵਰਤੋਂ ਨਾਂ ਕਰਨ ਦਾ ਲਿਖਤੀ ਵਾਅਦਾ ਕੀਤਾ। ਇਸ ਸਮੇਂ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਕਿਹਾ ਕਿ ਦਿੱਲੀ ਜੰਤਰ ਮੰਤਰ ਵਿਖੇ ਪਹਿਲਵਾਨਾਂ ਦੇ ਜੌਨ ਸ਼ੋਸ਼ਣ ਖਿਲਾਫ਼ ਚੱਲ ਰਹੇ ਸੰਘਰਸ਼ ਵਿੱਚ ਮਹਿਲਕਲਾਂ ਬਲਾਕ ਵਿੱਚੋਂ 12 ਮਈ ਨੂੰ ਕਿਸਾਨ ਮਰਦ-ਔਰਤਾਂ ਨੂੰ ਕਾਫ਼ਲੇ ਬੰਨ੍ਹ ਕੇ ਪੁੱਜਣ ਦੀ ਅਪੀਲ ਕੀਤੀ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news