
ਨਵੀਂ ਦਿੱਲੀ, 4 ਮਈ/ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਮੁਖੀ ਸ਼ਰਦ ਪਵਾਰ ਦੇ ਉੱਤਰਾਧਿਕਾਰੀ ਬਾਰੇ ਚਰਚਾ ਲਈ ਕਮੇਟੀ ਦੀ ਮੀਟਿੰਗ ਸ਼ੁੱਕਰਵਾਰ 5 ਮਈ ਨੂੰ ਮੁੰਬਈ ਵਿੱਚ ਐੱਨਸੀਪੀ ਦਫ਼ਤਰ ਵਿੱਚ ਹੋਵੇਗੀ। ਐੱਨਸੀਪੀ ਦੇ ਨਵੇਂ ਮੁਖੀ ਲਈ ਦੌੜ ’ਚ ਸ਼ਰਦ ਪਵਾਰ ਦੀ ਬੇਟੀ ਅਤੇ ਬਾਰਾਮਤੀ ਤੋਂ ਤਿੰਨ ਵਾਰ ਦੀ ਸੰਸਦ ਮੈਂਬਰ ਸੁਪ੍ਰਿਆ ਸੂਲੇ ਸਭ ਤੋਂ ਅੱਗੇ ਹੈ ਕਿਉਂਕਿ ਉਨ੍ਹਾਂ ਦੇ ਪਿਤਾ ਅਤੇ ਮੌਜੂਦਾ ਪਾਰਟੀ ਪ੍ਰਧਾਨ ਸੰਗਠਨ ਦੇ ਉੱਚ ਅਹੁਦੇ ਤੋਂ ਹਟਣ ਲਈ ਆਪਣੇ ਫੈਸਲੇ ’ਤੇ ਕਾਇਮ ਹਨ। ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਪੈਨਲ ਪਹਿਲਾਂ ਸ਼ਰਦ ਪਵਾਰ ਨੂੰ ਅਹੁਦੇ ’ਤੇ ਬਣੇ ਰਹਿਣ ਦੀ ਪੇਸ਼ਕਸ਼ ਕਰੇਗਾ ਅਤੇ ਜੇਕਰ ਉਹ ਇਨਕਾਰ ਕਰਦੇ ਹਨ ਤਾਂ ਪੈਨਲ ਉਨ੍ਹਾਂ ਦੀ ਬੇਟੀ ਨੂੰ ਉਤਰਾਧਿਕਾਰੀ ਵਜੋਂ ਚੁਣਦੇ ਸਮੇਂ ਉਨ੍ਹਾਂ (ਪਵਾਰ) ਵਾਸਤੇ ਉਮਰ ਭਰ ਲਈ ਇੱਕ ਭੂਮਿਕਾ ਦਾ ਸੁਝਾਅ ਦੇਵੇਗਾ। ਮਹਾਰਾਸ਼ਟਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਐੱਨਸੀਪੀ ਦੀ ਕੌਮੀ ਭੂਮਿਕਾ ਵਿੱਚੋਂ ਬਾਹਰ ਸਕਦੇ ਹਨ।