
ਜਲੰਧਰ 2 ਮਈ (Secular Punjab) ਸੰਯੁਕਤ ਕਿਸਾਨ ਮੋਰਚੇ ਦੀ ਮੈਂਬਰ ਮਹਿਲਾ ਕਿਸਾਨ ਯੂਨੀਅਨ ਨੇ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ (ਆਪ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਮੁਕੰਮਲ ਬਾਈਕਾਟ ਕਰਨ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਇਹਨਾਂ ਦੋਵੇਂ ਪਾਰਟੀਆਂ ਨੇ ਪੈਰ-ਪੈਰ ਉੱਤੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਦਗਾ ਕਮਾਇਆ ਹੈ ਅਤੇ ਮੰਗਾਂ ਮੰਨ ਕੇ ਵੀ ਲਾਗੂ ਨਹੀਂ ਕੀਤੀਆਂ, ਜਿਸ ਕਰਕੇ ਇਹਨਾਂ ਦੋਵਾਂ ਪਾਰਟੀਆਂ ਨੂੰ ਇਸ ਚੋਣ ਵਿੱਚ ‘ਵੋਟ ਦੀ ਚੋਟ’ ਨਾਲ ਕਰਾਰੀ ਹਾਰ ਦੇ ਕੇ ਸਬਕ ਸਿਖਾਇਆ ਜਾਵੇ।
ਅੱਜ ਇਥੇ ਇੱਕ ਮੀਟਿੰਗ ਉਪਰੰਤ ਇਹ ਐਲਾਨ ਕਰਦਿਆਂ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਕਾਲੇ ਕਨੂੰਨ ਲਾਗੂ ਕਰਨ ਵਾਲੀ ਭਾਜਪਾ ਅਤੇ ਇਸ ਦੇ ਅੱਥਰੇ ਹੋਏ ਨੇਤਾਵਾਂ ਦੀ ਕਿਸਾਨ ਅੰਦੋਲਨ ਦੌਰਾਨ ਮਾਰੂ ਭੂਮਿਕਾ ਅਤੇ ਦਮਨਕਾਰੀ ਨੀਤੀਆਂ ਬਾਰੇ ਕੁੱਲ ਦੁਨੀਆਂ ਭਲੀਭਾਂਤ ਜਾਣੂ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਸਾਨਾਂ ਦੀਆਂ ਲਿਖਤੀ ਮੰਗਾਂ ਮੰਨ ਕੇ ਵੀ ਹਾਲੇ ਤੱਕ ਲਾਗੂ ਨਹੀਂ ਕੀਤੀਆਂ ਅਤੇ ਨਾ ਹੀ 750 ਦੇ ਕਰੀਬ ਮਿਰਤਕ ਕਿਸਾਨਾਂ ਨੂੰ ਕੋਈ ਰਾਹਤ ਦਿੱਤੀ ਹੈ। ਜਿਸ ਕਰਕੇ ਦੇਸ਼ ਦਾ ਸਮੁੱਚਾ ਕਿਸਾਨ-ਮਜਦੂਰ ਵਰਗ ਇਸ ਕਾਰਪੋਰੇਟ-ਪੱਖੀ ਅਤੇ ਹਿੰਦੂ ਰਾਸ਼ਟਰ ਬਣਾਉਣ ਵਾਲੀ ਇਸ ਭਗਵਾਂ ਪਾਰਟੀ ਦਾ ਕੱਟੜ ਵਿਰੋਧ ਕਰਦਾ ਹੈ।
ਪੰਜਾਬ ਵਿੱਚ ਸੱਤਾਧਾਰੀ ਪਾਰਟੀ ਆਪ ਨੂੰ ਕਰੜੇ ਹੱਥੀਂ ਲੈਂਦਿਆਂ ਮਹਿਲਾ ਕਿਸਾਨ ਨੇਤਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਨਾਮ ਨੂੰ ਵਰਤਣ ਵਾਲੀ ਇਹ ਨਵੀਂ ਪਾਰਟੀ ਸ਼ਹੀਦ-ਏ-ਆਜ਼ਮ ਦੀ ਸੋਚ ਤੋਂ ਕੋਹਾਂ ਦੂਰ ਹੈ ਅਤੇ ਪੰਜਾਬ ਦੇ ਲੋਕਾਂ ਦਾ ਬਹੁਤ ਜਲਦ ਇਸ ਪਾਰਟੀ ਤੋਂ ਮੋਹ ਭੰਗ ਹੋ ਚੁੱਕਾ ਹੈ। ਬੀਬਾ ਰਾਜੂ ਨੇ ਕਿਹਾ ਕਿ ਇਸ ਸਰਕਾਰ ਦੇ ਮੁੱਖ ਮੰਤਰੀ ਸਮੇਤ ਵੱਖ-ਵੱਖ ਮੰਤਰੀਆਂ ਨੇ ਪਿਛਲੇ ਇੱਕ ਸਾਲ ਦੌਰਾਨ ਕਿਸਾਨ ਜਥੇਬੰਦੀਆਂ ਨਾਲ ਦਰਜਨਾਂ ਮੀਟਿੰਗਾਂ ਦੌਰਾਨ ਭਰੋਸੇ ਦੇਣ ਦੇ ਬਾਵਜੂਦ ਵੀ ਅੱਜ ਤੱਕ ਕੋਈ ਵੱਡੀ ਮੰਗ ਪੂਰੀ ਨਹੀਂ ਕੀਤੀ।
ਉਨ੍ਹਾਂ ਦੋਸ਼ ਲਾਇਆ ਕਿ ਸ਼ੋਸ਼ਲ ਮੀਡੀਆ ਸਹਾਰੇ ਖੜੀ ਇਹ ਪਾਰਟੀ, ਸਰਕਾਰ ਅਤੇ ਇਹਨਾਂ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਿਛਲੇ ਦੋ ਸਾਲਾਂ ਤੋਂ ਸੂਬੇ ਦੇ ਕਿਸਾਨਾਂ ਨੂੰ ਗਰੰਟੀਆਂ ਦੇ ਕੇ ਧੋਖੇ ਵਿੱਚ ਰੱਖਿਆ ਹੈ। ਨਾ ਹੀ ਪੰਜਾਬ ਵਿੱਚੋਂ ਨਸ਼ੇ ਖਤਮ ਹੋਏ ਹਨ ਤੇ ਨਾ ਹੀ ਕਿਸਾਨਾਂ ਦੀਆਂ ਖੁਦਕਸ਼ੀਆਂ ਰੁਕੀਆਂ ਹਨ ਜਿਸ ਕਰਕੇ ਇਸ ਪਾਰਟੀ ਨੂੰ ਸਬਕ ਸਿਖਾਉਣ ਲਈ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਤੋਂ ਬਾਅਦ ਜਲੰਧਰ ਦੀ ਜ਼ਿਮਨੀ ਚੋਣ ਦੁਆਬੇ ਦੇ ਲੋਕਾਂ ਲਈ ਇੱਕ ਬਿਹਤਰ ਮੌਕਾ ਹੈ।
ਕਿਸਾਨ ਨੇਤਾ ਨੇ ਆਖਿਆ ਕਿ ਮਹਿਲਾ ਕਿਸਾਨ ਯੂਨੀਅਨ ਸਮੁੱਚੇ ਲੋਕ ਸਭਾ ਹਲਕੇ ਵਿੱਚ ਸਮੂਹ ਵੋਟਰਾਂ ਨੂੰ ਅਪੀਲ ਕਰੇਗੀ ਇਸ ਜ਼ਿਮਨੀ ਚੋਣ ਦੌਰਾਨ ਆਪ ਅਤੇ ਭਾਜਪਾ ਦਾ ਬਾਈਕਾਟ ਕਰਦੇ ਹੋਏ ਹੋਰ ਕਿਸੇ ਵੀ ਪਾਰਟੀ ਨੂੰ ਵੋਟ ਪਾ ਦਿੱਤੀ ਜਾਵੇ ਤਾਂ ਜੋ ਇਨ੍ਹਾਂ ਦੋਵੇਂ ਧਿਰਾਂ ਨੂੰ ਲੋਕ-ਰਾਏ ਦੀ ਕਦਰ ਕਰਨ ਅਤੇ ਆਮ ਲੋਕਾਂ ਦੀਆਂ ਮੰਗਾਂ ਦੀ ਪੂਰਤੀ ਕਰਨ ਲਈ ਸਬਕ ਸਿਖਾਇਆ ਜਾ ਸਕੇ।