
ਦਲਜੀਤ ਕੌਰ/ਨਵੀਂ ਦਿੱਲੀ, 1 ਮਈ, 2023: ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਜੰਤਰ-ਮੰਤਰ ਦਿੱਲੀ ਵਿਖੇ ਖਿਡਾਰੀਆਂ ਦੇ ਚੱਲ ਰਹੇ ਧਰਨੇ ਵਿੱਚ ਸ਼ਮੂਲੀਅਤ ਕਰਕੇ ਉਨ੍ਹਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਆਗੂ ਬ੍ਰਿਜ ਭੂਸ਼ਨ ਨੂੰ ਫੌਰੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਅੱਜ ਕਿਰਤੀ ਕਿਸਾਨ ਯੂਨੀਅਨ ਦੇ ਪੰਜਾਬ ਤੋਂ ਸੂਬਾ ਮੀਤ ਪ੍ਰਧਾਨ ਹਰਮੇਸ਼ ਸਿੰਘ ਢੇਸੀ, ਸੂਬਾ ਆਗੂ ਚਮਕੌਰ ਸਿੰਘ ਰੋਡੇ ਅਤੇ ਔਰਤ ਵਿੰਗ ਦੀ ਆਗੂ ਹਰਦੀਪ ਕੌਰ ਕੋਟਲਾ ਦੀ ਅਗਵਾਈ ਵਿੱਚ ਸ਼ਾਮਲ ਹੋਏ ਜਥੇ ਨੇ ਖਿਡਾਰੀਆਂ ਦੇ ਸੰਘਰਸ਼ ਨਾਲ ਇੱਕਮੁੱਠਤਾ ਪ੍ਰਗਟ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਹਰਦੀਪ ਕੌਰ ਕੋਟਲਾ ਨੇ ਕਿਹਾ ਕਿ ਇਹ ਸੰਘਰਸ਼ ਸਿਰਫ਼ ਔਰਤ ਪਹਿਲਵਾਨਾਂ ਦੇ ਹੱਕਾਂ ਦਾ ਨਹੀਂ ਰਿਹਾ ਬਲਕੇ ਸਮੁੱਚੇ ਤੌਰ ਤੇ ਔਰਤਾਂ ਦੇ ਮਾਨ ਸਨਮਾਨ ਦਾ ਸੰਘਰਸ਼ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਪਹਿਲਵਾਨਾਂ ਨਾਲ ਡਟ ਕੇ ਖੜੀ ਹੈ। ਉਨ੍ਹਾਂ ਕਿਹਾ ਕਿ ਪਹਿਲਾ ਹੀ ਦੇਸ਼ ਵਿੱਚ ਲੱਖਾਂ ਖਿਡਾਰੀਆਂ ਵਿੱਚੋਂ ਇੱਕ ਦੋ ਖਿਡਾਰੀ ਹੀ ਸੰਸਾਰ ਪੱਧਰ ਤੱਕ ਪਹੁੰਚਦੇ ਅਤੇ ਪੂਰੇ ਦੇਸ਼ ਦੇ ਸਨਮਾਨ ਵਿੱਚ ਵਾਧਾ ਕਰਦੇ ਹਨ ਅਜਿਹੇ ਖਿਡਾਰੀਆਂ ਨੂੰ ਵੀ ਇਨਸਾਫ਼ ਲੈਣ ਲਈ ਜੇਕਰ ਧਰਨੇ ਲਾਉਣੇ ਪੈ ਰਹੇ ਹਨ ਤਾਂ ਸਮਝਿਆ ਜਾ ਸਕਦਾ ਹੈ ਕਿ ਖਿਡਾਰੀ ਕਿਸ ਪੀੜ ਵਿਚੋਂ ਗੁਜ਼ਰ ਰਹੇ ਹਨ।
ਔਰਤ ਵਿੰਗ ਦੀ ਆਗੂ ਹਰਦੀਪ ਕੌਰ ਕੋਟਲਾ ਨੇ ਕਿਹਾ ਕਿ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲੱਗਣ ਅਤੇ ਐਫ ਆਈ ਆਰ ਹੋਣ ਦੇ ਬਾਵਜੂਦ ਅਪਰਾਧੀ ਪਿਛੋਕੜ ਵਾਲੇ ਬ੍ਰਿਜ ਭੂਸ਼ਨ ਨੂੰ ਅਜੇ ਤੱਕ ਗ੍ਰਿਫਤਾਰ ਨਾ ਕਰਨਾ ਭਾਜਪਾ ਦੀ ਔਰਤ ਵਿਰੋਧੀ ਮਾਨਸਿਕਤਾ ਨੂੰ ਪ੍ਰਗਟ ਕਰਦਾ ਜਿਸਦਾ ਪ੍ਰਗਟਾਵਾ ਪਹਿਲਾਂ ਵੀ ਬਿਲਕੀਸ ਬਾਨੋ ਵਰਗੇ ਕਈ ਮਾਮਲਿਆਂ ਵਿੱਚ ਪ੍ਰਗਟ ਹੋ ਚੁੱਕਾ ਹੈ।ਇਸ ਕਰਕੇ ਭਾਜਪਾ ਪਹਿਲਵਾਨਾਂ ਦੇ ਸੰਘਰਸ਼ ਨੂੰ ਬਦਨਾਮ ਕਰਨ ਅਤੇ ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਨੂੰ ਹੀ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕਰਕੇ ਇਨ੍ਹਾਂ ਖਿਡਾਰੀਆਂ ਦੇ ਗੌਰਵ ਨੂੰ ਸੱਟ ਮਾਰ ਰਹੀ ਹੈ। ਉਨ੍ਹਾਂ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕਰਦੇ ਹੋਏ ਖਿਡਾਰੀਆਂ ਦੇ ਸੰਘਰਸ਼ ਦੀ ਡੱਟ ਕੇ ਹਮਾਇਤ ਕਰਨ ਦਾ ਐਲਾਨ ਕੀਤਾ।
ਕਿਰਤੀ ਕਿਸਾਨ ਯੂਨੀਅਨ ਦੇ ਜਥੇ ਵਿਚ ਭੁਪਿੰਦਰ ਸਿੰਘ ਭੁੰਗਾ, ਕੁਲਵਿੰਦਰ ਸਿੰਘ ਚਾਹਲ, ਛਿੰਦਰਪਾਲ ਕੌਰ, ਸਵਰਨਜੀਤ ਕੌਰ ਰੋਡੇ, ਸਤਨਾਮ ਸਿੰਘ ਮੁਖਲਿਆਣਾ, ਜਸਮੇਲ ਸਿੰਘ, ਰਤਨ ਸਿੰਘ, ਮਨਿੰਦਰ ਸਿੰਘ ਆਦਿ ਸਮੇਤ ਹੋਰ ਮੈਂਬਰ ਵੀ ਸ਼ਾਮਲ ਸਨ।