
ਨਵੀਂ ਦਿੱਲੀ, 21 ਅਪਰੈਲ/ਸੀਬੀਆਈ ਨੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੂੰ ਏਜੰਸੀ ਸਾਹਮਣੇ ਪੇਸ਼ ਹੋ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਹੋਏ ਕਥਿਤ ਬੀਮਾ ਘੁਟਾਲੇ ਨਾਲ ਸਬੰਧਤ ਜਾਂਚ ’ਚ ਸ਼ਾਮਲ ਹੋਣ ਤੇ ਕੁਝ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਹੈ। ਮਲਿਕ ਨੂੰ 28 ਅਪਰੈਲ ਨੂੰ ਏਜੰਸੀ ਦੇ ਹੈੱਡਕੁਆਰਟਰ ਪਹੁੰਚਣ ਲਈ ਕਿਹਾ ਗਿਆ ਹੈ। ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਮਲਿਕ ਨੇ ਕਿਹਾ ਕਿ ਸੀਬੀਆਈ ਨੇ ਕੁਝ ਸਪੱਸ਼ਟੀਕਰਨ ਲੈਣ ਲਈ ਉਨ੍ਹਾਂ ਨੂੰ ਇੱਥੇ ਏਜੰਸੀ ਦੇ ਅਕਬਰ ਰੋਡ ਸਥਿਤ ਗੈਸਟ ਹਾਊਸ ’ਚ ਹਾਜ਼ਰ ਹੋਣ ਲਈ ਕਿਹਾ ਹੈ।
ਖਾਪ ਆਗੂ ਮਲਿਕ ਦੀ ਹਮਾਇਤ ’ਚ ਨਿੱਤਰੇ
ਝੱਜਰ: ਪੁਲਵਾਮਾ ਹਮਲੇ ਬਾਰੇ ਦਿੱਤੇ ਗਏ ਬਿਆਨ ਨਾਲ ਵਿਵਾਦਾਂ ’ਚ ਘਿਰੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੀ ਹਮਾਇਤ ’ਚ ਕਈ ਖਾਪਾਂ ਆ ਗਈਆਂ ਹਨ। ਵੱਖ ਵੱਖ ਖਾਪਾਂ ਨੇ ਸੱਤਿਆਪਾਲ ਮਲਿਕ ਦੀ ਹਮਾਇਤ ’ਚ ਭਲਕੇ ਦਿੱਲੀ ਦੇ ਆਰ ਕੇ ਪੁਰਮ ’ਚ ਸਮਾਗਮ ’ਚ ਹਿੱਸਾ ਲੈਣ ਦਾ ਫ਼ੈਸਲਾ ਲਿਆ ਹੈ। ਸਰਵ ਖਾਪ ਪੰਚਾਇਤ ਦੇ ਤਾਲਮੇਲ ਅਧਿਕਾਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਸਾਰੀਆਂ ਖਾਪਾਂ ਵੱਲੋਂ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪ ਕੇ ਮਲਿਕ ਦੀ ਨਿੱਜੀ ਸੁਰੱਖਿਆ ਬਹਾਲ ਕਰਨ ਦੀ ਮੰਗ ਕੀਤੀ ਜਾਵੇਗੀ।