April 13, 2026 3:23 pm

ਸੰਘ ਪਰਿਵਾਰ, ਮੋਦੀ-ਸ਼ਾਹ ਸਰਕਾਰ ਦੇ ਫਿਰਕੂ-ਫਾਸ਼ੀ ਹਮਲਿਆਂ ਖਿਲਾਫ਼ ਘੋਲ ਪ੍ਰਚੰਡ ਕਰੋ: ਪਾਸਲਾ   

Share:

ਦਲਜੀਤ ਕੌਰ/ਚੰਡੀਗੜ੍ਹ, 17 ਅਪ੍ਰੈਲ, 2023: ਮਾਰਕਸਿਸਟ ਕਮਿਊਨਿਸਟ ਪਾਰਟੀ ਆਫ ਇੰਡੀਆ-ਯੂਨਾਇਟਡ (ਐਮ.ਸੀ.ਪੀ.ਆਈ.-ਯੂ) ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਵੱਲੋਂ ‘ਬਾਬਾ ਮੱਖਣ ਸ਼ਾਹ ਲੁਬਾਣਾ ਭਵਨ’ ਚੰਡੀਗੜ੍ਹ ਵਿਖੇ ਇਕ ਬਹੁਤ ਹੀ ਪ੍ਰਭਾਵਸ਼ਾਲੀ ਕਨਵੈਨਸ਼ਨ ਸੱਦੀ ਗਈ ਜਿਸ ਵਿਚ ਦੋਨਾਂ ਪਾਰਟੀਆਂ ਦੇ ਸਰਕਰਦਾ ਕਾਰਕੁੰਨਾਂ ਤੋਂ ਇਲਾਵਾ ਨਾਮਵਰ ਬੁੱਧੀਜੀਵੀਆਂ ਅਤੇ ਹੋਰ ਕੱਦਾਵਰ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਵਸ ਨੂੰ ਸਮਰਪਿਤ ਇਸ ਕਨਵੈਨਸ਼ਨ ਦੀ ਪ੍ਰਧਾਨਗੀ ਤਾਮਿਲਨਾਡੂ ਦੇ ਹੰਢੇ-ਵਰਤੇ ਕਮਿਊਨਿਸਟ ਆਗੂ ਸਾਥੀ ਕੇ. ਗੰਗਾਥਰਨ ਅਤੇ ਪੰਜਾਬ ਤੋਂ ਸਾਥੀ ਮੰਗਤ ਰਾਮ ਲੌਂਗੋਵਾਲ ਨੇ ਕੀਤੀ।
ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਐਮ.ਸੀ.ਪੀ.ਆਈ .-ਯੂ ਦੇ ਜਨਰਲ ਸਕੱਤਰ ਸਾਥੀ ਐਮ ਅਸ਼ੋਕ ਓਮਕਾਰ ਨੇ ਮੁੱਖ ਬੁਲਾਰਿਆਂ ਵਜੋਂ ਕਨਵੈਨਸ਼ਨ ਨੂੰ ਸੰਬੋਧਨ ਕੀਤਾ। ਸਾਥੀ ਕਿਰਨਜੀਤ ਸਿੰਘ ਸੇਖੋਂ, ਸਾਥੀ ਰਜਿੰਦਰ ਪਰਾਂਜਪੇ, ਸਾਥੀ ਹਰਕੰਵਲ ਸਿੰਘ ਅਤੇ ਸਾਥੀ ਸ਼੍ਰੀ ਕੁਮਾਰ ਨੇ ਵੀ ਵਿਚਾਰ ਰੱਖੇ। ਮੰਚ ਸੰਚਾਲਕ ਦੇ ਫਰਜ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਨਿਭਾਏ। ਸਰਵ ਸਾਥੀ ਮਹਿੰਦਰ ਨੇਹ, ਰਤਨ ਸਿੰਘ ਰੰਧਾਵਾ, ਅਨੁਭਵ ਦਾ ਸ਼ਾਸਤਰੀ, ਗੁਰਨਾਮ ਸਿੰਘ ਦਾਊਦ, ਕੇ.ਟੀ. ਨਾਗਾਭੂਸ਼ਣ, ਮਹੀਪਾਲ, ਜੀ.ਰਵੀ, ਸੱਜਣ ਸਿੰਘ ਮੁਹਾਲੀ, ਰਾਜਾਦਾਸ, ਸੀ.ਡੀ. ਪ੍ਰਸਾਦ, ਪੀ. ਓਪਿੰਦਰ ਰੈੱਡੀ ਵੀ ਮੰਚ ‘ਤੇ ਸੁਸ਼ੋਭਿਤ ਸਨ।
ਬੁਲਾਰਿਆਂ ਨੇ ਕਿਹਾ ਕਿ ਭਾਰਤ ਅੰਦਰ ਸਮਾਜਕ ਤਬਦੀਲੀ ਦੇ ਮਾਨਵਤਾਵਾਦੀ ਸੰਗਰਾਮ ਦੀ ਸਫਲਤਾ ਲਈ ਅਤੇ ਫੌਰੀ ਤੌਰ ‘ਤੇ ਫਿਰਕੂ-ਫਾਸ਼ੀ ਨਿਜ਼ਾਮ ਖਿਲਾਫ਼ ਯੁੱਧ ਪ੍ਰਚੰਡ ਕਰਨ ਅਤੇ ਸਿਰੇ ਦੇ ਰਾਜਨੀਤਕ ਨਿਘਾਰ ਦਾ ਟਾਕਰਾ ਕਰਨ ਲਈ ਖੱਬੀਆਂ ਸ਼ਕਤੀਆਂ ਦੀ ਇਕਜੁੱਟਤਾ ਕਾਇਮ ਕਰਦਿਆਂ ਸਾਂਝੇ ਘੋਲ ਵਿੱਢਣੇ ਅਜੋਕੇ ਸਮੇਂ ਦਾ ਸਭ ਤੋਂ ਅਹਿਮ ਕਾਰਜ ਹੈ। ਇਸੇ ਸੇਧ ਅਨੁਸਾਰ ਠੋਸ ਵਿਉਂਤਬੰਦੀ ਕਰਦਿਆਂ, ਦੋਹਾਂ ਪਾਰਟੀਆਂ ਦੀਆਂ ਸਰਵ ਉੱਚ ਕਮੇਟੀਆਂ, ਪੋਲਿਟ ਬਿਊਰੋ ਅਤੇ ਸਟੈਂਡਿੰਗ ਕਮੇਟੀ ਦੇ ਮੈਂਬਰਾਂ ਦੀ ਬੀਤੇ ਕੱਲ੍ਹ ਕਿਸਾਨ ਭਵਨ ਵਿਖੇ ਹੋਈ ਸਾਂਝੀ ਮੀਟਿੰਗ ਵੱਲੋਂ ਦੋਵਾਂ ਪਾਰਟੀਆਂ ਦੇ ਏਕੀਕਰਨ ਦੀ ਪ੍ਰਕਿਰਿਆ ਨੂੰ ਸਿਰੇ ਚਾੜ੍ਹਨ ਅਤੇ ਭਵਿੱਖ ਵਿੱਚ ਦੇਸ਼ ਵਿਆਪੀ ਸਾਂਝੀਆਂ ਰਾਜਸੀ ਤੇ ਜਨਤਕ ਸਰਗਰਮੀਆਂ ਤੇਜ਼ ਕਰਨ ਲਈ 22 ਮੈਂਬਰੀ ‘ਕਮਿਊਨਿਸਟ ਕੋਆਰਡੀਨੇਸ਼ਨ ਕਮੇਟੀ’ (ਸੀ.ਸੀ.ਸੀ.) ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਹਾਜ਼ਰ ਨੁਮਾਇੰਦਿਆਂ ਸਨਮੁੱਖ ਸਾਂਝੀ ਮੀਟਿੰਗ ਵੱਲੋਂ ਤਿਆਰ ਕੀਤੇ ਗਏ “ਚੰਡੀਗੜ੍ਹ ਐਲਾਨ ਨਾਮੇ” ਦਾ ਖਾਕਾ ਪੇਸ਼ ਕਰਦਿਆਂ ਦੱਸਿਆ ਕਿ ਦੇਸ਼ ਭਰ ਵਿੱਚ ‘ਕੌਮਾਂਤਰੀ ਮਜ਼ਦੂਰ ਦਿਹਾੜਾ’ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਸਾਂਝੇ ਤੌਰ ‘ਤੇ ਮਨਾਏ ਜਾਣ ਉਪਰੰਤ ਨਵੀਂ ਦਿੱਲੀ ਵਿਖੇ ਹੋਣ ਵਾਲੀ ਸੀ.ਸੀ.ਸੀ. ਦੀ ਪਲੇਠੀ ਮੀਟਿੰੰਗ ਵਿੱਚ ਭਵਿੱਖ ਦੀਆਂ ਸਿਧਾਂਤਕ-ਵਿਚਾਰਧਾਰਕ ਸਰਗਰਮੀਆਂ ਅਤੇ ਰਾਜਸੀ ਤੇ ਜਨਤਕ ਸੰਗਰਾਮਾਂ ਦੀ ਰੂਪ-ਰੇਖਾ ਉਲੀਕੀ ਜਾਵੇਗੀ। ਕਨਵੈਨਸ਼ਨ ਵਿੱਚ ਹਾਜ਼ਰ ਪ੍ਰਤੀਨਿਧਾਂ ਨੇ ਸਾਂਝੀ ਮੀਟਿੰਗ ਵੱਲੋਂ ਕੀਤੇ ਗਏ ਇਤਿਹਾਸਕ ਫੈਸਲਿਆਂ ਦਾ ਆਕਾਸ਼ ਗੂੰਜਾਊ ਨਾਹਰਿਆਂ ਨਾਲ ਜ਼ੋਰਦਾਰ ਸਮਰਥਨ ਕੀਤਾ।
ਕਨਵੈਨਸ਼ਨ ਵੱਲੋਂ ਪਾਸ ਕੀਤੇ ਗਏ ਮੁੱਖ ਮਤੇ ਰਾਹੀਂ ਲੋਕਰਾਜ, ਧਰਮ ਨਿਰਪੱਖਤਾ ਅਤੇ ਫੈਡਰਲਿਜ਼ਮ ‘ਤੇ ਕੀਤੇ ਜਾ ਰਹੇ ਮੋਦੀ-ਸ਼ਾਹ ਸਰਕਾਰ ਦੇ ਘਾਤਕ ਹਮਲਿਆਂ ਤੇ ਘੱਟ ਗਿਣਤੀਆਂ ਖਿਲਾਫ਼ ਫੈਲਾਈ ਜਾ ਰਹੀ ਫਿਰਕੂ-ਵੰਡਵਾਦੀ ਘਿਰਣਾ ਖਿਲਾਫ਼; ਸੰਵਿਧਾਨ ਵਿਚਲੀਆਂ ਜਮਹੂਰੀ ਕਦਰਾਂ-ਕੀਮਤਾਂ ਅਤੇ ਸੰਵਿਧਾਨਕ ਸੰਸਥਾਵਾਂ ਦੇ ਕੀਤੇ ਜਾ ਰਹੇ ਭਗਵਾਂਕਰਨ ਵਿਰੁੱਧ; ਸੰਘ ਪਰਿਵਾਰ ਦੇ ਪਿਛਾਂਹਖਿੱਚੂ, ਮਨੂੰਵਾਦੀ ਹਮਲਿਆਂ ਅਤੇ ਦਲਿਤਾਂ, ਇਸਤਰੀਆਂ ਤੇ ਹੋਰ ਲੁੱਟੇ-ਲਿਤਾੜੇ ਤਬਕਿਆਂ ‘ਤੇ ਨਿੱਤ ਦਿਨ ਵਧ ਰਹੇ ਅੱਤਿਆਚਾਰਾਂ ਦੇ ਖਾਤਮੇ ਲਈ; ਕੇਂਦਰੀ ਅਤੇ ਪ੍ਰਾਂਤਕ ਸਰਕਾਰਾਂ ਦੀਆਂ ਨਵ ਉਦਾਰਵਾਦੀ ਨੀਤੀਆਂ, ਖਾਸ ਕਰਕੇ ਕਾਰਪੋਰੇਟਾਂ ਦੀ ਮੁਨਾਫ਼ਿਆਂ ਦੀ ਬੇਕਾਬੂ ਹਵਸ ਪੂਰੀ ਕਰਨ ਲਈ ਲਈ ਜਨਤਕ ਅਦਾਰਿਆਂ ਦੀ ਕੀਤੀ ਜਾ ਰਹੀ ਬਰਬਾਦੀ ਅਤੇ ਨਿਜੀਕਰਣ ਖਿਲਾਫ; ਕਿਰਤ ਕਾਨੂੰਨਾਂ ‘ਚ ਕਾਰਪੋਰੇਟ ਪੱਖੀ ਸੋਧਾਂ ਕਰਨ ਅਤੇ ਸਮਾਜਿਕ ਸੁਰੱਖਿਆ ਤੇ ਸਮਾਜ ਭਲਾਈ ਦੀਆਂ ਮੱਦਾਂ ‘ਚ ਕੀਤੀ ਜਾ ਰਹੀ ਕਟੌਤੀ ਵਿਰੁੱਧ; ਹਰ ਪੱਧਰ ‘ਤੇ ਫੈਲੇ ਭ੍ਰਿਸ਼ਟਾਚਾਰ ਤੇ ਸੰਸਥਾਗਤ ਲੁੱਟ ਦਾ ਖਾਤਮਾ ਕਰਨ ਅਤੇ ਲੋਕਾਈ ਦੇ ਮਸਲੇ ਹੱਲ ਕਰਨ ਪੱਖੋਂ ਸਰਕਾਰ ਦੀ ਘੋਰ ਅਸਫਲਤਾ ਵਿਰੁੱਧ; ਬੇਗੁਨਾਹਾਂ ‘ਤੇ ਢਾਹੇ ਜਾ ਰਹੇ ਪੁਲਸ-ਪ੍ਰਸ਼ਾਸਨਿਕ ਜਬਰ ਵਿਰੁੱਧ ਅਤੇ ਕਿਰਤੀ ਲੋਕਾਈ ਦੇ ਭਖਵੇਂ ਮਸਲਿਆਂ ਦੇ ਹੱਲ ਲਈ ਦੇਸ਼ ਪੱਧਰ ‘ਤੇ ਸਾਂਝੇ ਸੰਘਰਸ਼ ਛੇੜਨ ਦਾ ਐਲਾਨ ਕੀਤਾ ਗਿਆ ਹੈ। ਮਤੇ ਰਾਹੀਂ 2024 ‘ਚ ਹੋਣ ਰਹੀਆਂ ਆਮ ਚੋਣਾਂ ਵਿੱਚ ਕਾਰਪੋਰੇਟ ਪੱਖੀ, ਫਿਰਕੂ-ਫਾਸਿਸਟ ਮੋਦੀ ਸਰਕਾਰ ਨੂੰ ਭਾਂਜ ਦੇਣ ਲਈ ਖੱਬੀਆਂ- ਪ੍ਰਗਤੀਸ਼ੀਲ ਤਾਕਤਾਂ ਅਤੇ ਇਨਸਾਫਪਸੰਦ ਧਿਰਾਂ ਤੇ ਸ਼ਖਸੀਅਤਾਂ ਦਰਮਿਆਨ ਵਿਆਪਕ ਏਕਤਾ ਕਾਇਮ ਕਰਨ ਲਈ ਹਰ ਵਸੀਲੇ ਯਤਨ ਜੁਟਾਉਣ ਦਾ ਸੰਕਲਪ ਲਿਆ ਗਿਆ ਹੈ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news