
ਹੁਸ਼ਿਆਰਪੁਰ, 17 ਅਪ੍ਰੈਲ (ਤਰਸੇਮ ਦੀਵਾਨਾ) ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਵਾਇਰਲ ਹੋ ਰਹੀ ਵੀਡੀਓ ਤੇ ਪ੍ਰਤੀਕਿਰਿਆ ਦਿੰਦਿਆ ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲ੍ਹਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਕਿ ਵੀਡੀਓ ਵਿਚ ਲੜਕੀ ਦਾ ਵਤੀਰਾ ਗੁਰੂ ਘਰ ਪ੍ਰਤੀ ਸ਼ਰਧਾ ਭਾਵਨਾ ਵਾਲਾ ਨਹੀਂ ਸੀ। ਉਨ੍ਹਾ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਲੜਕੀ ਜੋ ਮੂੰਹ ਤੇ ਤਿਰੰਗੇ ਦਾ ਨਿਸ਼ਾਨ ਬਣਾਕੇ ਇੱਕ ਆਦਮੀ ਦੇ ਨਾਲ ਘੰਟਾ-ਘਰ ਡਿਉਡੀ ਵਾਲੀ ਸਾਈਡ ਤੋਂ ਦਰਬਾਰ ਸਾਹਿਬ ਅੰਦਰ ਦਾਖਲ ਹੋਣ ਲੱਗੀ ਨੂੰ ਡਿਊਟੀ ਤੇ ਹਾਜ਼ਰ ਸੇਵਾਦਾਰ ਨੇ ਮੂੰਹ ਤੇ ਤਿਰੰਗੇ ਦੇ ਬਣਾਏ ਨਿਸ਼ਾਨ ਦਾ ਨੋਟਿਸ ਲੈਂਦਿਆਂ ਅੰਦਰ ਜਾਣ ਤੇ ਇਤਰਾਜ਼ ਕੀਤਾ। ਇਹ ਲੜਕੀ ਸਬੰਧਿਤ ਸੇਵਾਦਾਰ ਨਾਲ ਗਲਤ ਭਾਸ਼ਾ ਨਾਲ ਪੇਸ਼ ਆਈ ਜਿਸਦੀ ਸ਼ਬਦਾਵਲੀ ਮੀਡੀਏ ਤੇ ਸਪੱਸ਼ਟ ਸੁਣਾਈ ਦੇ ਰਹੀ ਹੈ। ਉਨ੍ਹਾ ਕਿਹਾ ਕਿ ਜਿੰਨਾ ਇਸ਼ੂ ਮੀਡੀਏ ਰਾਹੀਂ ਵਾਇਰਲ ਹੋ ਰਿਹਾ ਹੈ ਉਸ ਵਿੱਚ ਇਹ ਗੱਲ ਸਪੱਸ਼ਟ ਹੋ ਰਹੀ ਹੈ ਕਿ ਇਹ ਸਬੰਧਤ ਲੜਕੀ ਆਪਣੇ ਸਾਥੀ ਨਾਲ ਕਿਸੇ ਸ਼ਰਾਰਤੀ ਤੇ ਸਾਜਿਸ਼ੀ ਨਜ਼ਰੀਏ ਤੋਂ ਹੀ ਸ੍ਰੀ ਦਰਬਾਰ ਸਾਹਿਬ ਆਈ ਹੈ ਕੇਵਲ ਸ਼ਰਧਾ ਭਾਵਨਾ ਨਾਲ ਨਹੀਂ। ਉਨ੍ਹਾ ਕਿਹਾ ਕਿ ਸ਼ਰਾਰਤੀ ਮੀਡੀਏ ਨੂੰ ਨਾਲ ਲਿਆ ਕਿ ਉਸਦੇ ਸਾਹਮਣੇ ਸੇਵਾਦਾਰ ਨਾਲ ਗਲਤ ਅੰਦਾਜ਼ ਨਾਲ ਪੇਸ਼ ਅਉਣਾ ਤੇ ਉਸਨੂੰ “ਬਕਵਾਸ ਨਾ ਕਰੇਂ” ਵਰਗੇ ਸ਼ਬਦਾਂ ਦਾ ਇਸਤੇਮਾਲ ਕਰਨਾ ਅਜਿਹੇ ਰਵੱਈਏ ਦਾ ਪ੍ਰਗਟਾਵਾ ਕਿਸੇ ਤਰ੍ਹਾ ਵੀ ਉਸਦੀ ਸ਼ਰਧਾ ਭਾਵਨਾ ਨੂੰ ਜਾਹਿਰ ਨਹੀਂ ਕਰਦਾ। ਉਸਦੀ ਸ਼ਰਾਰਤ ਤੇ ਸਾਜ਼ਿਸ਼ ਸਪੱਸ਼ਟ ਨਜਰ ਆਉਂਦੀ ਹੈ। ਦੂਸਰੀ ਗੱਲ ਇਹ ਵੀ ਸਪੱਸ਼ਟ ਕਰਨੀ ਬਣਦੀ ਹੈ ਕਿ ਸ੍ਰੀ ਦਰਬਾਰ ਸਾਹਿਬ ਰੋਜਾਨਾ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ਼ਰਧਾ ਭਾਵਨਾ ਨਾਲ ਦਰਸ਼ਨ ਕਰਨ ਆਂਉਂਦੀਆਂ ਹਨ। ਕਿਸੇ ਨਾਲ ਕਿਸੇ ਤਰਾਂ ਦਾ ਕੋਈ ਮੱਤ ਭੇਦ ਜਾਂ ਵਿਤਕਰਾ ਨਹੀਂ ਕੀਤਾ ਜਾਂਦਾ। ਸਿੱਖ ਕੌਮ ਵਾਸਤੇ ਸ੍ਰੀ ਦਰਬਾਰ ਸਾਹਿਬ ਦਰਸ਼ਨ ਦੀਦਾਰ ਕਰਨ ਆਇਆ ਹਰ ਸ਼ਰਧਾਲੂ ਸਤਿਕਾਰ ਦਾ ਪਾਤਰ ਹੈ। ਪਰ ਅਜਿਹੇ ਸ਼ਰਾਰਤੀ ਅਨਸਰਾਂ ਤੇ ਨਜ਼ਰ ਰੱਖਣਾ ਪ੍ਰਬੰਧ ਦਾ ਹਿੱਸਾ ਹੈ। ਅਜਿਹੀਆਂ ਸ਼ਰਾਰਤੀ ਤੇ ਸਾਜਿਸ਼ੀ ਘਟਨਾਵਾਂ ਪਹਿਲਾਂ ਵੀ ਕਈ ਵਾਰੀ ਵਾਪਰ ਚੁੱਕੀਆਂ ਹਨ। ਉਨ੍ਹਾ ਕਿਹਾ ਕਿ ਇਹ ਜਿਸ ਸਬੰਧਤ ਸੇਵਾਦਾਰ ਨੇ ਆਪਣੀ ਡਿਊਟੀ ਦੌਰਾਨ ਇਸ ਹਰਕਤ ਦਾ ਨੋਟਿਸ ਲਿਆ ਉਸਨੇ ਬੜੇ ਸਲੀਕੇ, ਜਿਮੇਵਾਰੀ ਤੇ ਦਿਆਨਤਦਾਰੀ ਨਾਲ ਆਪਣੀ ਡਿਊਟੀ ਕੀਤੀ ਹੈ, ਉਨ੍ਹਾ ਕਿਹਾ ਕਿ ਜਿਹੜੇ ਲੋਕ ਸ੍ਰੀ ਦਰਬਾਰ ਸਾਹਿਬ ਦੀ ਮਰਯਾਦਾ ਤੇ ਪ੍ਰਬੰਧ ਵਿੱਚ ਬੇਲੋੜੀ ਦਖਲ ਅੰਦਾਜੀ ਤੇ ਇਸ ਘਟਨਾ ਨੂੰ ਪੁੱਠੀ ਤੂਲ ਦੇ ਰਹੇ ਹਨ ਉਹ ਆਪਣੀਆਂ ਇਹਨਾਂ ਗੰਦੀਆਂ ਹਰਕਤਾਂ ਤੋਂ ਬਾਜ ਆਉਣ ਤੇ ਆਪਣੀ ਇਸ ਕਮੀਨੀ ਸੋਚ ਨੂੰ ਆਪਣੇ ਤੱਕ ਹੀ ਸੀਮਤ ਰੱਖਣ। ਸਬੰਧਤ ਚੈਨਲ ਜਿਸਦਾ ਇਸ ਘਟਨਾ ਸੰਬੰਧੀ ਕੋਈ ਉਸਾਰੂ ਰੋਲ ਸਾਹਮਣੇ ਨਹੀਂ ਆਇਆ ਉਸਨੂੰ ਵੀ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਉਹ ਸਹੀ ਪੱਖ ਹੀ ਲੋਕਾਂ ਸਾਹਮਣੇ ਪੇਸ਼ ਕਰਨ ਦੀ ਖੇਚਲ ਕਰਨ। ਉਨ੍ਹਾ ਕਿਹਾ ਕਿ ਹਾਲਾਤਾਂ ਨੂੰ ਅਮਨਮਈ ਅਤੇ ਸਦਭਾਵਨਾ ਵਾਲਾ ਬਨ੍ਹਾਉਣ ਤੇ ਰੱਖਣ ਵਿੱਚ ਮੀਡੀਏ ਦੀ ਬੜੀ ਵੱਡੀ ਜ਼ੁੰਮੇਵਾਰੀ ਹੁੰਦੀ ਹੈ।