
ਦਲਜੀਤ ਕੌਰ/ਚੰਡੀਗੜ੍ਹ/ਜਲੰਧਰ, 17 ਅਪ੍ਰੈਲ, 2023: ਅਤੀਕ ਅਹਿਮਦ ਅਤੇ ਉਸਦੇ ਭਰਾ ਅਸ਼ਰਫ ਦੀ ਪੁਲੀਸ ਹਿਰਾਸਤ ਵਿੱਚ ਕੀਤੇ ਹਮਲੇ ’ਚ ਕਤਲ ਕੀਤੇ ਜਾਣਾ ਅਤੇ ਪੁਲੀਸ ਵਲੋਂ ਕੋਈ ਵੀ ਜਵਾਬੀ ਕਾਰਵਾਈ ਨਾ ਕਰਨਾ ਯੂਪੀ ’ਚ ਅਦਿੱਤਿਆ ਨਾਥ ਯੋਗੀ ਦੇ ਜੰਗਲ ਰਾਜ ਦੀ ਮੂੰਹ ਬੋਲਦੀ ਤਸਵੀਰ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੇ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ ਨੇ ਪ੍ਰੈੱਸ ਬਿਆਨ ਰਾਹੀਂ ਕੀਤਾ।
ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ 13 ਅਪ੍ਰੈਲ ਨੂੰ ਉਸਦੇ ਪੁੱਤਰ ਅਤੇ ਇੱਕ ਹੋਰ ਸਾਥੀ ਨੂੰ ਪੁਲੀਸ ਮੁਕਾਬਲੇ ’ਚ ਮਾਰ ਦਿੱਤਾ ਗਿਆ ਸੀ। ਇਉਂ ਲੱਗਦਾ ਹੈ ਕਿ ਆਰ.ਐਸ.ਐਸ.-ਭਾਜਪਾ ਦੀਆਂ ਸਰਕਾਰਾਂ ਦਾ ਆਪਣੀ ਹੀ ਨਿਆਂਪਾਲਿਕਾ ਅਤੇ ਕਾਨੂੰਨ ਦੇ ਰਾਜ ਤੋਂ ਵਿਸ਼ਵਾਸ਼ ਉਠ ਗਿਆ ਹੈ ਅਤੇ ਇਹ ਅਧਿਕਾਰ ਕਾਰਜਪਾਲਿਕਾ ਨੇ ਆਪਣੇ ਹੱਥ ਵਿੱਚ ਲੈ ਲਏ ਹਨ। ਕੁੱਝ ਅਰਸਾ ਪਹਿਲਾਂ ਹਰਿਆਣਾ-ਰਾਜਸਥਾਨ ਰਾਜਾਂ ਦੀ ਹੱਦ ਉੱਪਰ ਮੁਸਲਮਾਨ ਭਾਈਚਾਰੇ ਨਾਲ ਸੰਬੋਧਤ ਦੋ ਨੌਜਵਾਨਾਂ ਨੂੰ ਜਿਉਂਦਿਆਂ ਸਾੜ ਦਿੱਤਾ ਗਿਆ ਸੀ। ਉਹਨਾਂ ਉੱਪਰ ਗਊਆਂ ਮਾਰਨ ਦਾ ਦੋਸ਼ ਲਾ ਕੇ ਅਖੌਤੀ ਗਊ ਰਕਸ਼ਕਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਆਰ.ਐਸ.ਐਸ. ਅਤੇ ਭਾਜਪਾ ਘੱਟਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਨੂੰ ਚੋਣਵਾਂ ਨਿਸ਼ਾਨਾ ਬਣਾ ਰਹੀਆਂ ਹਨ। ਉਹਨਾਂ ਖਿਲਾਫ ਨਫ਼ਰਤੀ ਮਹੌਲ ਬਣਾਇਆ ਜਾ ਰਿਹਾ ਹੈ। ਉਹਨਾਂ ਦੇ ਧਾਰਮਿਕ ਸਥਾਨਾਂ ਉੱਪਰ ਹਮਲੇ ਅਤੇ ਧਾਰਮਿਕ ਸਮਾਗਮਾਂ ਸਮੇਂ ਹਿੰਸਾ ਫੈਲਾਉਣੀ ਆਮ ਵਰਤਾਰਾ ਬਣ ਗਿਆ ਹੈ।
ਉਨ੍ਹਾਂ ਕਿਹਾ ਕਿ ਭਾਜਪਾ-ਆਰ.ਐਸ.ਐਸ. ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਡਰ ਅਤੇ ਦਹਿਸ਼ਤ ਦਾ ਮਹੌਲ ਬਣਾ ਕੇ ਫਿਰਕੂ ਵੰਡ ਰਾਹੀਂ ਵੋਟਾਂ ਦਾ ਧਰੁਵੀਕਰਨ ਕਰਕੇ ਚੁਣੀ ਹੋਈ ਤਾਨਾਸ਼ਾਹੀ ਦਾ ਰਾਜ ਸਥਾਪਤ ਕਰਨਾ ਚਾਹੁੰਦੀ ਹੈ। ਜੰਮੂ ਕਸ਼ਮੀਰ ਤੋਂ ਬਾਅਦ ਪਿਛਲੇ ਸਮੇਂ ’ਚ ਖਾਲਿਸਤਾਨ ਦਾ ਹਊਆ ਖੜਾ ਕਰਕੇ ਦਹਿਸ਼ਤ ਦਾ ਮਹੌਲ ਬਣਾਇਆ ਗਿਆ। ਪੰਜਾਬ ’ਚ ਅਰਧ-ਸੈਨਿਕ ਬਲਾਂ ਦੀ ਤੈਨਾਤੀ, ਸ਼ਹਿਰਾਂ ’ਚ ਹਰ ਰੋਜ ਫਲੈਗ ਮਾਰਚ, ਇੰਟਰਨੈਟ ਸੇਵਾ ਬੰਦ ਕਰਨਾ, ਐਨ.ਐਸ.ਏ. ਵਰਗੀਆਂ ਧਾਰਾਵਾਂ ਲਾਗੂ ਕਰਨੀਆਂ, ਉਹਨਾਂ ਦੀ ਚੁਣਾਵੀ ਸੱਤਾ ਪ੍ਰਾਪਤੀ ਦੀ ਮੁਹਿੰਮ ਦਾ ਹਿੱਸਾ ਹੈ। ਉਹਨਾਂ ਲੋਕਾਂ ਨੂੰ ਸਰਕਾਰ ਦੀਆਂ ਕਾਨੂੰਨ ਵਿਰੋਧੀ ਅਤੇ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਦੇ ਹੋਏ ਜਮਾਤੀ ਏਕਤਾ ਉਸਾਰ ਕੇ ਸੰਘਰਸ਼ ਦੇ ਰਾਹ ਪੈਣ ਦਾ ਸੱਦਾ ਦਿੱਤਾ।