
ਦਲਜੀਤ ਕੌਰ/ਚੰਡੀਗੜ੍ਹ, 16 ਅਪ੍ਰੈਲ, 2023: ਡੇਢ ਦਹਾਕੇ ਤੋਂ ਕੱਚੇ ਰੁਜ਼ਗਾਰ ਅਤੇ ਨਿਗੁਣੀਆਂ ਤਨਖਾਹਾਂ ਦਾ ਸੰਤਾਪ ਭੁਗਤ ਰਹੇ ਪੰਜਾਬ ਦੇ ਕੱਚੇ ਅਧਿਆਪਕਾਂ ਲਈ ਮੌਜੂਦਾ ਸਰਕਾਰ ਵੱਲੋਂ ਪਹਿਲੀਆਂ ਨਾਲੋਂ ਬਦਲਾਅ ਹੋਣ ਦਾ ਨਾਅਰਾ ਬਦਰੰਗ ਹੁੰਦਾ ਨਜ਼ਰ ਆ ਰਿਹਾ ਹੈ। ਤਾਜ਼ਾ ਮਾਮਲੇ ਤਹਿਤ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਲੰਘੀ 11 ਅਪ੍ਰੈਲ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਅਧਿਆਪਕ ਜਥੇਬੰਦੀਆਂ ਦੀ ਮੀਟਿੰਗ ਤੋਂ ਪਹਿਲਾਂ ਮੰਤਰੀ ਦੇ ਦੇਰੀ ਨਾਲ ਆਉਣ ਕਾਰਨ ਨਾਅਰੇਬਾਜ਼ੀ ਦਾ ਹਵਾਲਾ ਦੇ ਕੇ, ਛੇ ਹਾਜ਼ਰ ਮਹੀਨਾ ਤਨਖਾਹ ਲੈਣ ਵਾਲੇ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ 2 ਕੱਚੇ ਵਲੰਟੀਅਰ ਅਧਿਆਪਕਾਂ ਨੂੰ ਸੇਵਾਵਾਂ ਬਰਖ਼ਾਸਤ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਨੇ ਸਿੱਖਿਆ ਮੰਤਰੀ ਦੇ ਇਸ ਫੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਡੇਢ ਦਹਾਕੇ ਤੋਂ ਸੇਵਾਵਾਂ ਨਿਭਾਅ ਰਹੇ 13 ਹਜ਼ਾਰ ਦੇ ਕਰੀਬ ਈ.ਜ਼ੀ.ਐੱਸ., ਏ.ਆਈ.ਈ., ਐੱਸ.ਟੀ.ਆਰ., ਆਈ.ਈ.ਵੀ. ਵਲੰਟੀਅਰ ਅਧਿਆਪਕਾਂ ਅਤੇ ਸਿੱਖਿਆ ਪ੍ਰੋਵਾਇਡਰ ਅਧਿਆਪਕਾਂ ਵੱਲੋਂ ਸੇਵਾਵਾਂ ਰੈਗੂਲਰ ਕਰਨ ਲਈ ਵੱਖ-ਵੱਖ ਸਰਕਾਰਾਂ ਖਿਲਾਫ਼ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਪਿਛਲੀ ਕਾਂਗਰਸ ਸਰਕਾਰ ਵੇਲੇ ਵੀ ਇਹਨਾਂ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਦੇ ਮੋਹਾਲੀ ਵਿਖੇ ਸਥਿਤ ਮੁੱਖ ਦਫ਼ਤਰ ਅੱਗੇ 6 ਮਹੀਨੇ ਧਰਨਾ ਦਿੱਤਾ ਗਿਆ ਸੀ, ਜਿਸ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਇਹਨਾਂ ਅਧਿਆਪਕਾਂ ਨੂੰ ਸਰਕਾਰ ਆਉਣ ‘ਤੇ ਪੱਕੇ ਕਰਨ ਤੇ ਤਨਖਾਹ ਵਾਧੇ ਦਾ ਭਰੋਸਾ ਦਿੱਤਾ ਗਿਆ ਸੀ। ਪ੍ਰੰਤੂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਵਰ੍ਹੇ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਇਹਨਾਂ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਐਲਾਨ ਵੀ 7 ਮਹੀਨੇ ਲੰਘਣ ਦੇ ਬਾਵਜੂਦ ਪੂਰਾ ਨਹੀਂ ਹੋਇਆ ਹੈ ਅਤੇ ਬਹੁਤ ਸਾਰੇ ਅਧਿਆਪਕ ਸਰਕਾਰ ਵੱਲੋਂ ਲਗਾਈ 10 ਸਾਲ ਦੀ ਸੇਵਾ ਪੂਰੀ ਹੋਣ ਦੀ ਸ਼ਰਤ ਤੋਂ ਵੀ ਬਾਹਰ ਹੋਣ ਕਾਰਨ ਰੈਗੂਲਰ ਲਈ ਵਿਚਾਰੇ ਹੀ ਨਹੀਂ ਜਾ ਰਹੇ ਹਨ।
ਡੀ.ਟੀ.ਐੱਫ. ਆਗੂਆਂ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਰਘਵੀਰ ਸਿੰਘ ਭਵਾਨੀਗੜ੍ਹ, ਜਸਵਿੰਦਰ ਔਜਲਾ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ, ਸੁਖਦੇਵ ਡਾਨਸੀਵਾਲ ਨੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਆਰਡਰ ਜ਼ਾਰੀ ਕਰਨ ਦੀ ਥਾਂ, ਮਨਘੜਤ ਤੇ ਇੱਕਪਾਸੜ ਦੋਸ਼ ਲਗਾ ਕੇ ਬਰਖ਼ਾਸਤਗੀ ਦੇ ਆਰਡਰ ਜ਼ਾਰੀ ਹੋਣ ਨੂੰ ਸਿੱਖਿਆ ਮੰਤਰੀ ਦਾ ਗੈਰ-ਜ਼ਮਹੂਰੀ ਅਤੇ ਗੈਰ-ਵਾਜ਼ਿਬ ਰਵੱਈਆ ਕਰਾਰ ਦਿੱਤਾ ਹੈ।