ਦਲਜੀਤ ਕੌਰ/ਸੰਗਰੂਰ, 25 ਅਪ੍ਰੈਲ, 2023: ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਉਣ ਦੇ ਨਾਲ ਨਾਲ ਨਸ਼ਿਆਂ ਦੀ ਬਰਾਮਦਗੀ ਕੀਤੀ ਗਈ, ਐਨ ਡੀ ਪੀ ਐਸ ਐਕਟ ਦੇ ਭਗੌੜਿਆਂ ਵਿਰੁੱਧ ਕਾਰਵਾਈ ਕੀਤੀ ਗਈ ਅਤੇ ਐਨ ਡੀ ਪੀ ਐਸ ਐਕਟ ਤਹਿਤ ਬਰਾਮਦ ਕੀਤੇ ਗਏ ਨਸ਼ੇ ਨੂੰ ਨਸ਼ਟ ਕੀਤਾ ਗਿਆ।
ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਨਸ਼ੇ ਦਾ ਵਪਾਰ ਕਰਨ ਵਾਲੇ 5 ਸਮੱਗਲਰਾਂ ਦੀ ਨਸ਼ਾ ਵੇਚ ਕੇ ਬਣਾਈ ਗਈ 1,79,94,040 ਰੁਪਏ ਦੀ ਜਾਇਦਾਦ ਜਬਤ ਕਰਵਾਈ ਗਈ ਅਤੇ 5 ਸਮੱਗਲਰਾਂ ਵਲੋਂ 1,09,63,200 ਰੁਪਏ ਦੀ ਬਣਾਈ ਗਈ ਜਾਇਦਾਦ ਨੂੰ ਜਬਤ ਕਰਨ ਸਬੰਧੀ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਨਵੀਂ ਦਿਲੀ ਨੂੰ ਭੇਜੇ ਗਏ ਹਨ ਅਤੇ ਜੋ ਜਲਦੀ ਹੀ ਇਹ ਜਾਇਦਾਦ ਵੀ ਜਬਤ ਕਰਵਾਈ ਜਾਵੇਗੀ।
ਐੱਸਐੱਸਪੀ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਵਲੋਂ ਇਸ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 1 ਜਨਵਰੀ 2023 ਤੋਂ ਮਿਤੀ 24 ਅਪ੍ਰੈਲ 2023 ਤੱਕ ਐਨ.ਡੀ.ਪੀ.ਐਸ ਐਕਟ ਅਧੀਨ ਕੁਲ 153 ਮੁਕੱਦਮੇ (ਜਿੰਨਾ ਵਿਚ 27 ਕਮਰਸੀਅਲ ਮਾਤਰਾ ਦੇ ਮੁਕੱਦਮੇ) ਦਰਜ ਕਰਕੇ 174 ਵਿਅਕਤੀ ਗ੍ਰਿਫਤਾਰ ਕੀਤੇ ਗਏ ਅਤੇ ਬ੍ਰਾਮਦਗੀ ਕਰਵਾਈ ਗਈ। ਉਨ੍ਹਾਂ ਦੱਸਿਆ ਇਸ ਬਰਾਮਦਗੀ ਵਿਚ 4 ਕਿਲੋ 410 ਗ੍ਰਾਮ ਅਫੀਮ, 4042 ਕਿਲੋ 500 ਗ੍ਰਾਮ ਭੁੱਕੀ ਚੂਰਾ ਪੋਸਤ, 1 ਕਿਲੋ 159 ਗ੍ਰਾਮ ਹੈਰੋਇਨ, 5 ਕਿਲੋ 845 ਗ੍ਰਾਮ ਸੁਲਫਾ, 2 ਕਿੱਲੋ 100 ਗ੍ਰਾਮ ਗਾਂਜਾ, ਨਾਰਕੋਟਿਕ ਪਾਊਡਰ 33 ਗ੍ਰਾਮ, ਸਮੈਕ 21 ਗ੍ਰਾਮ, ਗੋਲੀਆਂ ਕੈਪਸੂਲ 62188 ਅਤੇ 71 ਨਸ਼ੀਲੀਆਂ ਸ਼ੀਸ਼ੀਆਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਐਨ.ਡੀ.ਪੀ.ਐਸ ਐਕਟ ਦੇ ਭਗੌੜਿਆਂ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਅਤੇ ਐਨ.ਡੀ.ਪੀ.ਐਸ ਐਕਟ ਦੇ 08 ਭਗੌੜੇ ਜੋ ਕਾਫੀ ਸਮੇ ਤੋ ਭਗੌੜੇ ਸਨ , ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐਨ.ਡੀ.ਪੀ.ਐਸ ਐਕਟ ਤਹਿਤ ਬ੍ਰਾਮਦ ਕੀਤੇ ਗਏ ਨਸ਼ੇ ਨੂੰ ਨਸ਼ਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਾਲ ਐਨ.ਡੀ.ਪੀ.ਐਸ ਐਕਟ ਅਧੀਨ 44 ਮੁਕੱਦਮਿਆਂ ਦਾ ਮਾਲ ਮੁਕੱਦਮਾ ਸਾੜ ਕੇ ਨਸ਼ਟ ਕੀਤਾ ਗਿਆ, ਜਿਸ ਵਿੱਚ ਭੁੱਕੀ ਚੂਰਾ ਪੋਸਤ 1274 ਕਿਲੋ 700 ਗ੍ਰਾਮ, ਹੈਰੋਇਨ 35 ਗ੍ਰਾਮ, ਸੁਲਫਾ 5 ਗ੍ਰਾਮ, ਗਾਂਜਾ 460 ਗ੍ਰਾਮ, ਨਾਰਕੋਟਿਕ ਪਾਊਡਰ 90 ਗ੍ਰਾਮ, ਗੋਲੀਆਂ ਕੈਪਸੂਲ 8244 ਅਤੇ 36 ਨਸ਼ੀਲੀਆਂ ਸ਼ੀਸ਼ੀਆਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅਫੀਮ ਦੇ 17 ਮੁਕੱਦਮਿਆਂ ਦੀ 12 ਕਿਲੋ 900 ਗ੍ਰਾਮ ਅਫੀਮ ਅਲਕਲਾਇਡ ਵਰਕਸ ਗਾਜੀਪੁਰ ਉਤਰ ਪ੍ਰਦੇਸ਼ ਵਿਖੇ ਜਮ੍ਹਾਂ ਕਰਵਾਈ ਗਈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਗੁੰਮਰਾਹ ਹੋਏ 49 ਵਿਅਕਤੀਆਂ ਨੂੰ ਤੰਦਰੁਸਤ ਕਰਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਲਈ ਉਚਿਤ ਇਲਾਜ ਕਰਵਾਇਆ ਜਾ ਰਿਹਾ ਹੈ।