MARCH 15//ਪੱਛਮੀ ਏਸ਼ੀਆ ਵਿੱਚ ਜਾਰੀ ਸੰਘਰਸ਼ ਦੇ ਵਿਚਕਾਰ ਭਾਰਤ ਦਾ ਦੂਜਾ ਐਲਪੀਜੀ (LPG) ਜਹਾਜ਼ ‘ਨੰਦਾ ਦੇਵੀ’ ਮੰਗਲਵਾਰ ਨੂੰ ਗੁਜਰਾਤ ਦੀ ਵਾਡੀਨਾਰ ਬੰਦਰਗਾਹ ‘ਤੇ ਸੁਰੱਖਿਅਤ ਪਹੁੰਚ ਗਿਆ ਹੈ। ਅਧਿਕਾਰੀਆਂ ਅਨੁਸਾਰ ਇਹ ਜਹਾਜ਼ ਹੋਰਮੁਜ਼ ਜਲ ਮਾਰਗ ਨੂੰ ਪਾਰ ਕਰਕੇ 46,500 ਮੀਟਰਿਕ ਟਨ ਗੈਸ ਲੈ ਕੇ ਆਇਆ ਹੈ, ਜਦਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਪਹਿਲਾ ਜਹਾਜ਼ ‘ਸ਼ਿਵਾਲਿਕ’ ਮੁੰਦਰਾ ਬੰਦਰਗਾਹ ਪਹੁੰਚਿਆ ਸੀ।
ਦੀਨਦਿਆਲ ਪੋਰਟ ਅਥਾਰਟੀ ਦੇ ਚੇਅਰਮੈਨ ਸੁਸ਼ੀਲ ਕੁਮਾਰ ਸਿੰਘ ਨੇ ਦੱਸਿਆ ਕਿ ਬੰਦਰਗਾਹ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਐਲਪੀਜੀ ਜਹਾਜ਼ਾਂ ਨੂੰ ਸਰਵਉੱਚ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਗੈਸ ਉਤਾਰਨ ਦਾ ਕੰਮ ਜਲਦੀ ਪੂਰਾ ਹੋ ਸਕੇ। ਉਨ੍ਹਾਂ ਦੱਸਿਆ ਕਿ ‘ਮਦਰ ਵੈਸਲ’ ਨੰਦਾ ਦੇਵੀ ਤੋਂ ‘ਡਾਟਰ ਵੈਸਲ’ ਵਿੱਚ ਗੈਸ ਤਬਦੀਲ ਕਰਨ ਦਾ ਕੰਮ ਵੀ ਜਲਦ ਸ਼ੁਰੂ ਹੋਵੇਗਾ। ਜ਼ਿਕਰਯੋਗ ਹੈ ਕਿ ਭਾਰਤ ਆਪਣੀ ਲੋੜ ਦੀ 60 ਫੀਸਦੀ ਐਲਪੀਜੀ ਅਤੇ 88 ਫੀਸਦੀ ਕੱਚਾ ਤੇਲ ਦਰਾਮਦ ਕਰਦਾ ਹੈ, ਜਿਸ ਦਾ ਵੱਡਾ ਹਿੱਸਾ ਹੋਰਮੁਜ਼ ਜਲ ਮਾਰਗ ਰਾਹੀਂ ਆਉਂਦਾ ਹੈ।