
ਦਲਜੀਤ ਕੌਰ/ਭਵਾਨੀਗੜ੍ਹ, 9 ਅਪ੍ਰੈਲ, 2023: ਇੱਥੋਂ ਨੇੜਲੇ ਪਿੰਡ ਬਾਲਦ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੇ ਜਿਲਾ ਜਨਰਲ ਸਕੱਤਰ ਮਰਹੂਮ ਸੁਖਦੇਵ ਸਿੰਘ ਬਾਲਦ ਕਲਾਂ ਨੂੰ ਵੱਖ ਵੱਖ ਕਿਸਾਨ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਅੰਤਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਦੌਰਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ, ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ, ਕਰਮਜੀਤ ਸਿੰਘ ਛੰਨਾਂ, ਸਾਹਿਬ ਸਿੰਘ ਬਡਬਰ, ਰਣਧੀਰ ਸਿੰਘ ਭੱਟੀਵਾਲ, ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਨੇ ਕਿਹਾ ਕਿ ਸੁਖਦੇਵ ਸਿੰਘ ਬਾਲਦ ਕਲਾਂ ਨੇ ਆਪਣੀ ਜ਼ਿੰਦਗੀ ਦੇ ਭਰ ਜਵਾਨੀ ਵਿਦਿਆਰਥੀ ਜਥੇਬੰਦੀ ਪੀਐੱਸਯੂ ਤੋਂ ਸ਼ੁਰੂ ਕੀਤੇ ਸਫ਼ਰ ਨੂੰ ਪੂਰੇ 50 ਸਾਲ ਕਿਸਾਨੀ ਸੰਘਰਸ਼ਾਂ, ਮਜ਼ਦੂਰਾਂ, ਮਜ਼ਲੂਮਾਂ ਅਤੇ ਜਬਰ ਵਿਰੋਧੀ ਸੰਘਰਸ਼ ਖਾਸ ਕਰ ਮਹਿਲਕਲਾਂ ਲੋਕ ਘੋਲ ਦੇ ਇੱਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਚੱਲੇ ਸੰਘਰਸ਼ ਵਿੱਚ ਪੂਰੀ ਜੁਰਅੱਤ ਨਾਲ ਆਵਾਜ਼ ਬੁਲੰਦ ਕਰਦਾ ਰਿਹਾ ਅਤੇ ਉਹ ਸੰਘਰਸ਼ ਦੇ ਪਿੜ ਵਿੱਚ ਹੀ ਆਖਰੀ ਫਤਹਿ ਬੁਲਾ ਗਿਆ। ਉਨ੍ਹਾਂ ਕਿਹਾ ਕਿ ਲੋਕ ਸੰਘਰਸ਼ਾਂ ਦਾ ਝੰਡਾ ਬੁਲੰਦ ਕਰਨਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਇਸ ਮੌਕੇ ਯੂਨੀਅਨ ਦੇ ਆਗੂਆਂ ਵੱਲੋਂ ਮਰਹੂਮ ਕਿਸਾਨ ਆਗੂ ਸੁਖਦੇਵ ਸਿੰਘ ਬਾਲਦ ਕਲਾਂ ਦੇ ਪੁੱਤਰ ਚਮਕੌਰ ਸਿੰਘ ਨੂੰ ਜਥੇਬੰਦੀ ਦਾ ਬੈਜ ਲਗਾਇਆ ਤੇ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਗਿਆ। ਇਨਕਲਾਬੀ ਰਸਾਲਾ ‘ਲਾਲ ਪਰਚਮ’ ਅਤੇ ਰਣਜੀਤ ਲਹਿਰਾ ਦੀ ਰਚਨਾ ‘ਕਲਮ ਦਾ ਇਸ਼ਕ’ ਨਾਲ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਕਰਮਜੀਤ ਸਿੰਘ ਬਾਲਦ ਕਲਾਂ, ਭੁਪਿੰਦਰ ਸਿੰਘ ਲੌਂਗੋਵਾਲ, ਕਰਮ ਸਿੰਘ ਬਲਿਆਲ ਆਦਿ ਆਗੂਆਂ ਨੇ ਵੀ ਸੁਖਦੇਵ ਸਿੰਘ ਬਾਲਦ ਕਲਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।