
ਦਲਜੀਤ ਕੌਰ/ਚੰਡੀਗੜ੍ਹ, 6 ਜੂਨ, 2023: ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਸੁਰਿੰਦਰਪਾਲ ਗੁਰਦਾਸਪੁਰ ਦੀ ਅਗਵਾਈ ਹੇਠ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਹੋਈ। ਜਿਸ ਵਿੱਚ ਬੇਰੁਜ਼ਗਾਰ ਅਧਿਆਪਕਾਂ ਨੇ ਮੰਗ ਕੀਤੀ ਕਿ ਈਟੀਟੀ 2364 ਭਰਤੀ ਲਈ ਇੱਕ ਸੀਨੀਅਰ ਡਿਪਟੀ ਏਜੀ ਪੰਜਾਬ ਨੂੰ ਪੱਕੇ ਤੌਰ ਤੇ ਲਗਾ ਕੇ ਆਉਣ ਵਾਲੀ 21 ਜੁਲਾਈ ਦੀ ਸੁਣਵਾਈ ਵਿੱਚ ਇਸ ਭਰਤੀ ਨੂੰ ਜਲਦ ਬਹਾਲ ਕਰਵਾਇਆ ਜਾਵੇ, ਕਿਉਂਕਿ ਪਿਛਲੇ ਤਿੰਨ ਸਾਲਾਂ ਤੋਂ 2364 ਭਰਤੀ ਦੇ ਬੇਰੁਜ਼ਗਾਰ ਅਧਿਆਪਕ ਇਸ ਭਰਤੀ ਦੇ ਬਹਾਲ ਹੋਣ ਦੀ ਇੰਤਜ਼ਾਰ ਕਰ ਰਹੇ ਹਨ। ਇਹਨਾਂ ਬੇਰੁਜ਼ਗਾਰ ਅਧਿਆਪਕਾਂ ਕੋਲ ਇਸ ਭਰਤੀ ਤੋਂ ਇਲਾਵਾ ਹੋਰ ਕੋਈ ਮੌਕਾ ਨਹੀਂ ਹੈ। ਇਸ ਲਈ ਜਲਦ ਇਸ ਭਰਤੀ ਨੂੰ ਪੂਰਾ ਕੀਤਾ ਜਾਵੇ। ਸਿੱਖਿਆ ਮੰਤਰੀ ਨੇ ਭਰੋਸਾ ਦਵਾਇਆ ਕਿ ਜਲਦ ਇਸ ਭਰਤੀ ਨੂੰ ਬਹਾਲ ਕਰ ਕੇ ਪੂਰਾ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਈਟੀਟੀ 5994 ਭਰਤੀ ਦੇ ਕੋਰਟ ਕੇਸ ਬਾਰੇ ਗੱਲਬਾਤ ਕੀਤੀ ਗਈ। ਜਿਸ ਵਿੱਚ ਸਿੱਖਿਆ ਮੰਤਰੀ ਨੇ ਕਿਹਾ ਕਿ 8 ਜੂਨ ਨੂੰ ਹੋਣ ਵਾਲੀ ਸੁਣਵਾਈ ਵਿਚ ਇਸ ਭਰਤੀ ਨੂੰ ਬਹਾਲ ਕਰਵਾਕੇ ਜਲਦ ਨਤੀਜਾ ਜਾਰੀ ਕਰ ਦਿੱਤਾ ਜਾਵੇਗਾ ਅਤੇ ਜੁਲਾਈ ਵਿਚ ਇਸ ਭਰਤੀ ਨੂੰ ਪੂਰਾ ਕਰ ਦਿੱਤਾ ਜਾਵੇਗਾ। ਇਸ ਭਰਤੀ ਦੇ ਵਿਚ ਬੈਕਲਾੱਗ ਦੀਆਂ ਪੋਸਟਾਂ ਨੂੰ ਡੀਰਿਜ਼ਰਵ ਕਰਨ ਲਈ ਪਹਿਲਾਂ ਹੀ ਮਨਜੂਰੀ ਲੈ ਲਈ ਜਾਵੇ ਤਾਂ ਜੋ ਬੇਰੁਜ਼ਗਾਰ ਅਧਿਆਪਕਾਂ ਨੂੰ 6635 ਪੋਸਟਾਂ ਵਾਂਗ ਲੰਬਾ ਇੰਤਜ਼ਾਰ ਨਾ ਕਰਨਾ ਪਵੇ ਤਾਂ ਮੰਤਰੀ ਸਾਹਿਬ ਨੇ ਭਰੋਸਾ ਦਿਵਾਇਆ ਕਿ ਇਸ ਭਰਤੀ ਨੂੰ ਸਿੰਗਲ ਲਿਸਟ ਵਿਚ ਹੀ ਪੂਰਾ ਕਰ ਦਿੱਤਾ ਜਾਵੇਗਾ। ਈਟੀਟੀ 6635 ਦੀਆਂ ਰਹਿੰਦੀਆਂ ਪੋਸਟਾਂ ਨੂੰ ਜਲਦ ਭਰਨ ਬਾਰੇ ਵੀ ਕਿਹਾ ਗਿਆ ਤਾਂ ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਦਾ ਕੰਮ ਚੱਲ ਰਿਹਾ ਹੈ ਜਲਦ ਹੀ ਇਸ ਭਰਤੀ ਦੀਆਂ ਲਿਸਟਾਂ ਨੂੰ ਜਾਰੀ ਕਰ ਦਿੱਤਾ ਜਾਵੇਗਾ।
ਇਸ ਮੀਟਿੰਗ ਦੌਰਾਨ ਈਟੀਟੀ ਟੈੱਟ ਪਾਸ 2364, 6635, 5994, ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ, ਹਰਜੀਤ ਸਿੰਘ ਮਾਨਸਾ, ਸੰਦੀਪ ਸਿੰਘ ਮਾਨਸਾ ਅਤੇ ਹੋਰ ਸਾਥੀ ਮੌਜੂਦ ਸਨ।