
ਹੁਸ਼ਿਆਰਪੁਰ, 29 ਜੂਨ, (ਤਰਸੇਮ ਦੀਵਾਨਾ ) ਜ਼ਿਲ੍ਹੇ ਦੀ ਸਿਹਤ ਠੀਕ ਕਰਨ ਲਈ ਜ਼ਿੰਮੇਵਾਰ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਆਪਣੀ ਸਿਹਤ ਅੱਜ-ਕੱਲ੍ਹ ਪੂਰੀ ਤਰ੍ਹਾਂ ਠੀਕ ਨਹੀਂ ਚੱਲ ਰਹੀ ਹਸਪਤਾਲ ਦੇ ਪ੍ਰਬੰਧਕੀ ਕਾਰਜਾਂ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਜ਼ਬਰਦਸਤ ਲਾਪ੍ਰਵਾਹੀ ਸਦਕਾ ਸਿਵਲ ਹਸਪਤਾਲ ਹੁਸ਼ਿਆਰਪੁਰ ਦਾ ਅੰਦਰੂਨੀ ਅਤੇ ਬਾਹਰੀ ਕੰਪਲੈਕਸ ਨਸ਼ੇੜੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਲਈ ਸਵਰਗ ਬਣਦਾ ਜਾ ਰਿਹਾ ਹੈ। ਪੱਤਰਕਾਰਾਂ ਦੀ ਟੀਮ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਦਾ ਦੌਰਾ ਕਰਨ ਸਮੇਂ ਵੇਖਿਆ ਗਿਆ ਕਿ ਹਸਪਤਾਲ ਵਿਚ ਦਾਖਲ ਹੋਣ ਵੇਲੇ ਕਿਸੇ ਨੂੰ ਰੋਕ-ਟੋਕ ਨਹੀਂ ਅਤੇ ਨਾ ਹੀ ਕੋਈ ਸਕਿਉਰਿਟੀ ਦਾ ਕੋਈ ਪੁਖ਼ਤਾ ਪ੍ਰਬੰਧ ਹੈ ਜਿਸ ਦੇ ਸਿੱਟੇ ਵਜੋਂ ਸਿਵਲ ਹਸਪਤਾਲ ਕੰਪਲੈਕਸ ਵਿਚ ਨਸ਼ੇੜੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਦਾ ਲਗਾਤਾਰ ਆਉਣਾ ਜਾਣਾ ਲਗਾ ਰਹਿੰਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਸਿਵਲ ਹਸਪਤਾਲ ਕੰਪਲੈਕਸ ਦੇ ਆਲੇ ਦੁਆਲੇ ਉਗੀਆਂ ਆਦਮ-ਕੱਦ ਝਾੜੀਆਂ ਅਤੇ ਕਾਂਗਰਸ ਘਾਹ ਉਕਤ ਅਨਸਰਾਂ ਦੇ ਲਈ ਸੁਰੱਖਿਅਤ ਲੁਕਣਗਾਹ ਵਜੋਂ ਕਾਫ਼ੀ ਵਿਕਸਿਤ ਹੋ ਚੁੱਕੀਆਂ ਹਨ ਜਿੱਥੇ ਉਨਾਂ ਨੂੰ ਜ਼ਿਲਾ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕੋਈ ਖਾਸ ਖੌਫ ਨਹੀਂ ਹੈ।
ਸਿਵਲ ਹਸਪਤਾਲ ਕੰਪਲੈਕਸ ਦੇ ਅੰਦਰ ਜੇ.ਸੀ.ਟੀ. ਵਾਰਡ ਦੇ ਨਜ਼ਦੀਕ ਹੀ ਨਸ਼ਾ ਛੁਡਾਉਣ ਲਈ ਦਵਾਈ ਦੇਣ ਵਾਲਾ ਕਾਉਂਟਰ ਭਾਵੇਂ ਨਸ਼ੇ ਛੁਡਾਉਣ ਦੀ ਸੁਹਿਰਦ ਭਾਵਨਾ ਲਈ ਬਣਾਇਆ ਗਿਆ ਸੀ, ਪ੍ਰੰਤੂ ਨਸ਼ੇੜੀਆਂ ਵੱਲੋਂ ਇਸ ਦੀ ਰੱਜ ਕੇ ਦੁਰਵਰਤੋ ਕੀਤੀ ਜਾ ਰਹੀ ਦੇਖੀ ਜਾ ਸਕਦੀ ਹੈ ਹਾਲੇ ਕੁਝ ਦਿਨ ਪਹਿਲਾਂ ਹੀ ਵਾਇਰਲ ਹੋਈ ਵੀਡੀਓ ਵਿਚ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਮੋਰਚੂਰੀ ਦੇ ਪਿਛਲੇ ਪਾਸੇ ਕਿਸੇ ਨਸ਼ੇੜੀ ਨੌਜਵਾਨ ਨੂੰ ਬੇਸੁੱਧ ਹੋ ਕੇ ਲੇਟੇ ਹੋਏ ਵੇਖਿਆ ਗਿਆ ਹੈ ਜਿਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਿਸ ਤੋਂ ਬਾਅਦ ਪੱਤਰਕਾਰਾਂ ਦੀ ਟੀਮ ਨੇ ਸਿਵਲ ਹਸਪਤਾਲ ਕੰਪਲੈਕਸ ਦੀ ਚਾਰ ਦੀਵਾਰੀ ਦੇ ਅੰਦਰ ਉੱਗੀਆਂ ਹੋਈਆਂ ਝਾੜੀਆਂ ਦੇ ਜੰਗਲ ਬੇਲੇ ਦਾ ਦੌਰਾ ਕਰਨ ਤੋਂ ਬਾਅਦ ਇਸ ਮਾਹੌਲ ਨੂੰ ਅਮਨ ਕਾਨੂੰਨ ਦੀ ਸਥਿਤੀ ਲਈ ਖਤਰਾ ਮਹਿਸੂਸ ਕਰਦਿਆਂ ਸਮਾਜ ਵਿਰੋਧੀ ਅਨਸਰਾਂ ਲਈ ਸੁਰੱਖਿਅਤ ਲੁਕਣਗਾਹ ਵਜੋਂ ਚਿੰਨ੍ਹਤ ਕੀਤਾ ਗਿਆ। ਜਿਸ ਵੱਲ ਨਾ ਤਾਂ ਸਿਵਲ ਹਸਪਤਾਲ ਪ੍ਰਸਾਸ਼ਨ ਅਤੇ ਨਾ ਹੀ ਜ਼ਿਲਾ ਹੁਸ਼ਿਆਰਪੁਰ ਦੇ ਪੁਲਿਸ ਪ੍ਰਸਾਸ਼ਨ ਦਾ ਕੋਈ ਧਿਆਨ ਹੈ।
ਪਾਰਕ ਦੀ ਹਾਲਤ ਖਸਤਾ ਹਾਲ ਬਣੀ:-ੱ
ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਦਾਖਿਲ ਹੁੰਦਿਆਂ ਸਾਰ ਹੀ ਸਾਹਮਣੇ ਬਣੇ ਹੋਏ ਪਾਰਕ ਦੀ ਹਾਲਤ ਸਾਫ ਸਫ਼ਾਈ ਤੇ ਦੇਖਭਾਲ ਦੀ ਅਣਹੋਂਦ ਵਿਚ ਬੇਹੱਦ ਤਰਸਯੋਗ ਬਣੀ ਹੋਈ ਹੈ ਜਿਸ ਤੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਪ੍ਰਬੰਧਕੀ ਵਿਚਾਰਦੇ ਨਾਕਾਬਲੀਅਤ ਅਤੇ ਨਾ ਅਹਿਲੀਅਤ ਸਾਫ਼ ਨਜ਼ਰ ਆਉਂਦੀ ਹੈ। ਪਾਰਕ ਵਿੱਚ ਜਿੱਥੇ ਮਰੀਜਾਂ ਤੇ ਉਨ੍ਹਾਂ ਦੇ ਵਾਰਸਾਂ ਦੇ ਬੈਠਣ ਲਈ ਖੱਲ੍ਹਾ ਸਾਫ ਵਾਤਾਵਰਨ ਹੋਣਾ ਚਾਹੀਦਾ ਸੀ ਉੱਥੇ ਬੰਦਿਆਂ ਦੀ ਥਾਂ ਕੁੱਤੇ ਬੈਠੇ ਕੁੱਕੜਾਂ ਦੀਆਂ ਹੱਡੀਆਂ ਖਾਂਦੇ ਨਜਰ ਆ ਰਹੇ ਸਨ, ਜਿਸ ਦਾ ਸਬੂਤ ਕੁੱਕੜਾਂ ਦੇ ਖੰਭ ਕਾਫੀ ਮਤਾਰਾ ‘ਚ ਪਾਰਕ ਵਿੱਚ ਖਿਲਰੇ ਵਿਖਾਈ ਦੇ ਰਹੇ ਹਨ। ਜਿਸ ਦੇ ਸਬੰਧ ਵਿੱਚ ਭਰੋਸੇਯੋਗ ਸੂਤਰਾਂ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿੱਚ ਸਾਫ਼-ਸਫ਼ਾਈ ਲਈ ਸਫ਼ਾਈ ਸੇਵਕ ਅਤੇ ਪਾਰਕ ਦੀ ਦੇਖਭਾਲ ਲਈ ਮਾਲੀ ਦੀਆਂ ਪੋਸਟਾਂ ਦੀ ਭਾਰੀ ਘਾਟ ਹੈ ਜਿਨ੍ਹਾਂ ਨੂੰ ਭਰਨ ਵੱਲ ਕਿਸੇ ਦਾ ਧਿਆਨ ਨਹੀਂ ਹੈ। ਇੰਝ ਕੁੱਲ ਮਿਲਾ ਕੇ ਸਿਵਲ ਹਸਪਤਾਲ ਪ੍ਰਸ਼ਾਸਨ ਅਤੇ ਪ੍ਰਬੰਧਕੀ ਢਾਂਚੇ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆ ਰਹੀ ਹੈ ਜਿਸ ਦੇ ਭਿਆਨਕ ਨਤੀਜੇ ਸਾਹਮਣੇ ਆ ਸਕਦੇ ਹਨ।
ਕੀ ਕਿਹਾ ਸਿਵਲ ਹਸਪਤਾਲ ਦੀ ਐਸ,ਐਮ.ਓ. ਨੇ
ਜਦੋ ਹਸਪਤਾਲ ਦੀ ਐਸ. ਐਮ.ਓ. ਡਾ: ਸਵਾਤੀ ਨੂੰ ਭੰਗ ਦੀ ਸਫਾਈ ਨਾ ਕਰਾਉਣ ਸਬੰਧੀ ਪੁਛਿਆਂ ਗਿਆ ਤਾਂ ਉਨ੍ਹਾਂ ਕਿਹਾ ਕਿ ਕੱਲ ਰੋਟਾਵੇਟਰ ਬੁਲਾ ਲਏ ਗਏ ਹਨ ਕੱਲ ਨੂੰ ਸਫਾਈ ਕਰਾਈ ਜਾਵੇਗੀ ਕਿਉਕਿ ਹਸਪਤਾਲ ਵਿੱਚ ਮੈਡੀਕਲ ਕਾਲਜ ਬਣਨਾ ਹੈ ਇਸ ਲਈ ਪਿਛਲੇ ਪਾਰਕ ਵੀ ਖਾਲੀ ਕਰਾ ਲਏ ਗਏ ਹਨ। ਸਾਰੇ ਪਾਸੇ ਸਫਾਈ ਕਰਾਈ ਜਾਵੇਗੀ। ਹਸਪਤਾਲ ਦੇ ਮੇਨ ਪਾਰਕ ਵਿੱਚ ਕੱੁਤਿਆਂ ਵਲੋਂ ਕੁਕੜਾਂ ਦੀਆਂ ਹੱਡੀਆਂ ਤੇੇ ਖੰਭ ਖਿਲਾਰਨ ਦੇ ਸਬੰਧ ਵਿੱਚ ਪੁਛਿਆਂ ਤਾਂ ਉਨ੍ਹਾਂ ਕਿਹਾ ਕਿ ਇਹ ਮੇਰੇ ਧਿਆਨ ਵਿੱਚ ਨਹੀਂ ਹੈ।