
ਹੁਸ਼ਿਆਰਪੁਰ 26 ਅਪ੍ਰੈਲ (ਤਰਸੇਮ ਦੀਵਾਨਾ ) ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵਿੰਦਰ ਕੁਮਾਰ ਨੇ ਪਿਛਲੇ ਦਿਨੀ ਅਖਬਾਰ ਵਿੱਚ ਛਪੀ ਖਬਰ ਦਾ ਸੰਗਿਆਨ ਲੈਂਦੇ ਹੋਏ ਐਸ ਡੀ ਐਚ ਮੁਕੇਰੀਆਂ ਦਾ ਦੌਰਾ ਕੀਤਾ । ਉਹਨਾਂ ਐਮਰਜੈਂਸੀ ਵਾਰਡ ਦਾ ਦੌਰਾ ਕਰਕੇ ਦਾਖਲ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਅਤੇ ਉਹਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦਾ ਨਿਰੀਖਣ ਕੀਤਾ ਤੇ ਤਸੱਲੀ ਪ੍ਰਗਟਾਈ । ਸਮੂਹ ਸਟਾਫ ਦੀ ਹਾਜ਼ਰੀ ਚੈਕ ਕਰਦੇ ਹੋਏ ਉਹਨਾਂ ਸਭ ਨੂੰ ਸਮੇਂ ਦੇ ਪਾਬੰਦ ਹੋਣ ਲਈ ਕਿਹਾ । ਉਹਨਾਂ ਐਸ ਐਮ ਓ ਨੂੰ ਆਪ੍ਰੇਸ਼ਨ ਥੀਏਟਰ ਅਤੇ ਲੇਬਰ ਰੂਮ ਵਿਚ ਪੂਰਾ ਸਮਾਨ ਮੁਹਈਆ ਕਰਵਾਉਣ ਲਈ ਕਿਹਾ ਅਤੇ ਔਰਤ ਰੋਗਾਂ ਦੇ ਮਾਹਿਰ ਡਾਕਟਰ ਨੂੰ ਡਲਿਵਰੀ ਦੌਰਾਨ ਔਰਤਾਂ ਨੂੰ ਸਾਰੀਆਂ ਸਹੂਲਤਾਂ ਮੁਫ਼ਤ ਪ੍ਰਦਾਨ ਕੀਤੀਆਂ ਜਾਣ ਲਈ ਕਿਹਾ । ਉਹਨਾਂ ਲੇਬਰ ਰੂਮ ,ਫੀਮੇਲ ਵਾਰਡ ,ਸਰਜੀਕਲ ਵਾਰਡ, ਮੈਡੀਕਲ ਵਾਰਡ ਅਤੇ ਬੱਚਿਆਂ ਦੇ ਵਾਰਡ ਦਾ ਵੀ ਨਰੀਖਣ ਕੀਤਾ ਅਤੇ ਦਾਖਲ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਪ੍ਰਤੀ ਤਸੱਲੀ ਪ੍ਰਗਟਾਈ । ਉਹਨਾਂ ਟੀਕਾਕਰਨ ਦਾ ਵੀ ਜਾਇਜ਼ਾ ਲਿਆ ਅਤੇ ਸੰਬੰਧਿਤ ਸਟਾਫ ਨੂੰ ਐਮ ਡੀ ਆਰ ਪ੍ਰਤੀ ਜਾਗਰੂਕ ਕੀਤਾ। ਇਸ ਤੋਂ ਉਪਰੰਤ ਉਹਨਾਂ ਸਮੂਹ ਸਟਾਫ ਨਾਲ ਮੀਟਿੰਗ ਕੀਤੀ । ਉਹਨਾਂ ਸਟਾਫ਼ ਨੂੰ ਆਮ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ, ਮਰੀਜ਼ਾਂ ਪ੍ਰਤੀ ਆਪਣਾ ਰਵਈਆ ਅਪਣੱਤ ਭਰਿਆ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਦੌਰਾਨ ਆਏ ਮਰੀਜ਼ਾਂ ਨੂੰ ਗੰਭੀਰਤਾ ਨਾਲ ਲਏ ਜਾਣ ਦੀ ਹਿਦਾਇਤ ਕੀਤੀ ।