
ਹੁਸ਼ਿਆਰਪੁਰ 21ਅਪ੍ਰੈਲ (ਤਰਸੇਮ ਦੀਵਾਨਾ ) ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵਿੰਦਰ ਕੁਮਾਰ ਵੱਲੋਂ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਹੁਸ਼ਿਆਰਪੁਰ ਅਰਬਨ ਵਿਖੇ ਚੱਲ ਰਹੇ ਆਮ ਆਦਮੀ ਕਲੀਨਿਕ ਨਹਿਰ ਕਲੋਨੀ , ਨਲੋਈਆਂ ਚੌਂਕ, ਬਹਾਦਰ ਪੁਰ ਅਤੇ ਨਗਰ ਨਿਗਮ ਦੀ ਅਚਨਚੇਤ ਚੈਕਿੰਗ ਕੀਤੀ। ਉਨ੍ਹਾਂ ਵਲੋਂ ਮਰੀਜ਼ਾਂ ਦਾ ਰਿਕਾਰਡ, ਦਵਾਈਆਂ ਦਾ ਸਟਾਕ ਅਤੇ ਸਾਫ ਸਫਾਈ ਦਾ ਵਿਸ਼ੇਸ਼ ਤੌਰ ਤੇ ਜਾਇਜ਼ਾ ਲਿਆ ਗਿਆ। ਡਾ. ਬਲਵਿੰਦਰ ਕੁਮਾਰ ਨੇ ਡਿਊਟੀ ਤੇ ਤਾਇਨਾਤ ਮੈਡੀਕਲ ਅਫਸਰਾਂ ਅਤੇ ਹੋਰ ਸਟਾਫ ਨੂੰ ਕੰਮਕਾਜ ਅਤੇ ਮਰੀਜਾਂ ਦਾ ਰਿਕਾਰਡ ਮੇਨਟੇਨ ਰੱਖਣ ਲਈ ਕਿਹਾ। ਉਨ੍ਹਾਂ ਨੇ ਆਏ ਹੋਏ ਮਰੀਜ਼ਾਂ ਪਾਸੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਉਹਨਾਂ ਨੇ ਡਿਊਟੀ ਤੇ ਤਾਇਨਾਤ ਸਟਾਫ ਦੇ ਕੰਮਕਾਜ, ਸਫਾਈ ਅਤੇ ਰਿਕਾਰਡ ਦੇ ਰੱਖ ਰਖਾਵ ਸੰਬੰਧੀ ਵੀ ਤਸੱਲੀ ਪ੍ਰਗਟਾਈ ਅਤੇ ਮਰੀਜ਼ਾਂ ਨਾਲ ਚੰਗਾ ਵਤੀਰਾ ਕਰਨ ਲਈ ਕਿਹਾ। ਉਹਨਾਂ ਨੇ ਮਰੀਜਾਂ ਲਈ ਜਰੂਰੀ ਦਵਾਈਆਂ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਆਖਿਆ ਤਾਂ ਜੋ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ ਅਤੇ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀ ਜਾਣ ਵਾਲੀ ਹਰ ਬਣਦੀ ਸਹੂਲਤ ਦਿੱਤੀ ਜਾ ਸਕੇ।