March 21, 2026 12:02 pm

ਵਿਧਾਇਕ ਬਰਿੰਦਰ ਗੋਇਲ ਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਮੂਨਕ ਤੇ ਖਨੌਰੀ ਇਲਾਕੇ ਦੇ ਪਿੰਡਾਂ ਦਾ ਦੌਰਾ

Share:

ਦਲਜੀਤ ਕੌਰ/ਮੂਨਕ/ਖਨੌਰੀ/ਸੰਗਰੂਰ, 21 ਜੁਲਾਈ, 2023: ਘੱਗਰ ਦਰਿਆ ‘ਚ ਪਾਣੀ ਦਾ ਪੱਧਰ ਜ਼ਿਆਦਾ ਵਧਣ ਕਾਰਨ ਪਏ ਪਾੜਾਂ ਕਰਕੇ ਮੂਨਕ ਅਤੇ ਖਨੌਰੀ ਦੇ ਇਲਾਕਿਆਂ ‘ਚ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਮੁਲਾਂਕਣ ਪ੍ਰਕਿਰਿਆ ਦੀ ਸਮੀਖਿਆ ਲਈ ਵਿਧਾਇਕ ਬਰਿੰਦਰ ਗੋਇਲ ਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ‘ਤੇ ਸੰਗਰੂਰ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਮਾਰ ਹੇਠ ਆਏ ਇਲਾਕਿਆਂ ‘ਚ ਰਾਹਤ ਅਤੇ ਮੁੜ ਵਸੇਬੇ ਲਈ ਸਿਹਤ ਤੇ ਪਸ਼ੂ ਪਾਲਣ ਵਿਭਾਗ ਸਮੇਤ ਹੋਰਨਾਂ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ 24 ਘੰਟੇ ਕਾਰਜਸ਼ੀਲ ਹਨ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਪਾਣੀ ਦੀ ਮਾਰ ਕਾਰਨ ਫਸਲਾਂ ਤੇ ਘਰਾਂ ਨੂੰ ਹੋਏ ਨੁਕਸਾਨ ਦੇ ਮੁਲਾਂਕਣ ਲਈ ਮਾਲ ਵਿਭਾਗ, ਪੰਚਾਇਤ ਵਿਭਾਗ ਤੇ ਖੇਤੀ-ਬਾੜੀ ਵਿਭਾਗ ਦੇ ਅਧਿਕਾਰੀਆਂ ਦੀਆਂ ਟੀਮਾਂ ਵੱਲੋਂ ਲਗਾਤਾਰ ਪਿੰਡਾਂ ਤੇ ਹੋਰਨਾਂ ਇਲਾਕਿਆਂ ‘ਚ ਪਹੁੰਚ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਾਸ਼ਾਸਨ ਵੱਲੋਂ ਲੋਕਾਂ ਦੀ ਹਰ ਪੱਖੋਂ ਸਹਾਇਤਾ ਲਈ ਪਿੰਡ ਹਮੀਰਗੜ੍ਹ, ਰਾਮਪੁਰ ਗੁੱਜਰਾਂ ਅਤੇ ਖਨੌਰੀ ਵਿਖੇ ਰਾਹਤ ਕੇਂਦਰ ਸਥਾਪਤ ਕੀਤੇ ਗਏ ਸਨ ਜਿੱਥੇ ਖਾਦ ਸਮੱਗਰੀ ਤੋਂ ਇਲਾਵਾ ਮੈਡੀਕਲ ਸਹਾਇਤਾ, ਪਸ਼ੂਆਂ ਲਈ ਹਰਾ-ਚਾਰਾ ਤੇ ਫ਼ੀਡ ਅਤੇ ਹੋਰਨਾਂ ਜ਼ਰੂਰੀ ਵਸਤਾਂ ਦਾ ਭੰਡਾਰ ਕਰਕੇ ਲੋੜ ਵਾਲ਼ੀਆਂ ਥਾਵਾਂ ‘ਤੇ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਹੜ੍ਹਾਂ ਦੀ ਮਾਰ ਨੂੰ ਘੱਟ ਤੋਂ ਘੱਟ ਕਰਨ ਲਈ ਸਮਾਂ ਰਹਿੰਦੇ ਹੀ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਇਸੇ ਕਰਕੇ ਇਸ ਇਲਾਕੇ ਦੇ ਬਹੁਤੇ ਹਿੱਸਿਆਂ ‘ਚ ਬਿਜਲੀ ਦੀ ਸਪਲਾਈ ਵੀ ਨਿਰਵਿਘਨ ਜਾਰੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਘੱਗਰ ‘ਚ ਪਏ ਪਾੜਾਂ ਨੂੰ ਪੂਰਨ ਦੀ ਪ੍ਰਕਿਰਿਆ ਵੀ ਨਾਲ਼ੋਂ-ਨਾਲ ਜਾਰੀ ਹੈ ਤਾਂ ਜੋ ਜਲਦ ਤੋਂ ਜਲਦ ਪਾਣੀ ਦੇ ਵਹਾਅ ਨੂੰ ਕਾਬੂ ਕੀਤਾ ਜਾ ਸਕੇ।
ਇਸ ਮੌਕੇ ਵਿਧਾਇਕ ਬਰਿੰਦਰ ਗੋਇਲ ਨੇ ਕਿਹਾ ਇਸ ਵਾਰ ਹੱਦ ਤੋਂ ਵੱਧ ਪਾਣੀ ਆਉਣ ਕਾਰਨ ਵੀ ਘੱਗਰ ਦਰਿਆ ‘ਚ 752 ਫੁੱਟ ਤੋਂ ਉੱਪਰ ਪਹੁੰਚ ਕੇ ਪਾੜ ਪਿਆ ਜਦੋਂਕਿ ਪਹਿਲਾਂ 748 ਫੁੱਟ ‘ਤੇ ਹੀ ਘੱਗਰ ਲੋਕਾਂ ਦਾ ਵੱਡਾ ਨੁਕਸਾਨ ਕਰ ਦਿੰਦਾ ਸੀ। ਉਨ੍ਹਾਂ ਕਿਹਾ ਕਿ ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਵਾਰ ਘੱਗਰ ਦੀ ਸਫਾਈ ਦੇ ਨਾਲ-ਨਾਲ ਮਜ਼ਬੂਤੀ ਦਾ ਕੰਮ ਬੜੇ ਪਾਰਦਰਸ਼ੀ ਤੇ ਸੁਚੱਜੇ ਢੰਗ ਨਾਲ ਕਰਵਾਇਆ ਗਿਆ ਸੀ ਪਰ ਬੇਹਿਸਾਬਾ ਪਾਣੀ ਆਉਣ ਕਾਰਨ ਇਹ ਕੰਢਿਆਂ ਤੋਂ ਉੱਪਰ ਦੀ ਨਿਕਲ ਗਿਆ।
ਵਿਧਾਇਕ ਬਰਿੰਦਰ ਗੋਇਲ ਨੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਲਦ ਫਸਲਾਂ ਤੇ ਹੋਰ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਸ਼ਕਿਲ ਦੀ ਇਸ ਘੜੀ ‘ਚ ਪੰਜਾਬ ਸਰਕਾਰ ਹਰ ਸਮੇਂ ਲੋਕਾਂ ਦੇ ਨਾਲ ਖੜ੍ਹੀ ਹੈ ਤੇ ਮੁੜ ਵਸੇਬੇ ਲਈ ਮੁਆਵਜ਼ੇ ਤੋਂ ਇਲਾਵਾ ਲੋੜੀਂਦੀ ਪਨੀਰੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ, ਐੱਸ.ਡੀ.ਐੱਮ. ਸੂਬਾ ਸਿੰਘ, ਡੀ.ਡੀ.ਪੀ.ਓ. ਸੁਖਚੈਨ ਸਿੰਘ, ਐਕਸੀਅਨ ਗੁਰਸ਼ਰਨ ਵਿਰਕ, ਡੀ.ਐੱਸ.ਪੀ. ਮਨੋਜ ਗੋਰਸੀ ਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਸੁਖਵਿੰਦਰ ਸਿੰਘ ਵੀ ਹਾਜ਼ਰ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news