
ਜੰਮੂ, 8 ਫਰਵਰੀ/ਸ੍ਰੀਨਗਰ ’ਚ ਅਤਿਵਾਦੀਆਂ ਦੇ ਹਮਲੇ ’ਚ ਮਾਰੇ ਗਏ ਦੋ ਪੰਜਾਬੀ ਵਰਕਰਾਂ ਦੇ ਰੋਸ ਵਜੋਂ ਰਾਸ਼ਟਰੀ ਬਜਰੰਗ ਦਲ (ਆਰਬੀਡੀ) ਵੱਲੋਂ ਇਥੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਪਹਿਲਾਂ ਕਈ ਸਿਆਸੀ ਪਾਰਟੀਆਂ ਵੱਲੋਂ ਇਸ ਹਮਲੇ ਦੀ ਜ਼ੋਰਦਾਰ ਨਿੰਦਾ ਕੀਤੀ ਗਈ ਅਤੇ ਇਸ ਘਟਨਾ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਜਥੇਬੰਦੀ ਵੱਲੋਂ ਕਸ਼ਮੀਰ ’ਚ ਘੱਟ ਗਿਣਤੀਆਂ ਦੀ ਸੁਰੱਖਿਆ ਵਧਾਉਣ ਦੀ ਵੀ ਮੰਗ ਕੀਤੀ। ਇਸ ਸਾਲ ਦੇ ਸ਼ੁਰੂ ’ਚ ਘੱਟ ਗਿਣਤੀਆਂ ’ਤੇ ਹਮਲੇ ਦਾ ਇਹ ਪਹਿਲਾ ਮਾਮਲਾ ਹੈ। ਅੰਮਿ੍ਤਸਰ ਦੇ ਵਾਸੀ ਅੰਮਿ੍ਤਪਾਲ ਸਿੰਘ ਨੂੰ ਅਤਿਵਾਦੀਆਂ ਵੱਲੋਂ ਗੋਲੀ ਮਾਰੀ ਗਈ ਸੀ ਜਿਸ ਦੀ ਥਾਏਂ ਮੌਤ ਹੋ ਗਈ ਸੀ ਜਦੋਂ ਕਿ ਰੋਹਿਤ (25) ਨੂੰ ਜ਼ਖਮੀ ਹਾਲਤ ’ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਜਿਸ ਦੀ ਬਾਅਦ ’ਚ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਬਜਰੰਗ ਦਲ ਨੇ ਇਥੇ ਰਾਕੇਸ਼ ਬਜਰੰਗੀ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਜਥੇਬੰਦੀ ਦੇ ਕਾਰਕੁਨਾਂ ਨੇ ਪਾਕਿਸਤਾਨ ਵਿਰੋਧੀ ਸਲੋਗਨ ਫੜੇ ਹੋਏ ਸਨ ਜੋ ਪਾਕਿਸਤਾਨ ਦੀਆਂ ਅਤਿਵਾਦੀ ਗਤੀਵਿਧੀਆਂ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਸਨ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਦਾ ਝੰਡਾ ਵੀ ਫੂਕਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਘਟਨਾ ’ਚ ਇਕ ਸਿੱਖ ਅਤੇ ਇਕ ਹਿੰਦੂ ਦੀ ਹੱਤਿਆ ਕਾਰਨ ਇਲਾਕੇ ’ਚ ਸਹਿਮ ਦਾ ਮਾਹੌਲ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਕੇਸ਼ ਕੁਮਾਰ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਦਾ ਮਕਸਦ ਕਸ਼ਮੀਰ ’ਚ ਗੈਰ ਸਥਾਨਕ ਲੋਕਾਂ ’ਚ ਡਰ ਪੈਦਾ ਕਰਨਾ ਹੈ। ਘਟਨਾ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਗੈਰ ਸਮਾਜੀ ਅਨਸਰਾਂ ਨੂੰ ਅਜਿਹੇ ਮਨਸੂਬਿਆਂ ’ਚ ਕਦੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। -ਪੀਟੀਆਈ