
ਹੁਸ਼ਿਆਰਪੁਰ 17 ਜੂਨ (ਤਰਸੇਮ ਦੀਵਾਨਾ) ਆਪਣੀ ਮੱਕੀ ਦੀ ਫਸਲ ਮੰਡੀਆਂ ਵਿੱਚ ਲੈ ਕੇ ਪੁੱਜ ਰਹੇ ਕਿਸਾਨਾਂ ਨੂੰ ਫਸਲ ਦਾ ਪੂਰਾ ਭਾਅ ਨਹੀਂ ਮਿਲ ਰਿਹਾ ਜੋ ਕਿ ਕਿਸਾਨਾਂ ਦੀ ਸਿੱਧੀ ਆਰਥਿਕ ਲੁੱਟ ਹੈ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਚਾਹੀਦਾ ਹੈ ਕਿ ਮੱਕੀ ਦੀ ਫਸਲ ਦੀ ਤੈਅ ਕੀਤੀ ਗਈ ਐੱਮ.ਐੱਸ.ਪੀ.2090 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਫਸਲ ਦੀ ਖਰੀਦੀ ਜਾਵੇ, ਇਹ ਪ੍ਰਗਟਾਵਾ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ (ਸ਼ਹਿਰੀ) ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋ ਬਾਹਰ ਨਿੱਕਲਣ ਦੀ ਅਪੀਲ ਕਰ ਰਹੀ ਹੈ ਤੇ ਦੂਜੇ ਪਾਸੇ ਉਨ੍ਹਾਂ ਕਿਸਾਨਾਂ ਦੀ ਸਾਰ ਨਹੀਂ ਲੈ ਰਹੀ ਜੋ ਕਿ ਕਣਕ-ਝੋਨੇ ਦੇ ਫਸਲੀ ਚੱਕਰ ਨੂੰ ਛੱਡ ਕੇ ਮੱਕੀ ਦੀ ਫਸਲ ਬੀਜ ਰਹੇ ਹਨ। ਲਾਲੀ ਬਾਜਵਾ ਨੇ ਕਿਹਾ ਕਿ ਮੌਜੂਦਾ ਸਮੇਂ ਜਿਹੜੇ ਕਿਸਾਨ ਆਪਣੀ ਮੱਕੀ ਦੀ ਫਸਲ ਨੂੰ ਸੁਕਾ ਕੇ ਮੰਡੀ ਵਿੱਚ ਲਿਜਾ ਰਹੇ ਹਨ ਉਨ੍ਹਾਂ ਨੂੰ ਪ੍ਰਤੀ ਕੁਇੰਟਲ 1400 ਰੁਪਏ ਦੇ ਲੱਗਭੱਗ ਪੈਸੇ ਮਿਲ ਰਹੇ ਹਨ ਤੇ ਜਿਹੜੇ ਕਿਸਾਨ ਨਮੀ ਵਾਲੀ ਫਸਲ ਮੰਡੀ ਲਿਜਾ ਰਹੇ ਹਨ ਉਨ੍ਹਾਂ ਨੂੰ ਪ੍ਰਤੀ ਕੁਇੰਟਲ ਰੇਟ 1100 ਰੁਪਏ ਦੇ ਲੱਗਭੱਗ ਮਿਲ ਰਿਹਾ ਹੈ ਤੇ ਇਸ ਤਰ੍ਹਾਂ ਇੱਕ ਕੁਇੰਟਲ ਫਸਲ ਪਿੱਛੇ ਹੀ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਤੱਕ ਵੱਡੀ ਗਿਣਤੀ ਵਿੱਚ ਕਿਸਾਨ ਆਪਣੀ ਮੱਕੀ ਦੀ ਫਸਲ ਘੱਟ ਮੁੱਲ ਉੱਪਰ ਵੇਚ ਚੁੱਕੇ ਹਨ ਇਸ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੁਰੰਤ ਇਸ ਮਾਮਲੇ ਵਿੱਚ ਮਾਰਕੀਟ ਕਮੇਟੀਆਂ ਦੇ ਮੁਲਾਜਿਮਾਂ ਨੂੰ ਨਿਰਦੇਸ਼ ਕਰਕੇ ਉਨ੍ਹਾਂ ਕਿਸਾਨਾਂ ਦੀ ਤਸਦੀਕ ਕਰਵਾਏ ਜਿਨ੍ਹਾਂ ਫਸਲ ਵੇਚੀ ਹੈ ਤੇ ਫਿਰ ਉਕਤ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਐਮ.ਐੱਸ.ਪੀ. ਮੁਤਾਬਿਕ ਰਾਸ਼ੀ ਪਾਈ ਜਾਵੇ। ਲਾਲੀ ਬਾਜਵਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਗੰਭੀਰਤਾ ਨਾ ਦਿਖਾਈ ਤੇ ਕਿਸਾਨਾਂ ਦੀ ਲੁੱਟ ਜਾਰੀ ਰੱਖੀ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰ ਖਿਲਾਫ ਸੰਘਰਸ਼ ਵਿੱਢਿਆ ਜਾਵੇਗਾ ਤਾਂ ਜੋ ਕਿਸਾਨਾਂ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕੇ। ਇਸ ਮੌਕੇ ਹਰਜਾਪ ਸਿੰਘ ਮੱਖਣ, ਸਤਪਾਲ ਸਿੰਘ ਭੁਲਾਣਾ, ਪ੍ਰਭਪਾਲ ਸਿੰਘ ਬਾਜਵਾ, ਸੱਤਾ ਰਾਜਪੁਰ ਭਾਈਆ, ਬੱਬੂ ਬਜਵਾੜਾ, ਚਰਨਜੀਤ ਸਿੰਘ, ਹਰਭਜਨ ਧਾਲੀਵਾਲ, ਸੁਖਵਿੰਦਰ ਸਿੰਘ ਸੱਤਾ, ਦਵਿੰਦਰ ਬੈਂਸ, ਨਵਜੋਤ ਜੋਤੀ, ਪ੍ਰਮੀਤ ਬੈਂਸ ਆਦਿ ਵੀ ਮੌਜੂਦ ਸਨ।
ਕੈਪਸ਼ਨ- ਲਾਲੀ ਬਾਜਵਾ।