ਦਲਜੀਤ ਕੌਰ/ਲਹਿਰਾਗਾਗਾ, 24 ਮਈ, 2023: ਅੱਜ ਇੱਥੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਕਾਰਕੁੰਨਾਂ ਵੱਲੋਂ ਸੁਖਦੇਵ ਚੰਗਾਲੀਵਾਲਾ ਦੀ ਅਗਵਾਈ ਵਿੱਚ ਫੈਡਰੇਸ਼ਨ ਦੇ ਪੰਜਾਬ ਦੇ ਪ੍ਰਧਾਨ ਸਤੀਸ਼ ਰਾਣਾ ਤੇ ਸਾਥੀਆਂ ਨੂੂੰ ਚੰਡੀਗੜ ਪੁਲਸ ਵੱਲੋਂ ਹਿਰਾਸਤ ਵਿੱਚ ਲੈਣ ਖਿਲਾਫ਼ ਤੁਰੰਤ ਪੈਰਾ ਰੋਸ ਪ੍ਰਗਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਣੇ-ਹੁਣੇ ਮਿਲੀ ਖਬਰ ਅਨੁਸਾਰ ਮਿਡ-ਡੇ-ਮੀਲ ਕਾਮਿਆਂ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਦੌਰਾਨ ਸਾਥੀ ਸਤੀਸ਼ ਰਾਣਾ ਅਤੇ ਹੋਰ ਸਾਥੀਆਂ ਨੂੰ ਜਿਹੜੇ ਗੱਲਬਾਤ ਲਈ ਗਏ ਸਨ ਨੂੰ ਮਿਡ-ਡੇ-ਮੀਲ ਕਾਮਿਆਂ ਸਮੇਤ ਪੰਜਾਬ ਭਵਨ ਵਿਚ ਡੀਟੇਨ ਕਰ ਲਿਆ ਹੈ। ਇਨ੍ਹਾਂ ਸਾਰੇ ਸਾਥੀਆਂ ਨੂੂੰ ਸੈਕਟਰ ਤਿੰਨ ਦੇ ਥਾਣੇ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 21 ਮਈ ਨੂੰ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਸਿੱਖਿਆ ਮੰਤਰੀ ਦੇ ਵਿਰੁੱਧ ਕੀਤੀ ਗਈ ਰੈਲੀ ਦੇ ਦਬਾਅ ਸਦਕਾ ਅੱਜ ਮਿਤੀ 24 ਮਈ ਨੂੰ ਸਿੱਖਿਆ ਮੰਤਰੀ ਨਾਲ ਮੀਟਿੰਗ ਫਿਕਸ ਕੀਤੀ ਗਈ ਸੀ।
ਅੱਜ ਜਦੋਂ ਸਿੱਖਿਆ ਮੰਤਰੀ ਵੱਲੋਂ ਲਿਖਤੀ ਮੀਟਿੰਗ ਦੇ ਦਿੱਤੇ ਗਏ ਸਮੇਂ ਅਨੁਸਾਰ ਮਿਡ ਡੇ ਮੀਲ ਵਰਕਰਜ਼ ਯੂਨੀਅਨ ਦੇ ਸੂਬਾ ਆਗੂ ਅਤੇ ਪਸਸਫ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਅਤੇ ਸਾਥੀ ਗੁਰਬਿੰਦਰ ਸਿੰਘ ਮੀਟਿੰਗ ਕਰਨ ਲਈ ਪੰਜਾਬ ਭਵਨ ਗਏ ਤਾਂ ਸਿੱਖਿਆ ਮੰਤਰੀ ਵੱਲੋਂ ਘਟੀਆ ਹਰਕਤਾਂ ਤੇ ਉੱਤਰਦਿਆਂ ਫੈਡਰੇਸ਼ਨ ਦੇ ਆਗੂਆਂ ਨੂੰ ਮੀਟਿੰਗ ਵਿੱਚ ਆਉਣ ਤੋਂ ਮਨ੍ਹਾ ਕੀਤਾ ਗਿਆ, ਜਿਸ ਤੇ ਮਿਡ ਡੇ ਮੀਲ ਵਰਕਰ ਯੂਨੀਅਨ ਦੇ ਆਗੂਆਂ ਵੱਲੋਂ ਫੈਡਰੇਸ਼ਨ ਦੇ ਆਗੂਆਂ ਨਾਲ ਹੀ ਮੀਟਿੰਗ ਤੇ ਜਾਣ ਦੀ ਗੱਲ ਆਖੀ ਗਈ।
ਸਿੱਖਿਆ ਮੰਤਰੀ ਦੇ ਕਹਿਣ ਤੇ ਪੁਲਿਸ ਕਰਮਚਾਰੀਆਂ ਵੱਲੋਂ ਮੀਟਿੰਗ ਦੇ ਗਏ ਆਗੂਆਂ ਨਾਲ ਬਦਸਲੂਕੀ ਕੀਤੀ ਗਈ ਜਿਸ ਦੇ ਸਿੱਟੇ ਵਜੋਂ ਆਗੂਆਂ ਵੱਲੋਂ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਸ਼ਹੀਦ ਭਗਤ ਸਿੰਘ ਦੇ ਨਾਮ ਤੇ ਵੋਟਾਂ ਲੈ ਕੇ ਸੱਤਾ ਵਿੱਚ ਆਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਿੱਖਿਆ ਮੰਤਰੀ ਦੇ ਹੁਕਮਾਂ ਤੇ ਮਿਡ ਡੇ ਮੀਲ ਵਰਕਰਜ਼ ਯੂਨੀਅਨ ਦੀਆਂ ਆਗੂਆਂ ਅਤੇ ਸਾਥੀ ਗੁਰਬਿੰਦਰ ਸਿੰਘ ਨੂੰ ਪੰਜਾਬ ਭਵਨ ਵਿਚ ਹੀ ਨਜ਼ਰਬੰਦ ਕੀਤਾ ਗਿਆ ਹੈ ਅਤੇ ਸਤੀਸ਼ ਰਾਣਾ ਨੂੰ ਚੰਡੀਗੜ੍ਹ ਸੈਕਟਰ-3 ਦੇ ਥਾਣੇ ਵਿਚ ਪੁਲੀਸ ਵੱਲੋਂ ਲਜਾਇਆ ਗਿਆ ਹੈ।
ਸਰਕਾਰ ਦੀ ਇਸ ਬਦਮਾਸ਼ੀ ਦੀ ਜਥੇਬੰਦੀ ਵੱਲੋਂ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਭਲਕੇ ਜਿਲ੍ਹਾ ਹੈੱਡਕੁਆਰਟਰ ‘ਤ ਸੰਗਰੂਰ ਵਿਖੇ ਪ੍ਰਦਰਸ਼ਨ ਕੀਤਾ ਜਾਵੇਗਾ।