
ਦਲਜੀਤ ਕੌਰ/ਲਹਿਰਾਗਾਗਾ, 13 ਮਈ, 2023: ਅੱਜ ਮਿਤੀ 13-05-2023 ਨੂੰ ਜੰਗਲਾਤ ਵਿਭਾਗ, ਲਹਿਰਾਗਾਗਾ ਦੇ ਦਫ਼ਤਰ ਅੱਗੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੇ ਸੱਦੇ ‘ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਬਲਾਕ ਲਹਿਰਾ-ਮੂਣਕ ਵੱਲੋਂ ਮਹਿਲਾ ਪਹਿਲਵਾਨਾਂ ਦੇ ਕੀਤੇ ਗਏ ਯੌਣ ਸ਼ੋਸ਼ਣ ਵਿਰੁੱਧ ਭਾਰੀ ਨਾਹਰੇਬਾਜੀ਼ ਕਰਕੇ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਇਸ ਪ੍ਰਦਰਸ਼ਨ ਵਿੱਚ ਜੰਗਲਾਤ ਵਿਭਾਗ ਦੀਆ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ।
ਇਸ ਮੌਕੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਚੰਗਾਲੀਵਾਲਾ ਅਤੇ ਜੰਗਲਾਤ ਵਰਕਰਜ਼ ਯੂਨੀਅਨ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਗਾਗਾ ਨੇ ਕਿਹਾ ਕਿ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਉਲੰਪਿਕ ਖੇਡਾਂ ਵਿੱਚ ਤਗਮੇ ਜਿੱਤਣ ਵਾਲੀਆਂ ਮਹਿਲਾ ਪਹਿਲਵਾਨ ਆਪਣੇ ਨਾਲ ਹੋਈਆਂ ਵਧੀਕੀਆਂ ਖਿਲਾਫ਼ ਦਿਨ-ਰਾਤ ਦੇ ਧਰਨੇ ਦੇਣ ਅਤੇ ਟੀਵੀ ਕੈਮਰਿਆਂ ਸਾਹਮਣੇ ਹੰਝੂ ਕੇਰਣ ਲਈ ਮਜ਼ਬੂਰ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੇ ਗੁੰਡੇ ਪਾਲ਼ ਰੱਖੇ ਹਨ ਜੋ ਹਰ ਵਰਗ ਦੇ ਲੋਕਾਂ ਨਾਲ ਧੱਕਾ ਕਰ ਰਹੇ ਹਨ।
ਜੰਗਲਾਤ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਸਤਨਾਮ ਸਿੰਘ ਸੰਗਤੀਵਾਲਾ, ਸਤਗੁਰ ਸਿੰਘ, ਚੜ੍ਹਤ ਸਿੰਘ, ਹੈਪੀ ਅਤੇ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਮੰਗੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹਨਾਂ ਪਹਿਲਵਾਨ ਕੁੜੀਆਂ ਦੇ ਹੱਕ ਵਿੱਚ ਜਥੇਬੰਦੀ ਉਦੋਂ ਤੱਕ ਸੰਘਰਸ਼ ਕਰਦੀ ਰਹੇਗੀ ਜਿਨ੍ਹਾਂ ਸਮਾਂ ਇਨਸਾਫ਼ ਨਹੀਂ ਮਿਲਦਾ। ਰੋਸ ਮੁਜ਼ਾਹਰੇ ਨੂੰ ਮੇਜਰ ਸਿੰਘ ਲਹਿਰਾ, ਬਲਦੇਵ ਸਰਕਾਰ ਆਦਿ ਨੇ ਵੀ ਸੰਬੋਧਨ ਕੀਤਾ।