ਮੁੰਬਈ, 26 ਮਾਰਚ/ਮੁੰਬਈ ਇੰਡੀਅਨਜ਼ ਨੇ ਪਲੇਠਾ ਮਹਿਲਾ ਪ੍ਰੀਮੀਅਰ ਲੀਗ ਖ਼ਿਤਾਬ ਜਿੱਤ ਲਿਆ ਹੈ। ਐੱਨ.ਸੀ. ਬਰੰਟ ਦੇ ਅਰਧ ਸੈਂਕੜੇ ਅਤੇ ਹਰਮਨਪ੍ਰੀਤ ਦੀ ਕਪਤਾਨੀ ਪਾਰੀ ਸਦਕਾ ਟੀਮ ਨੇ ਫਾਈਨਲ ਵਿੱਚ ਦਿੱਲੀ ਕੈਪੀਟਲਜ਼ ਨੂੰ 7 ਵਿਕਟਾਂ ਨਾਲ ਮਾਤ ਦਿੱਤੀ। ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਵੱਲੋਂ ਜਿੱਤ ਲਈ ਮਿਲਿਆ 132 ਦੌੜਾਂ ਦਾ ਟੀਚਾ 19.3 ਓਵਰਾਂ ਵਿੱਚ ਹਾਸਲ ਕਰ ਲਿਆ। ਟੀਮ ਵੱਲੋਂ ਐੱਨ.ਸੀ. ਬਰੰਟ ਨੇ ਅਰਧ ਸੈਂਕੜਾ ਜੜਦਿਆਂ ਨਾਬਾਦ 60 ਦੌੜਾਂ ਦੀ ਪਾਰੀ ਖੇਡੀ। ਟੀਮ ਦੀ ਜਿੱਤ ਵਿੱਚ ਹਰਮਨਪ੍ਰੀਤ ਨੇ 37 ਦੌੜਾਂ ਜਦਕਿ ਐੱਮ. ਕੈਰ ਨੇ 14 ਅਤੇ ਹੀਲੀ ਮੈਥਿਊਜ਼ ਨੇ 13 ਦੌੜਾਂ ਦਾ ਯੋਗਦਾਨ ਦਿੱਤਾ। ਦਿੱਲੀ ਵੱਲੋਂ ਰਾਧਾ ਯਾਦਵ ਤੇ ਜੇ. ਜੋਨਾਸਨ ਨੇ ਇੱਕ-ਇੱਕ ਵਿਕਟ ਹਾਸਲ ਕੀਤੀ। ਇਸ ਤੋਂ ਪਹਿਲਾਂ ਮੁੰਬਈ ਦੇ ਬਰਾਬੌਰਨ ਸਟੇਡੀਅਮ ਵਿੱਚ ਦਿੱਲੀ ਕੈਪੀਟਲਜ਼ ਟੀਮ ਨੇ ਟਾਸ ਜਿੱਤ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 131 ਦੌੜਾਂ ਬਣਾਈਆਂ ਸਨ। ਇੱਕ ਸਮੇਂ ਦਿੱਲੀ ਕੈਪੀਟਲਜ਼ ਟੀਮ ਦਾ ਸਕੋਰ 11 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ 74 ਦੌੜਾਂ ਸੀ ਪਰ ਸਿਰਫ 5 ਦੌੜਾਂ ਦੇ ਵਕਫ਼ੇ ਦੌਰਾਨ ਹੀ ਟੀਮ ਦੀਆਂ 6 ਵਿਕਟਾਂ ਡਿੱਗ ਪਈਆਂ ਅਤੇ ਟੀਮ ਦਾ ਸਕੋਰ 16 ਓਵਰਾਂ ਵਿੱਚ 79 ਹੋ ਗਿਆ। ਇਸ ਮਗਰੋਂ ਸ਼ਿਖਾ ਪਾਂਡੇ ਨੇ ਅਤੇ ਰਾਧਾ ਯਾਦਵ ਨੇ 10ਵੀਂ ਵਿਕਟ ਲਈ 52 ਦੌੜਾਂ ਦੀ ਭਾਈਵਾਲੀ ਕਰਦਿਆਂ ਟੀਮ ਦਾ ਸਕੋਰ 131 ਦੌੜਾਂ ਤੱਕ ਪਹੁੰਚਾਇਆ। ਸ਼ਿਖਾ ਪਾਂਡੇ ਤੇ ਰਾਧਾ ਯਾਦਵ ਨੇ 27-27 ਦੌੜਾਂ ਬਣਾਈਆਂ। ਟੀਮ ਵੱਲੋਂ ਮੈੱਗ ਲੈਨਿੰਗ ਨੇ ਸਭ ਤੋਂ ਵੱਧ 35 ਦੌੜਾਂ ਦੀ ਪਾਰੀ ਖੇਡੀ ਜਦਕਿ ਮੈਰੀਜ਼ੇਨ ਕਾਪ ਨੇ 18 ਤੇ ਸ਼ੈਫਾਲੀ ਵਰਮਾ ਨੇ 11 ਦੌੜਾਂ ਬਣਾਈਆਂ। ਮੁੰਬਈ ਇੰਡੀਅਨਜ਼ ਵੱਲੋਂ ਹੀਲੀ ਮੈਥਿਊਜ਼ ਤੇ ਆਈ. ਵੌਂਗ ਨੇ 3-3 ਜਦਕਿ ਐੱਮ. ਕੈਰ ਨੇ 2 ਵਿਕਟਾਂ ਹਾਸਲ ਕੀਤੀਆਂ। ਮੁੰਬਈ ਇੰਡੀਅਨਜ਼ ਦੀ ਐੱਨ.ਸੀ. ਬਰੰਟ ‘ਪਲੇਅਰ ਆਫ ਦਿ ਮੈਚ’ ਚੁਣੀ ਗਈ। ਮੁੰਬਈ ਇੰਡੀਅਨਜ਼ ਦੀ ਹੀਲੀ ਮੈਥਿਊਜ਼ ਨੂੰ ‘ਸਰਵੋਤਮ ਗੇਂਦਬਾਜ਼’ ਅਤੇ ਦਿੱਲੀ ਕੈਪੀਟਲਜ਼ ਦੀ ਮੈੱਗ ਲੈਨਿੰਗ ਨੂੰ ‘ਸਰਵੋਤਮ ਬੱਲੇਬਾਜ਼’ ਚੁਣਿਆ ਗਿਆ। ਪੀਟੀਆਈ
ਮਹਿਲਾ ਪ੍ਰੀਮੀਅਰ ਲੀਗ: ਮੁੰਬਈ ਇੰਡੀਅਨਜ਼ ਬਣੀ ਚੈਂਪੀਅਨ
Share:
Voting poll
What does "money" mean to you?