ਹੁਸ਼ਿਆਰਪੁਰ 25 ਅਪ੍ਰੈਲ (ਤਰਸੇਮ ਦੀਵਾਨਾ) ਵਿਸ਼ਵ ਮਲੇਰੀਆ ਦਿਵਸ ਮੌਕੇ “ਜ਼ੀਰੋ ਮਲੇਰੀਆ ਪ੍ਰਦਾਨ ਕਰਨ ਦਾ ਸਮਾਂ: ਨਿਵੇਸ਼ ਕਰੋ, ਨਵੀਨਤਾ ਅਪਣਾਓ, ਲਾਗੂ ਕਰੋ” ਥੀਮ ਤੇ ਅਧਾਰਿਤ ਇੱਕ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਦੀ ਪ੍ਰਧਾਨਗੀ ਅਤੇ ਜਿਲ੍ਹਾ ਐਪੀਡਿਮੋਲੇਜਿਸਟ ਦੀ ਅਗਵਾਈ ਵਿਚ ਦਫਤਰ ਸਿਵਲ ਸਰਜਨ ਦੇ ਟ੍ਰੇਨਿੰਗ ਹਾਲ ਵਿਖੇ ਆਯੋਜਿਤ ਕੀਤੀ ਗਈ। ਇਸ ਮੌਕੇ ਜਾਗਰੂਕਤਾ ਸਮੱਗਰੀ ਵੀ ਜਾਰੀ ਕੀਤੀ ਗਈ। ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਨੇ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਨੇ ਕਿਹਾ ਕਿ ਬਰਸਾਤਾਂ ਦੇ ਮੌਸਮ ਵਿੱਚ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਮਲੇਰੀਆਂ, ਡੇਂਗੂ, ਚਿਕਨਗੁਨੀਆਂ ਆਦਿ ਸ਼ਾਮਲ ਹਨ ਤੋਂ ਬਚਾਅ ਲਈ ਜਰੂਰੀ ਹੈ ਕਿ ਮੱਛਰ ਦੇ ਪੈਦਾ ਹੋਣ ਨੂੰ ਰੋਕਿਆਂ ਜਾਵੇ ਅਤੇ ਇਸ ਦੇ ਕੱਟਣ ਤੋਂ ਬਚਾਅ ਕੀਤਾ ਜਾਵੇ। ਇਸ ਲਈ ਜਰੂਰੀ ਹੈ ਕਿ ਮੱਛਰ ਪੈਦਾ ਕਰਨ ਵਾਲੇ ਹਾਲਾਤ ਖਤਮ ਕੀਤੇ ਜਾਣ। ਲੋਕ ਇਸਦੇ ਫੈਲਣ ਦੇ ਕਾਰਣਾਂ, ਇਸ ਤੋਂ ਬਚਾਅ ਸਬੰਧੀ ਸਾਵਧਾਨੀਆਂ ਅਤੇ ਇਸਦੇ ਲੱਛਣਾਂ ਬਾਰੇ ਪੂਰੀ ਤਰ੍ਹਾ ਜਾਗਰੂਕ ਹੋਣ। ਇਸ ਸੰਬੰਧੀ ਹੁਣ ਤੋਂ ਹੀ ਜਾਗਰੂਕਤਾ ਅਤੇ ਬਚਾਅ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਜਾਣ ਤਾਂ ਜੋ ਮਲੇਰੀਆ ਤੇ ਕਾਬੂ ਰੱਖਿਆ ਜਾ ਸਕੇ। ਉਹਨਾਂ ਕਿਹਾ ਕਿ ਮਲੇਰੀਆ ਮੁਕਤ ਸਮਾਜ ਬਣਾਉਣ ਲਈ ਸਭ ਦੀ ਹਿੱਸੇਦਾਰੀ ਜਰੂਰੀ ਹੈ ਤਾਂ ਹੀ 2025 ਤੱਕ ਪੰਜਾਬ ਨੂੰ ਮਲੇਰੀਆ ਮੁਕਤ ਰਾਜ ਬਣਾਉਣ ਦਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਵਰਕਸ਼ਾਪ ਦੌਰਾਨ ਉਹਨਾ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਮਲੇਰੀਆਂ ਇੱਕ ਕਿਸਮ ਦਾ ਗੰਭੀਰ ਬੁਖਾਰ ਹੈ ਜੋ ਕਿ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਰਾਤ ਵੇਲੇ ਕੱਟਦਾ ਹੈ। ਮੱਛਰ ਸਾਫ ਅਤੇ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ, ਜਿਵੇਂ ਕਿ ਨਾਲੀਆਂ, ਛੱਪੜਾਂ ਤੇ ਪਾਣੀ, ਟੋਇਆਂ ਆਦਿ ਵਿੱਚ ਪਾਣੀ ਖੜਾ ਰਹੇ। ਇਸ ਲਈ ਜ਼ਰੂਰੀ ਹੈ ਕਿ ਆਪਣੇ ਆਪ ਦਾ ਮੱਛਰਾਂ ਤੋਂ ਬਚਾਅ ਕੀਤਾ ਜਾਵੇ। ਆਪਣੇ ਆਲ ਦੁਆਲੇ ਦੀ ਸਾਫ਼ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ । ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਠੰਡ ਅਤੇ ਕਾਂਬੇ ਨਾਲ ਬੁਖਾਰ, ਤੇਜ਼ ਬੁਖਾਰ ਅਤੇ ਸਿਰ ਦਰਦ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਹੋਵੇ ਅਤੇ ਸਰੀਰ ਨੂੰ ਪਸੀਨਾ ਆਵੇ ਤਾਂ ਇਹ ਮਲੇਰੀਆ ਬੁਖਾਰ ਹੋ ਸਕਦਾ ਹੈ। ਇਹ ਲੱਛਣ ਦਿਸਣ ਤੇ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ਜਾ ਕੇ ਆਪਣੇ ਖੂਨ ਦੀ ਜਾਂਚ ਕਰਵਾਓ ਅਤੇ ਡਾਕਟਰ ਦੀ ਸਲਾਹ ਲਵੋ, ਆਪਣੇ ਆਪ ਕੋਈ ਵੀ ਦਵਾ ਨਾ ਲਓ। ਉਨ੍ਹਾਂ ਕਿਹਾ ਕਿ ਮੱਛਰਾਂ ਤੋਂ ਬਚਣ ਲਈ ਕੱਪੜੇ ਅਜਿਹੇ ਪਾਉ ਕਿ ਸਰੀਰ ਪੂਰੀ ਤਰ੍ਹਾ ਢੱਕਿਆ ਰਹੇ। ਰਾਤ ਨੂੰ ਸੋਣ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਤੇ ਤੇਲ ਆਦਿ ਦੀ ਵਰਤੋ ਕੀਤੀ ਜਾਵੇ। ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਇਸ ਵਰਕਸ਼ਾਪ ਦੌਰਾਨ ਸਹਾਇਕ ਸਿਵਲ ਸਰਜਨ ਡਾ.ਪਵਨ ਕੁਮਾਰ, ਜਿਲ੍ਹਾ ਪ੍ਰੋਗਰਾਮ ਮੈਨੇਜਰ ਮੁਹੰਮਦ ਆਸਿਫ਼ ,ਆਦਿ ਹਾਜ਼ਰ ਸਨ ।
ਮਲੇਰੀਆ ਮੁਕਤ ਸਮਾਜ ਬਣਾਉਣ ਲਈ ਸਭ ਦੀ ਹਿੱਸੇਦਾਰੀ ਜਰੂਰੀ ਹੈ : ਡਾ ਬਲਵਿੰਦਰ ਕੁਮਾਰ /ਡਾ ਪਵਨ ਕੁਮਾਰ
Share:
Voting poll
What does "money" mean to you?