April 12, 2026 7:48 pm

ਭੰਗੀਪੁਲ ਤੋਂ ਲੈ ਕੇ ਪਿੱਪਲਾਂ ਵਾਲਾ ਤੱਕ ਬਰਸਾਤੀ ਪਾਣੀ ਦੇ ਨਿਕਾਸ ਲਈ ਸੜਕਾਂ ਦੇ ਦੋਹੀ ਪਾਸੀ ਪਾਏ ਬਣੇ ਡਰੇਨੇਜ਼ ਨੂੰ ਦੁਕਾਨਦਾਰਾਂ ਨੇ ਬਣਾਇਆ ਕੂੜੇ ਕਰਕਟ ਦਾ ਡੰਪ

Share:

ਹੁਸ਼ਿਆਰਪੁਰ,  9 ਮਈ, (ਤਰਸੇਮ ਦੀਵਾਨਾ) ਨਗਰ ਨਿਗਮ, ਸਥਾਨਕ ਪ੍ਰਸਾਸ਼ਨ ਅਤੇ ਰਾਜ ਕਰ ਚੁੱਕੀਆਂ ਤੇ ਕਰ ਰਹੀਆਂ ਰਾਜਸੀ ਪਾਰਟੀਆਂ ਦੇ ਹਾਕਮ ਬੜੇ ਵੱਡੇ ਵੱਡੇ ਦਾਅਵੇ ਕਰਦੇ ਥੱਕਦੇ ਨਹੀ ਕਿ ਹੁਸ਼ਿਆਰਪੁਰ ਸ਼ਹਿਰ ਨੂੰ ਸਵਰਗ ਬਣਾ ਦਿੱਤਾ ਜਾਵੇਗਾ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ। ਹੁਸ਼ਿਆਰਪੁਰ ਸ਼ਹਿਰ ਵਿੱਚ ਦੀ ਲੰਘਦੀ ਜਲੰਧਰ-ਚਿੰਤਪੁਰਨੀ ਹਾਈਵੇਅ ਰੋਡ ਦੀ ਟਰੈਫਿਕ ਨੂੰ ਘੱਟ ਕਰਨ ਅਤੇ ਬਰਸਾਤੀ ਪਾਣੀ ਦੇ ਨਿਕਾਸ ਲਈ ਭੰਗੀਪੁਲ ਤੋਂ ਲੈ ਕੇ ਪਿੱਪਲਾਂ ਵਾਲਾ ਤੱਕ ਅਕਾਲੀ-ਭਾਜਪਾ ਸਰਕਾਰ ਵੇਲੇ ਸੜਕਾਂ ਦੇ ਦੋਹੀ ਪਾਸੀ ਕਰੀਬ 465 ਕਰੋੜ ਦੀ ਲਾਗਤ ਨਾਲ ਡਰੇਨੇਜ਼ ਪਾਇਆ ਗਿਆ ਅਤੇ ਦੋਵੇ ਪਾਸੇ ਸਥਾਨਕ ਲੋਕਾਂ ਦੀ ਆਵਾਜਾਈ ਦੀ ਸੁਵਿਧਾ ਲਈ ਸਰਵਿਸ ਲੇਨ ਬਣਾਈ ਗਈ ਸੀ। ਪਰ ਇਸ ਡਰੇਨੇਜ ਅਤੇ ਸਰਵਿਸ ਲੇਨ ਨੂੰ ਸਮੇਂ ਦੇ ਅਧਿਕਾਰੀਆਂ ਵਲੋਂ ਗਲਤ ਢੰਗ ਨਾਲ ਬਣਾਉਣ, ਦੁਕਾਨਦਾਰਾਂ ਦੀ ਮਿਲੀ ਭੁਗਤ ਨਾਲ ਨਿਯਮਾਂ ਨੂੰ ਛਿੱਕੇ ਟੰਗ ਕੇ ਜਗ੍ਹਾ ਜਗ੍ਹਾ ਤੋਂ ਰਸਤੇ ਛੱਡ ਕੇ ਮੋਟਾ ਭ੍ਰਿਸ਼ਟਾਚਾਰ ਕੀਤਾ ਗਿਆ, ਹਰ ਛੱਡੇ ਰਸਤੇ ਤੋਂ ਦੋਵੇਂ ਪਾਸੀ ਡਰੇਨੇਜ ਨੂੰ ਖੁੱਲ੍ਹਾ ਛੱਡ ਕੇ ਡੰਪ ਦੇ ਤੌਰ ਤੇ ਵਰਤਣ ਲਈ ਵੀ ਦੁਕਾਨਦਾਰਾਂ ਨੂੰ ਗੰਦੀ ਸਹੂਲਤ ਦਿੱਤੀ ਗਈ।
ਇੱਥੇ ਹੀ ਬੱਸ ਨਹੀਂ ਲੱਗਪੱਗ ਸਾਰੇ ਹੀ ਸਥਾਨਕ ਦੁਕਾਨਦਾਰ ਆਪਣੀਆਂ ਦੁਕਾਨਾਂ ਦੀ ਸਾਫ ਸਫਾਈ ਦਾ ਸਾਰ ਕੂੜਾ ਕਰਕਟ ਇਸ ਡਰੇਨੇਜ਼ ਵਿੱਚ ਸੁੱਟ ਕੇ ਇਸ ਨੂੰ ਬਤੌਰ ਡੰਪ ਵਰਤ ਰਹੇ ਹਨ ਅਤੇ ਅੱਜ ਕੱਲ ਕਈ ਥਾਵਾਂ ਤੋਂ ਇਹ ਡਰੇਨੇਜ਼ ਬੰਦ ਵੀ ਹੋਇਆ ਪਿਆ ਹੈ। ਥਾਂ ਥਾਂ ਤੋਂ ਬੰਦ ਹੋਏ ਡਰੇਨੇਜ਼ ਵਿੱਚ ਬਰਸਾਤ ਦਾ ਪਾਣੀ ਜਾਂ ਦੁਕਾਨਦਾਰਾਂ ਵੱਲੋ ਇਸ ਵਿੱਚ ਸੁਟਿਆ ਪਾਣੀ ਮੱਛਰ ਪਾਲਣ ਦਾ ਕੰਮ ਵੀ ਕਰ ਰਿਹਾ ਹੈ। ਜਿਸ ਨਾਲ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਵੀ ਫੈਲ ਸਕਦੀਆਂ ਹਨ। ਸਰਵਿਸ ਲੇਨ ਨੂੰ ਦੁਕਾਨਦਾਰਾਂ ਵਲੋਂ ਨਜਾਇਜ਼ ਵਰਤਣ ਅਤੇ ਕਈ ਦੁਕਾਨਦਾਰਾਂ ਅਤੇ ਖੋਖਿਆਂ ਵਾਲਿਆਂ ਵਲੋਂ ਸੜਕ ਦੇ ਦੋਹੀਂ ਪਾਸੀਂ ਨਜਾਇਜ਼ ਕਬਜੇ ਕਰਕੇ ਨਜਾਇਜ ਦੁਕਾਨਾਂ ਚਲਾਉਣ ਦੇ ਨਾਲ ਨਾਲ ਇਸ ਡਰੇਨੇਜ਼ ਨੂੰ ਡੰਪ ਦੇ ਤੌਰ ਤੇ ਵੀ ਵਰਤਿਆ ਜਾ ਰਿਹਾ ਹੈ। ਇੱਥੇ ਇਹ ਦਸਣਾ ਵੀ ਜਰੂਰੀ ਹੈ ਕਿ ਮਹਾਰਾਜਾ  ਜੱਸਾ ਸਿੰਘ ਰਾਮਗੜ੍ਹੀਆਂ ਚੌਕ ਵਿੱਚ ਬੱਸ ਸਟੌਪ ਦੇ ਕੋਲ ਡਰੇਨੇਜ ਨੂੰ ਬਿਲਕੁਲ ਬੰਦ ਕਰਕੇ ਉਸ ਜਗ੍ਹਾ ਤੇ ਇੱਕ ਰੇਹੜੀ ਵਾਲਾ ਪੱਕਾ ਅੱਡਾ ਬਣਾ ਕੇ ਮੋਟੀ ਕਮਾਈ ਕਰ ਰਿਹਾ ਹੈ। ਕੀ ਉਹ ਕੁਝ ਅਰਸੇ ਬਾਅਦ ਉਸ ਜਗ੍ਹਾ ਤੇ ਆਪਣਾ ਹੱਕ ਨਹੀ ਜਤਾਏਗਾ। ਫਿਰ ਕੁੱਝ ਸਿਰ ਫਿਰੇ ਲੋਕ ਜਾਂ ਘੜੱਮ ਚੌਧਰੀ ਉਸ ਦੇ ਹੱਕ ਵਿੱਚ ਵੀ ਖੜ੍ਹ ਜਾਣਗੇ।
ਸੜਕ ਦੇ ਦੋਵੇਂ ਪਾਸੇ ਬਣਾਈ ਸਰਵਿਸ ਲੇਨ
ਇਸ ਸੜਕ ਦੇ ਦੋਵੇਂ ਪਾਸੇ ਬਣਾਈ ਸਰਵਿਸ ਲੇਨ ਸਥਾਨਕ ਲੋਕਾਂ ਦੀ ਸੁਰੱਖਿਅਤ ਆਵਾਜਾਈ ਦੇ ਉਦੇਸ਼ ਨਾਲ ਬਣਾਈ ਗਈ ਸੀ। ਅੱਜ ਇਹ ਅਵਸਥਾ ਹੈ ਕਿ ਕੋਈ ਵੀ ਔਰਤ, ਬਜੁਰਗ, ਬੱਚਾ ਤੁਰ ਕੇ ਵੀ ਇਸ ਸਰਵਿਸ ਲੇਨ ਰਾਹੀਂ ਲੰਘ ਨਹੀਂ ਸਕਦਾ। ਜਦੋਂ ਕਿ ਇਹ ਸਰਵਿਸ ਲੇਨ ਸਥਾਨਕ ਲੋਕਾਂ ਲਈ ਪੈਦਲ, ਸਾਈਕਲਾਂ, ਸਕੂਟਰਾਂ ਅਤੇ ਕਾਰਾਂ ਆਦਿ ਰਾਹੀ ਸੁਰੱਖਿਅਤ ਮੇਨ ਰੋਡ ਹਾਈਵੇਅ ਤੇ ਜਾਣ ਦੀ ਸਹੂਲਤ ਲਈ ਹੈ। ਇਹ ਸਰਵਿਸ ਲੇਨ ‘ਤੇ ਹੋਏ ਨਜਾਇਜ਼ ਕਬਜ਼ਿਆਂ ਕਾਰਨ ਪੈਦਲ, ਸਾਈਕਲ, ਸਕੂਟਰਾਂ ਅਤੇ ਕਾਰ ਚਾਲਕਾਂ ਆਦਿ ਨੂੰ ਸਿੱਧੇ ਤੌਰ ਤੇ ਮੇਨ ਹਾਈਵੇਅ ਤੇ ਜਾਣਾ ਪੈਂਦਾ ਹੈ, ਜਿਸ ਦੌਰਾਨ ਥੋੜੀ ਜਿਹੀ ਗਲਤੀ ਕਾਰਨ ਲੋਕ ਅਕਸਰ ਹੀ ਦੁਰਘਟਨਾ ਦੇ ਸ਼ਿਕਾਰ ਹੋ ਜਾਂਦੇ ਹਨ।ਮੌਜੂਦਾ ਸਮੇਂ ਇਹ ਸਰਵਿਸ ਲੇਨ ਸਮੂੰਹ ਦੁਕਾਨਦਾਰ ਆਪਣੀ ਨਿੱਜੀ ਸੰਪਤੀ ਸਮਝ ਕੇ ਵਰਤ ਰਹੇੇ ਹਨ।
ਸਰਵਿਸ ਲੇਨ ਤੇ ਅਣ-ਅਧਿਕਾਰਿਤ ਕਬਜੇ
ਸਰਵਿਸ ਲੇਨ ਦੀ ਤਰ੍ਹਾਂ ਪੁਰਾਣੀ ਚੂੰਗੀ ਤੋਂ ਲੈ ਕੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਕ ਤੱਕ ਬਿਜਲੀ ਬੋਰਡ ਦੇ ਦਫਤਰ ਅੱਗੇ ਬਣੀ ਸਰਵਿਸ ਲੇਨ ਤੇ ਰੱਖੇ ਅਣਗਿਣਤ ਦੁਕਾਨ ਨੁਮਾ ਖੋਖੇ ਵੀ ਸਥਾਨਕ ਪ੍ਰਸ਼ਾਸ਼ਨ ਅਤੇ ਨਗਰ ਨਿਗਮ ਪ੍ਰਸ਼ਾਸ਼ਨ ਨੂੰ ਵਿਖਾਈ ਨਹੀਂ ਦੇ ਰਹੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਹ ਸੱਭ ਕੁਝ ਪ੍ਰਸਾਸ਼ਨ ਆਪ ਤਾਂ ਨਹੀ ਕਰਵਾ ਰਿਹਾ। ਅੱਜ ਤਾਂ ਟ੍ਰੈਫਿਕ ਦੀ ਸਮੱਸਿਆ ਘੱਟ ਹੈ ਪਰ ਇਹ ਦਿਨੋਂ ਦਿਨ ਵੱਧ ਰਹੀ ਹੈ। ਜਦੋਂ ਨੂੰ ਟ੍ਰੈਫਿਕ ਸਮੱਸਿਆ ਵਧਣੀ ਹੈ ਉਦੋਂ ਤੱਕ ਇੰਨ੍ਹਾਂ ਦੁਕਾਨ ਨੁਮਾਂ ਖੋਖਿਆਂ ਨੂੰ ਰੱਖਿਆਂ ਤੇ ਇੰਨ੍ਹਾਂ ਵਿੱਚ ਕੰਮ ਕਰਦਿਆਂ ਕਈ ਸਾਲ ਹੋ ਚੁਕੇ ਹੋਣਗੇ। ਫਿਰ ਜਦੋਂ ਸਥਾਨਕ ਪ੍ਰਸਾਸ਼ਨ ਇੰਨ੍ਹਾਂ ਨੂੰ ਇੱਥੋ ਉਠਾਏਗਾ ਤਾਂ ਫਿਰ ਇਹ ਰਾਜਨੀਤਕ ਮੁਦਾ ਬਣ ਕੇ ਪ੍ਰਸਾਸ਼ਨ ਅਤੇ ਲੋਕਾਂ ਦੀ ਗਲੇ ਦੀ ਹੱਡੀ ਬਣ ਜਾਵੇਗਾ।
ਪੁਰਾਣੀ ਚੂੰਗੀ ਚੌਕ ਵਿੱਚ ਸੜਕ ਥੱਲੇ ਪੁਲੀ ਨਾ ਬਣਾਉਣ ਬਾਰੇ
ਜਦੋਂ ਡਰੇਨੇਜ ਅਤੇ ਸਰਵਿਸ ਲੇਨ ਬਣਾਈ ਗਈ ਸੀ ਤਾਂ ਉਸ ਸਮੈਂ ਮੇਨ ਸੜਕ ਦੇ ਦੋਨੋ ਪਾਸੇ ਦੀ ਸਰਵਿਸ ਲੇਨ ਸੜਕ ਲਈ ਪੁਲੀ ਬਣਨੀ ਸੀ। ਪਰ ਉਸ ਵੇਲੇ ਦੇ ਠੇਕੇਦਾਰ ਨੇ ਸਥਾਨਕ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸੜਕ ਦੇ ਦੋਨੋ ਪਾਸੇ ਪੁਲੀ ਨਹੀ ਬਣਾਈ ਗਈ। ਜਿਸ ਕਰਕੇ ਵੀ ਇਹ ਸਰਵਿਸ ਲੇਨ ਸਹੀ ਢੰਗ ਨਾਲ ਵਰਤੋਂ ਵਿੱਚ ਨਹੀ ਆ ਰਹੀ। ਸਬੰਧਤ ਵਿਭਾਗ ਦੇ ਅਧਿਕਾਰੀਆਂ ਨੇ ਉਸ ਵਕਤ ਦੇ ਠੇਕੇਦਾਰ ਤੋਂ ਇਹ ਪੁਲੀ ਕਿਊਂ ਨਹੀਂ ਬਣਵਾਈ। ਵੇਖਣਾ ਹੁਣ ਇਹ ਹੋਵੇਗਾ ਕਿ ਜਿਲ੍ਹਾ ਪ੍ਰਸਾਸ਼ਨ ਅਤੇ ਸਰਕਾਰ ਵਲੋਂ ਨਿਰਪੱਖ ਜਾਂਚ ਕਰਵਾ ਕੇ ਦੋਸ਼ੀ ਠੇਕੇਦਾਰ ਅਤੇ ਅਧਿਕਾਰੀਆਂ ਦੀ ਜਿੰਮੇਵਾਰੀ ਫਿਕਸ ਕਰਦੇ ਹੋਏ ਸਖਤ ਪ੍ਰਸਾਸ਼ਕੀ/ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਾਂ ਨਹੀਂ ਜਾਂ ਗੋਗਲੂਆਂ ਤੋਂ ਮਿੱਟੀ ਝਾੜ ਕੇ ਗੱਲ ਨੂੰ ਆਈ-ਗਈ ਕਰ ਦਿੱਤਾ ਜਾਵੇਗਾ।
ਨਗਰ ਨਿਗਮ ਦਾ ਰੋਲ
ਪੁਲੀ ਨਾ ਬਨਣ ਕਰਕੇ ਅਤੇ ਸੜਕ ਵਿੱਚ ਲੱਗੇ ਬਿਜਲੀ ਪੋਲਾਂ ਅਤੇ ਮਸ਼ਹੂਰੀ ਦੇ ਬੋਰਡਾਂ ਦੀ ਆੜ ਵਿੱਚ ਬਿਜਲੀ ਬੋਰਡ ਵਾਲੇ ਪਾਸੇ ਬੜੀ ਵੱਡੀ ਫਲਾਂ ਦੀ ਦੁਕਾਨ ਕਰੀਬ ਪੰਜ ਸਾਲਾਂ ਤੋਂ ਚੱਲ ਰਹੀ ਹੈ। ਇਸੇ ਹੀ ਤਰ੍ਹਾਂ ਬਿਜਲੀ ਬੋਰਡ ਦੀ ਦਾਰੀ ਚਾਰ ਦਿਵਾਰੀ ਦੇ ਅੱਗੇ ਸਰਵਿਸ ਲੇਨ ਵਿੱਚ ਅਣਗਿਣਤ ਖੋਖੇ ਲੱਗੇ ਹੋਏ ਹਨ। ਜੋ ਉਹ ਵੀ ਕਰੀਬ 5-6 ਸਾਲਾਂ ਤੋਂ ਸਤਾਪਤ ਹਨ ਇੰਨ੍ਹਾਂ ਵਿੱਚ ਕਈ ਖੋਖੇ ਮੀਟ ਦੀ ਦੁਕਾਨ ਦੇ ਹਨ ਅਤੇ ਕਈ ਮੀਟ ਬਣਾ ਕੇ ਵੀ ਦਿੰਦੇ ਹਨ ਜਿਸ ਕਰਕੇ ਇਨ੍ਹਾਂ ਖੋਖਿਆ ਤੇ ਸ਼ਾਮ ਨੂੰ ਨਸ਼ਾ ਪੀਣ ਵਾਲਿਆਂ ਦੇ ਝੁੰਡ ਵੀ ਅਕਸਰ ਵੇਖੇ ਜਾ ਸਕਦੇ ਹਨ। ਨੇਰੇ-ਸਵੇਰੇ ਇਸ ਸਰਵਿਸ ਲੇਨ ਰਾਹੀਂ ਇਕੱਲੀਆਂ ਔਰਤਾਂ ਜਾਂ ਲੜਕੀਆਂ ਦਾ ਲੰਘਣਾ ਵੀ ਦੁਸ਼ਵਾਰ ਹੈ। ਵੇਖਣਾ ਹੁਣ ਇਹ ਹੋਵੇਗਾ ਕਿ ਨਗਰ ਨਿਗਮ ਅਤੇ ਸਥਾਨਕ ਪ੍ਰਸਾਸ਼ਨ ਇਸ ਪਾਸੇ ਵਾਲ ਕੋਈ ਧਿਆਨ ਦਿੰਦਾ ਹੈ ਜਾਂ ਨਹੀਂ।
ਕੀ ਕਹਿਣਾ ਹੈ ਸਥਾਨਕ ਪ੍ਰਸ਼ਾਸ਼ਨ ਅਤੇ ਸਰਕਾਰ ਦਾ
ਉਪਰੋਕਤ ਇਸ ਗੰਭੀਰ ਮਸਲੇ ਸਬੰਧੀ ਸਥਾਨਕ ਲੋਕਾਂ ਵਲੋਂ ਨਗਰ ਨਿਗਮ ਪ੍ਰਸਾਸ਼ਨ, ਸਥਾਨਕ ਮੇਅਰ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਦੇ ਵੀ ਕਈ ਵਾਰ ਧਿਆਨ ਵਿੱਚ ਲਿਆਂਦਾ ਗਿਆ ਹੈ ਪਰ ਅੱਜ ਤੱਕ ਕਿਸੇ ਨੇ ਵੀ ਇਸ ਦੀ ਸਾਰ ਨਹੀਂ ਲਈ। ਜਦੋਂ ਇਸ ਸਬੰਧੀ ਸਥਾਨਕ ਮੇਅਰ ਨੂੰ ਪੁਛਿਆ ਜਾਂਦਾ ਹੈ ਤਾਂ ਉਹ ਇਹ ਕਹਿ ਕੇ ਟਾਲ ਦਿੰਦੇ ਹਨ ਕਿ ਇਹ ਕਬਜੇ ਉਨ੍ਹਾਂ ਦੁਕਾਨਦਾਰਾਂ ਨੇ ਮੇਰੇ ਸਮੇਂ ਵਿੱਚ ਨਹੀ ਕੀਤੇ। ਇਸ ਲਈ ਮੈ ਉਨ੍ਹਾਂ ਦੇ ਕਬਜੇ ਨਹੀ ਹਟਾ ਸਕਦਾ। ਡਿਪਟੀ ਕਮਿਸ਼ਨਰ ਜੀ ਦੇ ਵੀ ਇਹ ਮੁੱਦਾ ਕਈ ਮੀਟਿੰਗਾਂ ਵਿੱਚ ਧਿਆਨ ਵਿੱਚ ਲਿਆਂਦਾ ਗਿਆ ਪਰ ਸਥਾਨਕ ਪ੍ਰਸਾਸ਼ਕ ਕਮ ਨਗਰ ਨਿਗਮ ਕਮਿਸ਼ਨਰ ਹੁੰਦਿਆਂ ਹੋਇਆਂ ਵੀ ਉਨ੍ਹਾਂ ਵਲੋਂ ਵੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਮੌਜੂਦਾ ਮੰਤਰੀ ਸਾਹਿਬ ਵੀ ਇਸ ਸਬੰਧੀ ਕੁੱਝ ਨਹੀਂ ਕਰ ਰਹੇ। ਵੇਖਣਾ ਹੁਣ ਰਿਹ ਹੋਵੇਗਾ ਕਿ ਮੰਤਰੀ ਸਾਹਿਬ ਦੇ ਦਿੱਤੇ ਜਾਂਦੇ ਬਿਆਨ ਕਿ ਹੁਸ਼ਿਆਰਪੁਰ ਸ਼ਹਿਰ ਨੂੰ ਸੁੰਦਰ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਕਿਵੇਂ ਪੂਰੇ ਕੀਤੇ ਜਾਂਦੇ ਹਨ?
seculartvindia
Author: seculartvindia

Leave a Comment

Voting poll

What does "money" mean to you?
  • Add your answer

latest news