
ਦਲਜੀਤ ਕੌਰ/ਬਰਨਾਲਾ, 3 ਮਈ, 2023: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾਈ ਮੀਟਿੰਗ, ਮਨਜੀਤ ਸਿੰਘ ਧਨੇਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬਾਬਾ ਕਾਲਾ ਮਹਿਰ ਬਰਨਾਲਾ ਵਿਖੇ ਹੋਈ। ਇਸ ਵਿੱਚ ਸੂਬਾ ਕਮੇਟੀ ਮੈਂਬਰਾਂ ਤੋਂ ਇਲਾਵਾ ਜ਼ਿਲਿਆਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਸ਼ਾਮਲ ਹੋਏ। ਇਸ ਮੀਟਿੰਗ ਦੀ ਕਾਰਵਾਈ ਸੰਬੰਧੀ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਸਮੁੱਚੇ ਦੇਸ਼ ਵਿੱਚ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਅਤੇ ਕਿਸਾਨ ਵਿਰੋਧੀ ਨੀਤੀਆਂ ਕਾਰਨ ਖੇਤੀਬਾੜੀ ਦਾ ਸੰਕਟ ਗਹਿਰਾ ਹੋ ਰਿਹਾ ਹੈ। ਇਸ ਸੰਕਟ ਨੂੰ ਵਿਸਥਾਰ ਵਿੱਚ ਸਮਝਣ, ਚੁਣੌਤੀਆਂ ਅਤੇ ਸੰਭਾਵਨਾਵਾਂ ਨੂੰ ਟਿੱਕਣ ਲਈ ਜਥੇਬੰਦੀ ਵੱਲੋਂ 07 ਮਈ 2023 ਨੂੰ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਸੂਬਾਈ ਕਨਵੈਨਸ਼ਨ ਕੀਤੀ ਜਾਵੇਗੀ। ਇਸ ਵਿੱਚ ਵਿਸ਼ੇਸ਼ ਤੌਰ ਤੇ ਪ੍ਰਸਿੱਧ ਪੱਤਰਕਾਰ ਪੀ ਸਾਈਨਾਥ ਕੁੰਜੀਵਤ ਭਾਸ਼ਣ ਦੇਣਗੇ।
ਦੱਸਣਯੋਗ ਹੈ ਕਿ ਪੱਤਰਕਾਰ ਪੀ ਸਾਈਨਾਥ, ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ ਦੇ ਮੁੱਖ ਸੰਪਾਦਕ ਹਨ।ਇਸ ਕਨਵੈਨਸ਼ਨ ਵਿੱਚ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੋ: ਬਾਵਾ ਸਿੰਘ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ।
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਦੱਸਿਆ ਕਿ ਬੀਕੇਯੂ ਏਕਤਾ ਡਕੌਂਦਾ ਵੱਲੋਂ ਤਿਆਰ ਕੀਤੀ ਗਈ ਖੇਤੀ ਨੀਤੀ ‘ਤੇ ਵੀ ਚਰਚਾ ਕੀਤੀ ਜਾਵੇਗੀ। ਇਹ ਖੇਤੀ ਨੀਤੀ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਨੂੰ 22 ਮਾਰਚ ਨੂੰ ਸੌਂਪੀ ਜਾ ਚੁੱਕੀ ਹੈ। ਆਗੂਆਂ ਨੇ ਸਾਰੀਆਂ ਕਿਸਾਨ, ਮਜ਼ਦੂਰ ਅਤੇ ਇਨਕਲਾਬੀ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਨੂੰ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਮੀਟਿੰਗ ਦੌਰਾਨ ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਦੀ ਤੀਹ ਅਪ੍ਰੈਲ ਨੂੰ ਦਿੱਲੀ ਵਿਖੇ ਹੋਈ ਮੀਟਿੰਗ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਪ੍ਰੋਗ੍ਰਾਮਾਂ ਨੂੰ ਪੂਰੇ ਜ਼ੋਰ ਸ਼ੋਰ ਨਾਲ ਲਾਗੂ ਕਰਨ ਲਈ ਵਿਉਂਤਬੰਦੀ ਕੀਤੀ ਗਈ। ਕਪੂਰਥਲਾ ਜ਼ਿਲ੍ਹੇ ਦੀ ਕਾਲਾ ਸੰਘਿਆ ਡਰੇਨ ਵਿੱਚ ਜਲੰਧਰ ਦੀਆਂ ਫੈਕਟਰੀਆਂ ਵੱਲੋਂ ਕੈਮੀਕਲ ਯੁਕਤ ਗੰਦਾ ਪਾਣੀ ਪਾਉਣ ਖਿਲਾਫ ‘ਕਾਲਾ ਸੰਘਿਆ ਡਰੇਨ ਐਕਸ਼ਨ ਕਮੇਟੀ ‘ ਨਾਲ ਸਾਂਝੇ ਤੌਰ ਤੇ ਬੁੱਧੋਮੰਦਰ ਪੁਲ ਆਧੀ ਖੂਹੀ ਤੋਂ ਅਠੌਲਾ ਰੋਡ, ਕਪੂਰਥਲਾ ਵਿਖੇ ਪੰਜ ਮਈ ਨੂੰ ਵਿਸ਼ਾਲ ਇਕੱਠ ਕਰ ਕੇ ਸੰਘਰਸ਼ ਦਾ ਆਗਾਜ਼ ਕੀਤਾ ਜਾਵੇਗਾ।
ਜਥੇਬੰਦੀ ਵੱਲੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਸੰਘਰਸ਼ ਕਰ ਰਹੀਆਂ ਪਹਿਲਵਾਨਾਂ ਦੇ ਘੋਲ ਦੀ ਹਮਾਇਤ ਕਰਨ ਲਈ 29 ਅਤੇ 30 ਅਪ੍ਰੈਲ ਨੂੰ ਉਹਨਾਂ ਦੇ ਘੋਲ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਅੱਗੇ ਵੀ ਡਟ ਕੇ ਹਮਾਇਤ ਕੀਤੀ ਜਾਵੇਗੀ। ਦਿੱਲੀ ਕਿਸਾਨ ਘੋਲ ਦੀ ਹਮਾਇਤ ਕਰਨ ਵਾਲੀਆਂ ਪੋਸਟਲ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਦੀ ਮਾਨਤਾ ਰੱਦ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ, ਖਜ਼ਾਨਚੀ ਬਲਵੰਤ ਸਿੰਘ ਉੱਪਲੀ ਅਤੇ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਮੋਦੀ ਸਰਕਾਰ ਵੱਲੋਂ ਕਿਸਾਨੀ ਘੋਲ ਦੀ ਹਮਾਇਤ ਕਰਨ ਵਾਲੇ ਜੰਮੂ ਦੇ ਸੱਤਿਆਪਾਲ ਸਾਬਕਾ ਰਾਜਪਾਲ ਮਲਿਕ ਨੂੰ ਕੇਂਦਰੀ ਏਜੰਸੀਆਂ ਵੱਲੋਂ ਪ੍ਰੇਸ਼ਾਨ ਕਰਨ ਦੀ ਸਖ਼ਤ ਨਿੰਦਾ ਕੀਤੀ ਗਈ ਅਤੇ ਸਰਕਾਰ ਨੂੰ ਅਜਿਹੀਆਂ ਸਾਜ਼ਿਸ਼ਾਂ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੱਤੀ ਗਈ।
ਮੀਟਿੰਗ ਵਿੱਚ ਬਰਨਾਲਾ ਤੋਂ ਕੁਲਵੰਤ ਸਿੰਘ ਮਾਨ, ਬਠਿੰਡਾ ਤੋਂ ਬਲਵਿੰਦਰ ਸਿੰਘ ਜੇਠੂਕੇ, ਮਾਨਸਾ ਤੋਂ ਮਹਿੰਦਰ ਸਿੰਘ ਦਿਆਲਪੁਰਾ, ਸੰਗਰੂਰ ਤੋਂ ਕਰਮਜੀਤ ਸਿੰਘ, ਫਿਰੋਜ਼ਪੁਰ ਤੋਂ ਦਰਸ਼ਨ ਸਿੰਘ ਕੜਮਾ, ਫਾਜ਼ਿਲਕਾ ਤੋਂ ਹਰਮੀਤ ਢਾਬਾਂ, ਫਰੀਦਕੋਟ ਤੋਂ ਜਸਕਰਨ ਜੱਸਾ, ਮੋਗਾ ਤੋਂ ਸੁਖਚੈਨ ਸਿੰਘ ਰਾਮਾ, ਕਪੂਰਥਲਾ ਤੋਂ ਅਵਤਾਰ ਸਿੰਘ ਰਾਣਾ ਸੈਦੋਵਾਲ, ਮੁਹਾਲੀ ਤੋਂ ਪ੍ਰਦੀਪ ਮਿੱਤਲ, ਲੁਧਿਆਣਾ ਤੋਂ ਜਗਤਾਰ ਸਿੰਘ ਦੇਹੜਕਾ, ਮਲੇਰਕੋਟਲਾ ਤੋਂ ਬੂਟਾ ਖਾਨ ਅਤੇ ਮੁਕਤਸਰ ਤੋਂ ਪਰਮਿੰਦਰ ਸਿੰਘ ਹਾਜ਼ਰ ਸਨ। ਮੀਟਿੰਗ ਵਿੱਚ ਪ੍ਰਦੀਪ ਮਿੱਤਲ ਨੂੰ ਮੁਹਾਲੀ ਜ਼ਿਲ੍ਹੇ ਦਾ ਕਨਵੀਨਰ ਨਿਯੁਕਤ ਕੀਤਾ ਗਿਆ।