
ਦਲਜੀਤ ਕੌਰ/ਸੰਗਰੂਰ, 26 ਅਪ੍ਰੈਲ, 2023: ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੇ ਆਗੂਆਂ ਵੱਲੋਂ ਮੀਟਿੰਗ ਕਰਕੇ ਇਹ ਫੈਸਲਾ ਲਿਆ ਗਿਆ ਕਿ 7 ਮਈ 2023 ਨੂੰ ਜਲੰਧਰ ਵਿਖੇ ਰੋਸ ਰੈਲੀ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਆਗੂਆਂ ਹਰਜਿੰਦਰ ਸਿੰਘ ਅਤੇ ਯੁੱਧਜੀਤ ਸਿੰਘ ਨੇ ਦੱਸਿਆ ਕਿ 6 ਅਪ੍ਰੈਲ ਨੂੰ ਵਿੱਤ ਮੰਤਰੀ ਪੰਜਾਬ ਨਾਲ ਹੋਈ ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਭਰੋਸਾ ਦਿੱਤਾ ਸੀ ਜੋ ਤਰੁੱਟੀਆਂ ਬਾਰੇ ਤੁਸੀਂ ਜਾਣਕਾਰੀ ਦਿੱਤੀ ਹੈ, ਇਸ ਬਾਰੇ 21 ਅਪ੍ਰੈਲ ਨੂੰ ਤੁਹਾਡੀ ਮੀਟਿੰਗ ਉੱਚ ਅਧਿਕਾਰੀ ਕੇਪੀ ਸਿਨਹਾ ਨਾਲ਼ ਕਰਵਾਈ ਜਾਵੇਗੀ। ਪਰ ਇਹ ਮੀਟਿੰਗ ਦਾ ਭਰੋਸਾ ਸਿਰਫ਼ ਇਕ ਲਾਰਾ ਸਾਬਤ ਹੋਇਆ ਹੈ। ਇਸ ਦੇ ਰੋਸ ਵਜੋਂ ਲੋਕ ਸਭਾ ਹਲਕਾ ਜਲੰਧਰ ਵਿਖੇ ਪੋਲ ਖੋਲ੍ਹ ਰੋਸ ਰੈਲੀ ਕੀਤੀ ਜਾਵੇਗੀ।
ਆਗੂਆਂ ਨੇ ਦੱਸਿਆ ਕਿ 17.07.2020 ਦੇ ਨੋਟੀਫਿਕੇਸ਼ਨ ਅਨੁਸਾਰ ਸਾਡੇ ਲਗਭਗ 40 ਹਜ਼ਾਰ ਮੁਲਾਜ਼ਮਾ ਤੇ ਲੰਗੜਾ ਪੇਅ ਸਕੇਲ ਲਾਗੂ ਹੈ। ਜੋ ਕਿ ਨਾਂ ਕੇਂਦਰ ਦਾ ਹੈ ਨਾਂ ਹੀ ਪੰਜਾਬ ਦਾ। ਇਹ ਆਪ ਸਰਕਾਰ ਸਾਡੇ ਨਾਲ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਕਿ 17.07.2020 ਦਾ ਕੇਂਦਰੀ ਪੇਅ ਸਕੇਲਾਂ ਦਾ ਨੋਟੀਫਿਕੇਸ਼ਨ ਰੱਦ ਕਰਕੇ ਸਮੂਹ ਮੁਲਾਜ਼ਮਾਂ ਤੇ ਪੰਜਾਬ ਪੇਅ ਸਕੇਲ ਲਾਗੂ ਕੀਤਾ ਜਾਵੇਗਾ ਤੇ ਪ੍ਰੋਬੇਸ਼ਨ ਪੀਰੀਅਡ ਘੱਟ ਕੀਤਾ ਜਾਵੇਗਾ, ਪਰ ਇਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਤੇ ਵੀ ਸਾਡੀਆਂ ਮੰਗਾਂ ਪ੍ਰਤੀ ਇਸ ਸਰਕਾਰ ਨੇ ਕੋਈ ਸੁਹਿਰਦਤਾ ਨਹੀਂ ਵਿਖਾਈ। ਸਗੋਂ ਵਿੱਤ ਮੰਤਰੀ ਪੰਜਾਬ ਹਰਪਾਲ ਚੀਮਾ ਦੁਆਰਾ ਵਿਧਾਨ ਸਭਾ ਵਿੱਚ ਇਹਨਾਂ ਲੰਗੜੇ ਪੇਅ ਸਕੇਲਾਂ ਦੇ ਹੱਕ ਵਿੱਚ ਦਿੱਤਾ ਗਿਆ ਬਿਆਨ ਮੰਦਭਾਗਾ ਹੈ। ਜਿਸ ਕਾਰਨ ਸਾਰੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਇਸ ਕਰਕੇ ਅੱਜ ਦੀ ਮੀਟਿੰਗ ਵਿੱਚ 7 ਮਈ ਨੂੰ ਜਲੰਧਰ ਵਿਖੇ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ। ਆਗੂਆਂ ਨੇ ਸਮੂਹ ਪੀੜਤ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਇਸ ਰੈਲੀ ਵਿੱਚ ਸ਼ਮੂਲੀਅਤ ਕਰਨ।
ਇਸ ਮੀਟਿੰਗ ਵਿੱਚ ਯੁੱਧਜੀਤ ਸਿੰਘ, ਹਰਜਿੰਦਰ ਸਿੰਘ, ਸ਼ਲਿੰਦਰ ਕੰਬੋਜ, ਨਵਜੀਵਨ ਸਿੰਘ, ਸਸ਼ਪਾਲ ਸਿੰਘ, ਸੁਰਿੰਦਰ ਸਿੰਘ, ਰਣਜੀਤ ਕੌਰ, ਯਾਦਵਿੰਦਰ ਸਿੰਘ, ਬਲਵੰਤ ਸੋਹੀ ਆਦਿ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।