February 22, 2026 1:21 pm

ਪੰਜਾਬ ਕੈਰੀਅਰ ਪੋਰਟਲ  ਨਵੀਂ ਪੀੜ੍ਹੀ ਲਈ ਬਣਿਆ ਰਾਹ ਦਸੇਰਾ *ਕੈਰੀਅਰ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪੋਰਟਲ ’ਤੇ ਉਪਲੱਬਧ

Share:

ਫਗਵਾੜਾ 08 ਮਈ (ਆਸ਼ੀਸ਼ ਗਾਂਧੀ-ਦੀਕਸ਼ਾ ਗਾਂਧੀ) ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਪੰਜਾਬ ਕੈਰੀਅਰ ਪੋਰਟਲ ਨਵੀਂ ਪੀੜ੍ਹੀ ਲਈ ਰਾਹ ਦਸੇਰਾ ਵਜੋਂ ਸਾਬਤ ਹੋ ਰਿਹਾ ਹੈ,ਜਿਸ ਦੀ ਵਰਤੋਂ ਕਰਕੇ ਸਕੂਲੀ ਵਿਦਿਆਰਥੀ ਆਪਣੇ ਭਵਿੱਖ ਸਬੰਧੀ ਉਪਲੱਧ ਸੰਭਾਵਨਾਵਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।  ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਵਿਸ਼ੇਸ਼ ਸਾਰੰਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਸਹੀ ਸੇਧ ਦੇਣ ਦੇ ਮੰਤਵ ਅਤੇ ਸਫਲ ਨਾਗਰਿਕ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਪੰਜਾਬ ਕੈਰੀਰ ਪੋਰਟਲ ਬਣਾਇਆ ਗਿਆ ਹੈ ਜਿਸਦਾ ਲਿੰਕ https://punjabcareerportal.com/ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਕਿਸੇ ਵੀ ਸਕੂਲ ਵਿਚ ਪੜ੍ਹਦੇ ਬੱਚੇ ਦੀ ਇਕ ਈ-ਪੰਜਾਬ ਪੋਰਟਲ ’ਤੇ ਆਈਡੀ ਬਣਦੀ ਹੈ,ਇਹ ਪੰਜਾਬ ਸਕੂਲ ਸਿੱਖਿਆ ਬੋਰਡ ਜਾਂ ਸੀਬੀਐਸਸੀ ਬੋਰਡ ਨਾਲ ਸਬੰਧਤ ਹਰ ਪ੍ਰਕਾਰ ਦੇ ਸਰਕਾਰੀ ਜਾਂ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੀ ਆਪੋ ਆਪਣੀ ਆਈਡੀ ਹੁੰਦੀ ਹੈ। ਵਿਦਿਆਰਥੀ ਇਹ ਆਈਡੀ ਆਪਣੇ ਸਕੂਲ ਤੋਂ ਪ੍ਰਾਪਤ ਕਰ ਸਕਦਾ ਹੈ। ਇਹ ਆਈਡੀ ਹੀ ਇਸ ਪੋਰਟਲ ਤੇ ਲਾਗਇਨ ਕਰਨ ਲਈ ਯੁਜਰਨੇਮ ਹੋਵੇਗੀ ਜਦ ਕਿ ਪਾਸਵਰਡ ਹੋਮ ਪੇਜ਼ ਤੇ ਹੀ ਦਿੱਤਾ ਹੋਵੇਗਾ।
ਸ੍ਰੀ ਸਾਰੰਗਲ ਨੇ ਦੱਸਿਆ ਕਿ ਜਦ ਵਿਦਿਆਰਥੀ ਲਾਗਇਨ ਕਰੇਗਾ ਤਾਂ ਉਸਨੂੰ ਉਸਦੀ ਕਲਾਸ ਤੋਂ ਅੱਗੇ ਅਨੇਕਾਂ ਅਨੇਕ ਉਪਲਬੱਧ ਕੈਰੀਅਰ ਸੰਭਾਵਨਾਵਾਂ ਸਬੰਧੀ ਜਾਣਕਾਰੀ ਮਿਲੇਗੀ। ਇੱਥੋਂ ਵਿਦਿਆਰਥੀ ਆਪਣੀ ਪਸੰਦ ਦਾ ਕੋਈ ਵੀ ਕੈਰੀਅਰ ਕਲਿੱਕ ਕਰਕੇ ਉਸ ਸਬੰਧੀ ਹਰ ਪ੍ਰਕਾਰ ਦੀ ਜਾਣਕਾਰੀ ਜਿਵੇਂ ਇਸ ਵਿਚ ਕੀ ਭਵਿੱਖ ਹੈ, ਪੜਾਈ ਕੀ ਕਰਨੀ ਹੋਵੇਗੀ, ਪੜਾਈ ਦਾ ਖਰਚਾ ਕਿੰਨਾਂ ਕੁ ਆਵੇਗਾ ਅਤੇ ਪੜਾਈ ਤੋਂ ਬਾਅਦ ਨੌਕਰੀ ਮਿਲਣ ਤੇ ਅੰਦਾਜਨ ਕਿੰਨੀ ਕੁ ਤਨਖਾਹ ਮਿਲੇਗੀ, ਤਰੱਕੀ ਦੇ ਕੀ ਮੌਕੇ ਹਨ, ਕਿਸੇ ਤਰਾਂ ਦਾ ਕੰਮ ਕਰਨਾ ਹੋਵੇਗਾ ਆਦਿ ਸਾਰੀ ਜਾਣਕਾਰੀ ਵੇਖ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਪੋਰਟਲ ਤੇ ਕੈਰੀਅਰ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਦਿੱਤੇ ਜਾਂਦੇ ਵੱਖ ਵੱਖ ਵਜੀਫਿਆਂ ਸਬੰਧੀ ਵੀ ਜਾਣਕਾਰੀ ਉਪਲਬੱਧ ਕਰਵਾਈ ਜਾਂਦੀ ਹੈ। ਇਸੇ ਤਰਾਂ ਤੇ ਵੱਖ ਵੱਖ ਕਾਲਜਾਂ ਅਤੇ ਇਮਤਿਹਾਨਾਂ ਸਬੰਧੀ ਵੀ ਜਾਣਕਾਰੀ ਉਪਲਬੱਧ ਹੈ।ਆਉਣ ਵਾਲੇ ਸਮੇਂ ਵਿਚ ਹੋਣ ਵਾਲੇ ਪ੍ਰਤਿਯੋਗੀ ਇਮਤਿਹਾਨਾਂ ਸਬੰਧੀ ਪੂਰੀ ਜਾਣਕਾਰੀ ਇਸ ਪੋਰਟਲ ਤੇ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹੀ ਉਪਯੋਗੀ ਪੋਰਟਲ ਹੈ ਅਤੇ ਹਰੇਕ ਵਿਦਿਆਰਥੀ ਨੂੰ ਇਸ ਦਾ ਲਾਭ ਲੈਣਾ ਚਾਹੀਦਾ ਹੈ ਅਤੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੀ ਅਗਵਾਈ ਨਾਲ ਇਸ ਪੋਰਟਲ ਤੋਂ ਸੇਧ ਲੈ ਕੇ ਆਪਣੇ ਭਵਿੱਖ ਦੀ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news