
ਦਲਜੀਤ ਕੌਰ/ਭਵਾਨੀਗੜ੍ਹ, 01 ਮਈ, 2023: ਮਜ਼ਦੂਰ ਦਿਵਸ ਉਪਰ ਭਵਾਨੀਗੜ ਬਲਾਕ ਦੇ ਮਜ਼ਦੂਰਾਂ ਵੱਲੋਂ ਆਪਣੇ ਹਿੱਸੇ ਦੀਆਂ ਪੰਚਾਇਤੀ ਜ਼ਮੀਨਾਂ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਝੰਡਾ ਲਹਿਰਾ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਲੜਨ ਦਾ ਲਿਆ ਅਹਿਦ। ਇਸ ਮੌਕੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਪ੍ਰਧਾਨ ਮੁਕੇਸ਼ ਮਲੌਦ ਅਤੇ ਗੁਰਚਰਨ ਸਿੰਘ ਘਰਾਚੋਂ ਨੇ ਦੱਸਿਆ ਕਿ ਭਵਾਨੀਗੜ੍ਹ ਬਲਾਕ ਦੀ ਖੇਡ ਘਰਾਚੋਂ ਝਨੇੜੀ ਪਟਿਆਲਾ ਅਕਬਰਪੁਰ ਅਤੇ ਕਪਿਆਲ ਦੇ ਐਸੀ ਭਾਈਚਾਰੇ ਵੱਲੋਂ ਸਾਂਝੀ ਖੇਤੀ ਲਈ ਪ੍ਰਾਪਤ ਕੀਤੀਆਂ ਜ਼ਮੀਨਾਂ ਵਿਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਝੰਡਾ ਲਹਿਰਾ ਕੇ ਮਈ ਦਿਵਸ ਦੇ ਸ਼ਹੀਦਾ ਨੂੰ ਸ਼ਰਧਾਂਜਲੀ ਦਿੰਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਲੋਕ ਲਹਿਰ ਉਸਾਰਨ ਦਾ ਅਹਿਦ ਲਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜਮੀਨ ਦੀ ਕਾਣੀ ਵੰਡ ਕਾਰਨ ਦਲਿਤ ਭਾਈਚਾਰਾ ਗ਼ੁਰਬਤ ਦੀ ਜ਼ਿੰਦਗੀ ਬਸਰ ਕਰਨ ਲਈ ਮਜ਼ਬੂਰ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਫੈਕਟਰੀ ਮਜ਼ਦੂਰਾਂ ਦੇ ਹੱਕ ਖੋਹਣ ਲਈ 4 ਲੇਬਰ ਕੋਡ ਲਿਆਂਦੇ ਗਏ ਹਨ ਉਥੇ ਪੰਜਾਬ ਸਰਕਾਰ ਵੱਲੋਂ ਦਲਿਤਾਂ ਦੇ ਹਿੱਸੇ ਦੀਆਂ ਜ਼ਮੀਨਾਂ ਖੋਹਣ ਲਈ ਲੰਮੇ ਸੰਘਰਸ਼ ਤੋਂ ਬਾਅਦ ਜਾਰੀ ਕਰਵਾਈਆ ਹਦਾਇਤਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਅਕਾਲੀ ਕਾਂਗਰਸੀਆਂ ਦੇ ਨਕਸ਼ੇ ਕਦਮਾਂ ਉਪਰ ਚਲਦਿਆਂ ਦਲਿਤ ਵਿਰੋਧੀ ਫ਼ੈਸਲੇ ਲੈ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਦੇ ਇਸ ਦਲਿਤ ਵਿਰੋਧੀ ਰਵਈਏ ਖ਼ਿਲਾਫ਼ ਅਤੇ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ 15 ਮਈ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਹੋਣ ਵਾਲੇ ਰੋਸ ਪ੍ਰਦਰਸ਼ਨ ਵਿਚ ਪਹੁੰਚਣ ਦਾ ਸੱਦਾ ਵੀ ਦਿੱਤਾ।
ਇਸ ਮੌਕੇ ਉਪਰੋਕਤ ਤੋਂ ਬਿਨ੍ਹਾਂ ਸੁਖਵਿੰਦਰ ਸਿੰਘ ਬਟੜਿਆਣਾ, ਰਾਮਕਰਨ ਸਿੰਘ, ਚਮਕੌਰ ਸਿੰਘ ਝਨੇੜੀ, ਹਰਜਿੰਦਰ ਸਿੰਘ, ਰਾਮਚੰਦ ਅਮਰੀਕ ਸਿੰਘ ਅਕਬਰਪੁਰ ਅਤੇ ਲਾਲ ਸਿੰਘ ਆਦਿ ਹਾਜਰ ਸਨ।