
ਦਲਜੀਤ ਕੌਰ/ਚੰਡੀਗੜ੍ਹ, 28 ਮਈ, 2023: ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਐਲਾਨ ਕਰਕੇ ਪਿਛਲੇ ਸਾਲ ਨਵੰਬਰ ਵਿੱਚ ਜਾਰੀ ਕੀਤੇ ‘ਕਾਗਜ਼ ਨੋਟੀਫਿਕੇਸ਼ਨ’ ਮਗਰੋਂ ਛੇ ਮਹੀਨੇ ਬੀਤਣ ਦੇ ਬਾਵਜੂਦ ਵੀ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਮੁੱਦਾ ਜਿਉਂ ਦਾ ਤਿਉਂ ਲਟਕਿਆ ਹੋਇਆ ਹੈ। ਪਰ ਆਪ ਸਰਕਾਰ ਗੰਭੀਰਤਾ ਨਾਲ਼ ਪੈਨਸ਼ਨ ਦੇ ਮੁੱਦੇ ਨੂੰ ਹੱਲ ਕਰਨ ਦੀ ਬਜਾਏ ਵਿੱਤ ਮੰਤਰੀ ਦੇ ਬਿਆਨਾਂ ਰਾਹੀਂ ਕੇਵਲ ਸਮਾਂ ਟਪਾ ਰਹੀ ਹੈ। ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਸੂਬਾ ਕਮੇਟੀ ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਨੋਂ ਇਨਕਾਰੀ ਆਪ ਸਰਕਾਰ ਖਿਲਾਫ ਵਿਆਪਕ ਸੰਘਰਸ਼ਾਂ ਨੂੰ ਉਲੀਕਣ ਲਈ ਅਤੇ ਪੈਨਸ਼ਨ ਦੀ ਹਕੀਕੀ ਪ੍ਰਾਪਤੀ ਲਈ ਅਹਿਮ ਫੈਸਲੇ ਲਏ ਗਏ।
ਸੂਬਾ ਕਮੇਟੀ ਮੀਟਿੰਗ ਦੇ ਫੈਸਲਿਆਂ ਨੂੰ ਸਾਂਝਾ ਕਰਦਿਆਂ ਫਰੰਟ ਦੇ ਕਨਵੀਨਰ ਅਤਿੰਦਰ ਪਾਲ ਸਿੰਘ, ਜ਼ੋਨ ਕਨਵੀਨਰਾਂ ਗੁਰਬਿੰਦਰ ਖਹਿਰਾ, ਇੰਦਰ ਸੁਖਦੀਪ ਸਿੰਘ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਦੇ ਨਾਂ ਤੇ ਕੀਤੀ ਵਾਅਦਾ ਖਿਲਾਫੀ ਵਿਰੁੱਧ ਵੱਡੀ ਲਾਮਬੰਦੀ ਲਈ ਜੂਨ ਮਹੀਨੇ ਵਿੱਚ ਐੱਨ.ਪੀ.ਐੱਸ ਮੁਲਾਜ਼ਮਾਂ ਤੱਕ ‘ਸੰਪਰਕ ਮੁਹਿੰਮ’ ਚਲਾਈ ਜਾਵੇਗੀ ਜਿਸ ਉਪਰੰਤ ਜੁਲਾਈ ਅਤੇ ਅਗਸਤ ਮਹੀਨੇ ਵਿੱਚ ਜ਼ਿਲਾ ਪੱਧਰੀ ‘ਤਿਆਰੀ ਕਨਵੈਨਸ਼ਨਾਂ’ ਕੀਤੀਆਂ ਜਾਣਗੀਆਂ। ਇਹ ਕਨਵੈਨਸ਼ਨਾਂ ਪੁਰਾਣੀ ਪੈਨਸ਼ਨ ਪ੍ਰਾਪਤੀ ਦੀ ਲੜਾਈ ਨੂੰ ਤਿੱਖੇ ਸੰਘਰਸ਼ਾਂ ਵਿੱਚ ਤਬਦੀਲ ਕਰਨ ਦੀ ਲੋੜ ਅਤੇ ਤਿਆਰੀ ਦੇ ਅਜੰਡੇ ਤੇ ਕੇਂਦਰਤ ਹੋਣਗੀਆਂ। ਉਹਨਾਂ ਆਖਿਆ ਕਿ ਜੇਕਰ ਆਪ ਸਰਕਾਰ ਦਾ ਟਾਲਮਟੋਲ ਰਵੱਈਆ ਇਸੇ ਤਰਾਂ ਜਾਰੀ ਰਿਹਾ ਤਾਂ ਫਰੰਟ ਵੱਲੋਂ ਜ਼ਿਲਾ ਪੱਧਰੀ ਕਨਵੈਨਸ਼ਨਾਂ ਉਪਰੰਤ ਚੰਡੀਗੜ੍ਹ ਵੱਲ ਵਿਸ਼ਾਲ ਮਾਰਚ ਕਰਨ ਦਾ ਸੱਦਾ ਵੀ ਦਿੱਤਾ ਜਾਵੇਗਾ।
ਫਰੰਟ ਦੇ ਆਗੂਆਂ ਜਸਵਿੰਦਰ ਔਜਲਾ, ਗੁਰਜਿੰਦਰ ਮੰਝਪੁਰ ਅਤੇ ਰਮਨ ਸਿੰਗਲਾ ਨੇ ਕਿਹਾ ਕਿ ਇਸ ਸਾਲ ਜਨਵਰੀ ਮਹੀਨੇ ਵਿੱਚ ਪੁਰਾਣੀ ਪੈਨਸ਼ਨ ਦਾ ਖਰੜਾ ਤਿਆਰ ਕਰਨ ਲਈ ਗਠਿਤ ਕੀਤੀ ਅਫਸਰਾਂ ਦੀ ਕਮੇਟੀ ਦੀ ਕੋਈ ਵੀ ਕਾਰਗੁਜ਼ਾਰੀ ਸਾਹਮਣੇ ਨਹੀਂ ਆਈ ਹੈ ਅਤੇ ਨਾ ਹੀ ਕੈਬਨਿਟ ਸਬਕਮੇਟੀ ਨੇ ਕੋਈ ਰਿਪੋਰਟ ਜਾਰੀ ਕੀਤੀ ਹੈ।ਜਦਕਿ ਦੂਜੇ ਪਾਸੇ ਹਿਮਾਚਲ ਸਰਕਾਰ ਵੱਲੋਂ 1 ਅਪ੍ਰੈਲ ਤੋਂ ਪੁਰਾਣੀ ਪੈਨਸ਼ਨ ਲਾਗੂ ਕਰਕੇ ਐੱਨ.ਪੀ.ਐੱਸ ਕਟੌਤੀ ਬੰਦ ਕਰਨ ਅਤੇ ਜੀਪੀਐੱਫ ਖਾਤੇ ਖੋਲਣ ਦਾ ਵਿਸਥਾਰਤ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।ਉਹਨਾਂ ਕਿਹਾ ਕਿ 1972 ਦੇ ਪੈਨਸ਼ਨ ਐਕਟ ਅਧਾਰਿਤ ਮਾਡਲ ਹੋਣ ਦੇ ਬਾਵਜੂਦ ਵਿੱਤ ਮੰਤਰੀ ਵੱਲੋਂ ਪੰਜਾਬ ਵਿੱਚ ਪੈਨਸ਼ਨ ਦਾ ਨਵਾਂ ਮਾਡਲ ਤਿਆਰ ਕਰਨ ਦੇ ਦਿੱਤੇ ਜਾ ਰਹੇ ਬਿਆਨ ਵੀ ਪੁਰਾਣੀ ਪੈਨਸ਼ਨ ਦੇ ਹੂਬਹੂ ਲਾਗੂ ਹੋਣ ਬਾਰੇ ਗੰਭੀਰ ਸ਼ੰਕੇ ਖੜੇ ਕਰਦਾ ਹੈ।
ਸੂਬਾ ਕਮੇਟੀ ਮੀਟਿੰਗ ਵਿੱਚ ਸੂਬਾ ਸਲਾਹਕਾਰ ਜਰਮਨਜੀਤ ਸਿੰਘ ਅਤੇ ਵਿਕਰਮਦੇਵ ਤੋਂ ਇਲਾਵਾ ਦਲਜੀਤ ਸਫੀਪੁਰ, ਜਗਜੀਤ ਜਟਾਣਾ, ਸਤਪਾਲ ਸਿੰਘ, ਅਮਰਜੀਤ ਸਿੰਘ ਕੋਠੇ, ਮਨਜੀਤ ਸਿੰਘ, ਗੁਰਦਿਆਲ ਚੰਦ, ਮਨਜੀਤ ਸਿੰਘ ਬਾਬਾ ਆਦਿ ਸ਼ਾਮਲ ਹੋਏ।