February 22, 2026 2:55 pm

ਪਹਿਲਵਾਨਾਂ ਦੇ ਸੰਘਰਸ਼ ਦੀ ਹਮਾਇਤ ਲਈ ਬੀਕੇਯੂ-ਏਕਤਾ (ਡਕੌਂਦਾ) ਵੱਲੋਂ ਦਿੱਲੀ ਲਈ ਜੱਥੇ ਰਵਾਨਾ 

Share:

ਦਲਜੀਤ ਕੌਰ/ਚੰਡੀਗੜ੍ਹ/ਬਰਨਾਲਾ, 11 ਮਈ, 2023: ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਰਹਿਨੁਮਾਈ ਹੇਠ, ਭਾਰਤੀ ਕਿਸਾਨ ਯੂਨੀਅਨ ਏਕਤਾ, ਡਕੌਂਦਾ ਵੱਲੋਂ ਦਿੱਲੀ ਦੇ ਜੰਤਰ ਮੰਤਰ ‘ਤੇ ਮੋਰਚਾ ਲਾ ਕੇ ਸੰਘਰਸ਼ ਕਰ ਰਹੀਆਂ ਪਹਿਲਵਾਨ ਬੇਟੀਆਂ ਦੀ ਹਮਾਇਤ ਵਾਸਤੇ ਔਰਤਾਂ ਦੀ ਵੱਡੀ ਸ਼ਮੂਲੀਅਤ ਵਾਲੇ ਜੱਥੇ ਅੱਜ ਦਿੱਲੀ ਵੱਲ ਰਵਾਨਾ ਹੋ ਗਏ ਹਨ। ਬਠਿੰਡਾ ਅਤੇ ਫਰੀਦਕੋਟ ਤੋਂ ਕਿਸਾਨ ਬੀਬੀਆਂ ਅਤੇ ਮਰਦਾਂ ਦੇ ਜੱਥੇ ਅੱਜ ਸਵੇਰੇ 8:40 ਵਜੇ ਬਠਿੰਡਾ ਸਟੇਸ਼ਨ ਤੋਂ ਚੱਲ ਪਏ ਹਨ। ਮੌੜ ਕਲਾਂ, ਮਾਨਸਾ , ਬੁਢਲਾਡਾ ਅਤੇ ਬਰੇਟਾ ਰੇਲਵੇ ਸਟੇਸ਼ਨਾਂ ਤੋਂ ਵੀ ਵੱਡੀ ਗਿਣਤੀ ਵਿੱਚ ਮੁਜ਼ਾਹਰਾਕਾਰੀ ਕਿਸਾਨ ਔਰਤਾਂ ਅਤੇ ਮਰਦ ਇਸ ਟ੍ਰੇਨ ਤੇ ਸਵਾਰ ਹੋਏ।
ਬਰਨਾਲਾ ਇਲਾਕੇ ਵਾਲੇ ਜੱਥੇ ਅੱਜ ਸਵੇਰੇ 8:30 ਵਜੇ ਬਰਨਾਲਾ ਸਟੇਸ਼ਨ ਤੋਂ ਰਵਾਨਾ ਹੋਏ। ਅੱਗੇ ਸੰਗਰੂਰ ਵਾਲੇ ਵੀ ਧੂਰੀ ਸਟੇਸ਼ਨ ਤੋਂ ਉਸੇ ਗੱਡੀ ਤੇ ਸਵਾਰ ਹੋਏ। ਫਾਜਿਲਕਾ, ਫਿਰੋਜ਼ਪੁਰ ਅਤੇ ਮੁਕਤਸਰ ਸਾਹਿਬ ਇਲਾਕਿਆਂ ਵਾਲੇ ਅੱਜ ਰਾਤ ਨੂੰ ਪੰਜਾਬ ਮੇਲ਼ ਤੇ ਸਵਾਰ ਹੋ ਕੇ ਸਵੇਰੇ ਪੰਜ ਵਜੇ ਦਿੱਲੀ ਪਹੁੰਚ ਜਾਣਗੇ। ਇਸ ਤਰਾਂ ਮੋਗਾ, ਲੁਧਿਆਣਾ, ਮਲੇਰਕੋਟਲਾ, ਮੁਹਾਲੀ ਅਤੇ ਕਪੂਰਥਲਾ ਸਮੇਤ 13 ਜ਼ਿਲਿਆਂ ਵਿੱਚੋਂ ਕਿਸਾਨ ਬੀਬੀਆਂ ਅਤੇ ਮਰਦ ਕੱਲ੍ਹ 12 ਮਈ ਦੀ ਸਵੇਰ ਤੱਕ ਦਿੱਲੀ ਪਹੁੰਚ ਜਾਣਗੇ ਅਤੇ ਜੰਤਰ ਮੰਤਰ ਤੇ ਪਹਿਲਵਾਨਾਂ ਦੇ ਸੰਘਰਸ਼ ਵਿੱਚ ਸ਼ਾਮਲ ਹੋਣਗੇ।
ਬਠਿੰਡਾ ਸਟੇਸ਼ਨ ਤੋਂ ਚੱਲਣ ਸਮੇਂ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਭਾਜਪਾ ਦੇ ਪਾਰਲੀਮੈਂਟ ਮੈਂਬਰ ਅਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਨੂੰ ਬਚਾਉਣ ਲਈ ਮੋਦੀ ਸਰਕਾਰ ਦੀਆਂ ਕੋਸ਼ਿਸ਼ਾਂ ਤੋਂ ਭਾਜਪਾ ਦੀ ਔਰਤਾਂ ਅਤੇ ਘੱਟ ਗਿਣਤੀਆਂ ਪ੍ਰਤੀ ਮਾਨਸਿਕਤਾ ਦਾ ਪਤਾ ਚਲਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਲਈ ਤਗਮੇ ਜਿੱਤਣ ਵਾਲੀਆਂ ਪਹਿਲਵਾਨ ਕੁੜੀਆਂ ਇੱਕ ਗੁੰਡੇ ਨੂੰ ਗਿਰਫ਼ਤਾਰ ਕਰਵਾਉਣ ਲਈ ਧਰਨੇ ਤੇ ਬੈਠੀਆਂ ਹਨ। ਸਰਕਾਰ ਉਹਨਾਂ ਦੀ ਸੁਣਵਾਈ ਕਰਨ ਦੀ ਬਜਾਏ ਉਹਨਾਂ ਦੀ ਬਿਜਲੀ ਬੰਦ ਕਰਦੀ ਹੈ, ਗੱਦੇ ਖੋਹ ਲੈਂਦੀ ਹੈ, ਪੁਲਿਸ ਉਹਨਾਂ ਨਾਲ ਧੱਕਾ ਮੁੱਕੀ ਕਰਦੀ ਹੈ। ਧਰਨੇ ਦੇ ਹਮਾਇਤੀਆਂ, ਇੱਥੋਂ ਤੱਕ ਕਿ ਮਹਿਲਾ ਕਮਿਸ਼ਨ ਦੀ ਪ੍ਰਧਾਨ ਨੂੰ ਵੀ ਘੇਰ ਕੇ ਬੇਇੱਜ਼ਤ ਕੀਤਾ ਜਾਂਦਾ ਹੈ।
ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਕਾਨੂੰਨੀ ਤੌਰ ਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਪ੍ਰਾਪਤ ਹੋਣ ਤੇ ਤੁਰੰਤ ਰਿਪੋਰਟ ਦਰਜ ਕੀਤੀ ਜਾਣੀ ਚਾਹੀਦੀ ਹੈ ਪਰ ਇੱਥੇ ਰਿਪੋਰਟ ਦਰਜ ਕਰਵਾਉਣ ਲਈ ਵੀ ਸੁਪਰੀਮ ਕੋਰਟ ਜਾਣਾ ਪੈਂਦਾ ਹੈ।
ਜਥੇਬੰਦੀ ਦੀ ਔਰਤ ਵਿੰਗ ਦੀ ਆਗੂ ਬੀਬੀ ਅੰਮ੍ਰਿਤਪਾਲ ਕੌਰ ਫਰੀਦਕੋਟ ਨੇ ਕਿਹਾ ਕਿ ਭਾਜਪਾ ਅਤੇ ਸਾਰਾ ਗੋਦੀ ਮੀਡੀਆ ਇਸ ਗੁੰਡੇ ਦੇ ਹੱਕ ਵਿੱਚ ਭੁਗਤਦਾ ਨਜ਼ਰ ਆ ਰਿਹਾ ਹੈ। ਕੁੜੀਆਂ ਤੇ ਡਸਿਪਲਨ ਉਲੰਘਣ ਅਤੇ ਰਾਜਨੀਤੀ ਕਰਨ ਦੇ ਦੋਸ਼ ਲਾਏ ਜਾ ਰਹੇ ਹਨ। ਉਹਨਾਂ ਸੁਆਲ ਕੀਤਾ ਕਿ ਕੁੜੀਆਂ ਦੇ ਇਨਸਾਫ ਮੰਗਣ ਨਾਲ ਡਸਿਪਲਨ ਖ਼ਰਾਬ ਹੁੰਦਾ ਹੈ ਪਰ ਗੁੰਡਿਆਂ ਦੀ ਪੁਸ਼ਤਪਨਾਹੀ ਕਰਨ ਨਾਲ ਕਿਹੜਾ ਦੇਸ਼ ਦੇ ਸਨਮਾਨ ਵਿੱਚ ਵਾਧਾ ਹੁੰਦਾ ਹੈ?
ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਜ਼ੋਰ ਦੇ ਕੇ ਕਿਹਾ ਕਿ “ਉਹ ਸਾਡੀਆਂ ਧੀਆਂ ਹਨ। ਅਸੀਂ ਉਹਨਾਂ ਦੀ ਹਰ ਸੰਭਵ ਮੱਦਦ ਕਰਾਂਗੇ।” ਆਗੂਆਂ ਨੇ ਕਿਹਾ ਕਿ ਉਹ ਕੁੜੀਆਂ ਨੂੰ ਡਟੇ ਰਹਿਣ ਦਾ ਸੁਨੇਹਾ ਦੇਣਗੇ ਅਤੇ ਦੱਸਣਗੇ ਕਿ ਲੋਕਾਂ ਦੀ ਇੱਕਜੁਟ ਤਾਕਤ ਨੇ ਜਿਵੇਂ ਮੋਦੀ ਸਰਕਾਰ ਨੂੰ ਗੋਡਣੀਏਂ ਕਰ ਕੇ ਖੇਤੀ ਵਿਰੋਧੀ ਤਿੰਨ ਕਾਲ਼ੇ ਕਾਨੂੰਨ ਰੱਦ ਕਰਵਾਏ ਸਨ, ਉਸੇ ਰਸਤੇ ਤੇ ਚੱਲ ਕੇ ਸਰਕਾਰ ਦੀ ਸ਼ਹਿ ਪ੍ਰਾਪਤ ਹੰਕਾਰੀ ਬ੍ਰਿਜ ਭੂਸ਼ਣ ਨੂੰ ਗਿਰਫ਼ਤਾਰ ਕਰਵਾਇਆ ਜਾ ਸਕਦਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਕੁੜੀਆਂ ਦੀ ਜਿੱਤ ਤੱਕ ਉਹਨਾਂ ਦੇ ਘੋਲ ਦੀ ਹਰ ਸੰਭਵ ਮੱਦਦ ਜਾਰੀ ਰੱਖੇਗੀ।
ਫੋਟੋਆਂ : ਕ੍ਰਮਵਾਰ, ਬਰਨਾਲਾ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਣ ਸਮੇਂ ਔਰਤਾਂ ਦੇ ਜਥੇ, ਬਠਿੰਡਾ ਸਟੇਸ਼ਨ, ਮੌੜ ਕਲਾਂ ਸਟੇਸ਼ਨ ਅਤੇ ਧੂਰੀ ਰੇਲਵੇ ਸਟੇਸ਼ਨ ਤੋਂ ਜੱਥਿਆਂ ਦੀ ਰਵਾਨਗੀ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news