February 4, 2026 5:20 pm

ਪਹਿਲਵਾਨਾਂ ਦੇ ਸਰੀਰਕ ਸ਼ੋਸ਼ਣ ਦਾ ਮਾਮਲਾ ਸੰਸਥਾਗਤ ਜਬਰ ਦਾ ਹਿੱਸਾ: ਨਰਾਇਣ ਦੱਤ 

Share:

ਦਲਜੀਤ ਕੌਰ/ਬਰਨਾਲਾ, 16 ਮਈ, 2023: ਇਨਕਲਾਬੀ ਕੇਂਦਰ ਪੰਜਾਬ ਵੱਲੋਂ ਮਹਿਲਾ ਪਹਿਲਵਾਨਾਂ ਦੇ ਜਿਣਸੀ ਸ਼ੋਸ਼ਣ ਖਿਲਾਫ ਦਿੱਲੀ ਦੇ ਯੰਤਰ-ਮੰਤਰ ਤੇ ਲਗਾਏ ਗਏ ਮੋਰਚੇ ਦੇ ਪ੍ਰਸੰਗ ਵਿੱਚ ਔਰਤਾਂ ਉੱਤੇ ਹੋ ਰਹੇ ਜ਼ਬਰ ਜੁਲਮ ਦੀਆਂ ਘਟਨਾਵਾਂ ਤੇ ਇਹਨਾਂ ਤੋਂ ਮੁਕਤੀ ਦੇ ਸਵਾਲ ਤੇ ਭਰਵੀਂ ਵਿਚਾਰ ਚਰਚਾ ਕੀਤੀ ਗਈ। ਇਸ ਸੰਵੇਦਨਸ਼ੀਲ ਮੁੱਦੇ ਨੂੰ ਸੰਬੋਧਨ ਕਰਦੇ ਹੋਏ ਇਨਕਲਾਬੀ ਪੇਪਰ ਲਾਲ ਪਰਚਮ ਦੇ ਸੰਪਾਦਕੀ ਬੋਰਡ ਦੇ ਮੈਂਬਰ ਕਾ. ਮੱਖਣ ਕਾਲਸਾਂ ਨੇ ਔਰਤ ਗੁਲਾਮੀ ਦੇ ਇਤਹਾਸਿਕ ਪ੍ਰਸੰਗ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਔਰਤ ਅਜੋਕੇ ਪ੍ਰਬੰਧ ਅੰਦਰ ਦੂਹਰੇ ਦਾਬੇ ਤੇ ਸ਼ੋਸ਼ਣ ਦਾ ਸ਼ਿਕਾਰ ਹੈ। ਜਿੱਥੇ ਔਰਤ ਨੂੰ ਹੋਰਨਾਂ ਕਿਰਤੀ ਵਰਗਾਂ ਵਾਂਗ ਅਜੋਕੇ ਸਰਮਾਏਦਾਰਾਨਾ ਸਾਮਰਾਜੀ ਪ੍ਰਬੰਧ ਅੰਦਰ ਆਪਣੀ ਕਿਰਤ ਦੀ ਮੁਕਤੀ ਲਈ ਸੰਘਰਸ਼ ਦੀ ਜ਼ਰੂਰਤ ਹੈ, ਓਥੇ ਇਸਨੂੰ ਗੁਲਾਮਦਾਰੀ ਯੁੱਗ ਤੋਂ ਚਲੀ ਆ ਰਹੀ ਪਿੱਤਰ ਸੱਤ੍ਹਾ ਦੇ ਖਿਲਾਫ ਵੀ ਮੋਰਚਾ ਸੰਭਾਲਣਾ ਪੈਣਾ ਹੈ। ਅਜੋਕੇ ਪ੍ਰਬੰਧ ਅੰਦਰ ਕੀਤੇ ਅਨੇਕਾਂ ਸਮਾਜ ਸੁਧਾਰਕ ਤੇ ਕਨੂੰਨੀ ਯਤਨ ਔਰਤ ਨੂੰ ਮੁਕਤੀ ਨਹੀਂ ਦਵਾ ਸਕਦੇ। ਕਿਉੰਕਿ ਇਸ ਪ੍ਰਬੰਧ ਵਿੱਚ ਮੌਜੂਦਾ ਸਮੁੱਚੀਆਂ ਸੰਸਥਾਵਾਂ ਦਾ ਅਧਾਰ ਹੀ ਔਰਤ ਵਿਰੋਧੀ ਹੈ।
ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਨੇ ਬਹੁਤ ਸਾਰੇ ਅੰਕੜਿਆਂ ਤੇ ਤੱਥਾਂ ਸਮੇਤ ਸਿੱਧ ਕਰਦੇ ਹੋਏ ਕਿਹਾ ਕਿ ਔਰਤਾਂ ਦੀ ਹੁੰਦੀ ਲੁੱਟ, ਜ਼ਬਰ ਤੇ ਦਾਬਾ ਇਸ ਪ੍ਰਬੰਧ ਦੀ ਖੁਰਾਕ ਹੈ। ਇਹ ਪ੍ਰਬੰਧ ਇਸਨੂੰ ਆਪਣੀ ਘਟੀਆ ਰਾਜਨੀਤੀ ਲਈ ਇੱਕ ਹਥਿਆਰ ਦੇ ਰੂਪ ਵਿੱਚ ਵਰਤਦਾ ਹੋਇਆ ਨਾ ਸਿਰਫ ਇਸਨੂੰ ਬਰਕਰਾਰ ਰੱਖਦਾ ਹੈ ਬਲਕਿ ਇਸਨੂੰ ਬੜਾਵਾ ਵੀ ਦਿੰਦਾ ਹੈ। ਵੱਖ ਵੱਖ ਇਨਕਲਾਬੀ ਤਾਕਤਾਂ ਨੂੰ ਔਰਤਾਂ ਦੇ ਹੱਕ ਵਿੱਚ ਉਠੇ ਹਰ ਹੱਕੀ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਔਰਤਾਂ ਤੇ ਹੁੰਦੇ ਵਹਿਸ਼ੀ ਜ਼ਬਰ, ਲੁੱਟ ਤੇ ਦੱਬੇ ਖਿਲਾਫ ਯੁੱਗ ਪਲਾਉ ਤਾਕਤਾਂ ਨੂੰ ਇਕੱਠਾ ਕਰਦੇ ਹੋਏ ਨਵੇਂ ਸਮਾਜ ਦੀ ਸਿਰਜਣਾ ਲਈ ਇਨਕਲਾਬੀ ਲੜਾਈ ਲਈ ਅੱਗੇ ਵਧਣਾ ਚਾਹੀਦਾ ਹੈ। ਕੇਵਲ ਇਨਕਲਾਬ ਰਾਹੀਂ ਵਿਗਿਆਨਕ ਲੀਹਾਂ ਤੇ ਉਸਾਰਿਆ ਗਿਆ ਸਮਾਜਵਾਦੀ ਪ੍ਰਬੰਧ ਹੀ ਔਰਤਾਂ ਦੀ ਬੰਦ ਖ਼ਲਾਸੀ ਦੇ ਰਾਹ ਖੋਲ੍ਹੇਗਾ।
ਪ੍ਰੋਗਰਾਮ ਦੇ ਆਖਰੀ ਬੁਲਾਰੇ ਨੌਜਵਾਨ ਵਿਦਿਆਰਥੀ ਆਗੂ ਹਰਪ੍ਰੀਤ ਨੇ ਸੰਬੋਧਨ ਕਰਦੇ ਹੋਏ ਇੱਕ ਬੇਹੱਦ ਗੰਭੀਰ ਸਵਾਲ ਤੇ ਚਰਚਾ ਕੀਤੀ ਕਿ ਕੀ ਇੱਕ ਅਜਿਹੇ ਸਮਾਜ ਦੀ ਸਿਰਜਣਾ ਸੰਭਵ ਹੈ ਜਿੱਥੇ ਔਰਤ ਹਰ ਕਿਸਮ ਦੀ ਗੁਲਾਮੀ ਤੇ ਮੁਕਤੀ ਹਾਸਿਲ ਕਰ ਸਕੇ? ਕੀ ਇਤਹਾਸ ਵਿੱਚ ਅਜਿਹੀਆਂ ਕੋਈ ਕੋਸ਼ਿਸ਼ਾਂ ਹੋਈਆਂ ਨੇ, ਤੇ ਉਨ੍ਹਾਂ ਕੋਸ਼ਿਸ਼ਾਂ ਦੇ ਕੀ ਸਿੱਟੇ ਤੇ ਸਬਕ ਕੱਢੇ ਜਾ ਸਕਦੇ ਨੇ? ਇਹਨਾਂ ਗੱਲਾਂ ਦਾ ਜਵਾਬ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਹਾਂ ਬਿਲਕੁਲ ਅਜਿਹੇ ਸਮਾਜ ਦੀ ਸਿਰਜਣਾ ਸੰਭਵ ਹੈ। 20 ਵੀਂ ਸਦੀ ਵਿੱਚ ਲਗਭਗ 40 ਸਾਲ (1917 ਤੋਂ 1956) ਸਮਾਜਵਾਦੀ ਰੂਸ ਤੇ 27 ਸਾਲ (1949 ਤੋਂ 1976) ਚੀਨ ਵਿੱਚ ਅਜਿਹੀ ਨਵੀਂ ਦੁਨੀਆ ਦੀ ਸਿਰਜਣਾ ਦੀਆਂ ਅਣਗਿਣਤ ਕੋਸ਼ਿਸ਼ਾਂ ਕੀਤੀਆਂ ਗਈਆਂ। ਇਹਨਾਂ ਸਮਾਜਵਾਦੀ ਦੇਸ਼ਾਂ ਨੇ ਜਿਥੇ ਸਮੁੱਚੀ ਲੋਕਾਈ ਲਈ ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਬਰਾਬਰੀ ਦੀ ਉਸਾਰੀ ਲਈ ਵੱਡੀਆਂ ਪੁਲਾਂਘਾਂ ਪੁੱਟੀਆਂ ਉੱਥੇ ਵਿਸ਼ੇਸ਼ ਰੂਪ ਵਿੱਚ ਔਰਤਾਂ ਦੀ ਮੁਕਤੀ ਲਈ ਕਾਰਜ ਕੀਤੇ। ਔਰਤਾਂ ਨੂੰ ਮਰਦਾਂ ਦੇ ਬਰਾਬਰ ਤਨਖਾਹਾਂ ਨਾਲ ਹਰ ਖੇਤਰ ਵਿੱਚ ਕੰਮ-ਕਾਜ ਕਰਨ ਦੇ ਮੌਕੇ ਤੇ ਸਾਧਨ ਮੁੱਹਈਆ ਕੀਤੇ।
ਕਮਿਊਨਿਸਟ ਪਾਰਟੀਆਂ ਦੀ ਅਗਵਾਈ ਵਿੱਚ ਸਿੱਖਿਆ ਤੇ ਸੱਭਿਆਚਾਰ ਦੇ ਖੇਤਰਾਂ ਵਿੱਚ ਕੀਤੇ ਯੁੱਗ ਪਲਟਾਊ ਕਾਰਜ ਅਨੇਕਾ ਅਜਿਹੇ ਰੀਤੀ ਰਿਵਾਜ, ਧਾਰਨਾਵਾਂ , ਸੱਭਿਆਚਾਰਕ ਕੂੜ ਕਬਾੜ ਨੂੰ ਹੂੰਝ ਮਾਰਿਆ ਜਿਹੜੇ ਇਤਹਾਸਿਕ ਤੌਰ ਤੇ ਔਰਤ ਦੀ ਗੁਲਾਮੀ ਦਾ ਅਧਾਰ ਬਣਦੇ ਆ ਰਹੇ ਸਨ। ਅੱਜ ਵੀ ਅਸੀਂ ਦੇਖਦੇ ਹਾਂ ਬਹੁਤ ਸਾਰੀਆਂ ਔਰਤਾਂ ਜਿੱਥੇ ਪਹਿਲਾਂ ਰੁਜ਼ਗਾਰ ਲਈ ਕਾਰਜ ਕਰਦੀਆਂ ਹਨ ਤੇ ਘਰ ਆ ਕੇ ਘਰੇਲੂ ਕੰਮ ਦਾ ਸਾਰਾ ਬੋਝ ਚੱਕਦੀਆਂ ਹਨ ਤੇ ਨਾਲ-ਨਾਲ ਬੱਚਿਆਂ ਨੂੰ ਪਾਲਣ ਦਾ ਕੰਮ ਸਿਰਫ ਔਰਤਾਂ ਦੀ ਜਿੰਮੇਵਾਰੀ ਹੀ ਸਮਝਿਆ ਜਾਂਦਾ ਹੈ, ਪਰ ਇਹਨਾਂ ਸਮਾਜਵਾਦੀ ਮੁਲਕਾਂ ਨੇ ਇੱਕ ਵੱਖਰੀ ਕਿਸਮ ਦੀ ਨੀਤੀ ਤਹਿਤ ਇਹ ਨਾਹਰਾ ਦਿੱਤਾ ਸਾਂਝੀਵਾਲਤਾ ਵਾਲੇ ਸਮਾਜ ਵਿੱਚ ਬੱਚਿਆਂ ਦਾ ਪਾਲਣ ਪੋਸ਼ਣ ਤੇ ਸਿੱਖਿਅਤ ਕਰਨ ਦਾ ਕੰਮ ਸਾਰੇ ਸਮਾਜ ਦਾ ਹੈ। ਇਸ ਲਈ ਏਥੇ ਅਜਿਹੀਆਂ ਨਰਸਰੀਆਂ ਬਣਾਈਆਂ ਗਈਆਂ ਜਿੱਥੇ ਬੱਚਿਆਂ ਦਾ ਸਮੂਹਿਕ ਰੂਪ ਵਿੱਚ ਪਾਲਣ ਪੋਸ਼ਣ ਕੀਤਾ ਜਾਂਦਾ ਤੇ ਉਨ੍ਹਾਂ ਨੂੰ ਨਵੇਂ ਸਮਾਜ ਵਿੱਚ ਜਿਊਣ ਲਈ ਨਵੀਂ ਕਿਸਮ ਦੀ ਨੈਤਿਕ ਤੇ ਹੋਰ ਸਰਬਪੱਖੀ ਸਿੱਖਿਆ ਦਿੱਤੀ ਜਾਂਦੀ। ਉਹਨਾਂ ਲਈ ਲੋੜੀਂਦੇ ਡਾਕਟਰ ਤੇ ਅਧਿਆਪਕਾਂ ਨੂੰ ਵਿਸ਼ੇਸ਼ ਕਿਸਮ ਦੀ ਟਰੇਨਿੰਗ ਵੀ ਦਿੱਤੀ ਜਾਂਦੀ ਸੀ। ਘਰੇਲੂ ਕੰਮਾਂ ਤੋਂ ਔਰਤਾਂ ਨੂੰ ਨਿਜ਼ਾਤ ਦਿਵਾਉਣ ਲਈ ਸਾਂਝੀਆਂ ਰਸੋਈਆਂ ਬਣਾਈਆਂ ਗਈਆਂ ਤਾਂ ਕਿ ਘਰਾਂ ਅੰਦਰ ਔਰਤ ਦੀ ਮਿਹਨਤ ਦੀ ਲੁੱਟ ਨੂੰ ਬੰਦ ਕੀਤਾ ਜਾ ਸਕੇ। ਬੁਲਾਰੇ ਨੇ ਤਰਕ ਨਾਲ ਗੱਲ ਕਰਦੇ ਹੋਏ ਤੱਥਾਂ,ਸਬੂਤਾਂ ਨਾਲ ਅਜਿਹੀ ਕਿਸਮ ਦੀਆਂ ਹੋਰ ਵੀ ਅਨੇਕਾ ਕੋਸ਼ਿਸ਼ਾਂ ਦਾ ਵਰਨਣ ਕੀਤਾ। ਅੰਤ ਵਿੱਚ ਅਜਿਹੇ ਸਮਾਜ ਦੀ ਸਿਰਜਣਾ ਲਈ ਚੇਤੰਨ ਤਾਕਤਾਂ ਨੂੰ ਇੱਕਜੁੱਟ ਕਰਨ ਤੇ ਸਿੱਖਿਅਤ ਹੋਣ ਤੇ ਕਰਨ ਦੇ ਕਾਰਜਾਂ ਨੂੰ ਆਪਣੇ ਹੱਥ ਲੈਣ ਦਾ ਸੁਨੇਹਾ ਦਿੰਦੇ ਹੋਏ ਆਪਣੀ ਗੱਲ ਖ਼ਤਮ ਕੀਤੀ।
ਅਖੀਰ ਵਿੱਚ ਪਹੁੰਚੇ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਪ੍ਰੋਗਰਾਮ ਦੇ ਮੰਚ ਸੰਚਾਲਕ ਡਾ. ਰਜਿੰਦਰਪਾਲ ਨੇ ਦਿੱਲੀ ਪਹਿਲਵਾਨਾਂ ਦੇ ਹੱਕ ਵਿੱਚ ਸ਼ੁਰੂ ਕੀਤੀ ਦਸਤਖ਼ਤ ਮੁਹਿੰਮ ਦਾ ਲੇਖਾ ਜੋਖਾ ਕੀਤਾ ਅਤੇ ਦੱਸਿਆ ਕਿ ਪਿੰਡਾਂ/ਕਸਬਿਆਂ/ਸ਼ਹਿਰਾਂ ਅੰਦਰ ਸਾਰੇ ਮਿਹਨਤਕਸ਼ ਤਬਕਿਆਂ ਤੱਕ ਪਹੁੰਚ ਕੀਤੀ ਗਈ ਹੈ। ਇਸ ਨੂੰ ਹੋਰ ਅੱਗੇ ਵਧਾਉਣ ਲਈ ਵੱਧ ਤੋਂ ਵੱਧ ਘੇਰਿਆਂ ਵਿੱਚ ਲਿਜਾਣ ਦੇ ਪ੍ਰੋਗਰਾਮ ਤਹਿ ਕੀਤੇ। ਆਉਣ ਵਾਲੇ ਦਿਨਾਂ ਵਿੱਚ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਉਪਰੋਤਕ ਸੰਘਰਸ਼ ਵੱਖ ਵੱਖ ਢੰਗਾਂ ਰਾਹੀਂ ਕੁਸ਼ਤੀ ਪਹਿਲਵਾਨਾਂ ਦੇ ਸੰਘਰਸ਼ ਦੀ ਹਮਾਇਤ ਕਰਨ ਦਾ ਪ੍ਰੋਗਰਾਮ ਨਿਰਧਾਰਿਤ ਕੀਤਾ ਗਿਆ।
ਪਾਸ ਕੀਤੇ ਗਏ ਮਤਿਆਂ ਰਾਹੀਂ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਣ ਸਿੰਘ ਨੂੰ ਤੁਰੰਤ ਗਿਰਫ਼ਤਾਰ ਕਰਨ ਅਤੇ ਬਣਦੀ ਸਜ਼ਾ ਯਕੀਨੀ ਬਣਾਉਣ ਅਤੇ ਲੋਕ ਹਿੱਤਾਂ ਲਈ ਜੂਝਣ ਵਾਲੀ ਜਾਣੀ ਪਛਾਣੀ ਸ਼ਖ਼ਸੀਅਤ ਬੁੱਧੀਜੀਵੀ ਡਾ. ਨਵਸ਼ਰਨ ਕੌਰ ਨੂੰ ਪੀਐੱਮਐੱਲ ਏ ਤਹਿਤ ਈਡੀ ਵੱਲੋਂ ਸੰਮਨ ਭੇਜ ਕੇ ਤਲਬ ਕਰਨ, 8 ਘੰਟੇ ਈਡੀ ਦਫਤਰ ਵਿੱਚ ਬੁਲਾਕੇ ਪੱਛ ਗਿੱਛ ਕਰਨ ਦੇ ਬਹਾਨੇ ਡਰਾਉਣ, ਧਮਕਾਉਣ, ਦਹਿਸ਼ਤਜ਼ਦਾ ਕਰਨ, ਈਡੀ ਡਾਇਰੈਕਟਰ ਵੱਲੋਂ ਮਾੜਾ ਵਿਵਹਾਰ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ, ਇਨ੍ਹਾਂ ਹੱਥਕੰਡਿਆਂ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੱਤੀ। ਬਲਦੇਵ ਮੰਡੇਰ ਨੇ ਬੁਲੰਦ ਆਵਾਜ਼ ਵਿੱਚ ਇਨਕਲਾਬੀ ਗੀਤ ਪੇਸ਼ ਕੀਤੇ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news