
ਦਲਜੀਤ ਕੌਰ/ਸੰਗਰੂਰ/ਸੁਨਾਮ ਊਧਮ ਸਿੰਘ ਵਾਲਾ, 14 ਜੂਨ, 2023: ਨਮੋਲ ਵਿਖੇ ਦਲਿਤਾਂ ‘ਤੇ ਜਾਤੀ ਹੰਕਾਰ ਵਿੱਚ ਗ੍ਰਸਤ ਅਨਸਰਾਂ ਵੱਲੋਂ ਜਾਨਲੇਵਾ ਹਮਲਾ ਕਰਨ ਅਤੇ ਜਾਤੀ ਸੂਚਕ ਅਪ ਸ਼ਬਦ ਬੋਲਣ ਵਾਲਿਆਂ ਖ਼ਿਲਾਫ਼ ਐਸ.ਸੀ/ਐਸ.ਟੀ.ਐਕਟ ਅਤੇ ਹੋਰ ਧਰਾਵਾਂ ਤਹਿਤ ਪਰਚਾ ਦਰਜ ਕਰਵਾਉਣ ਦੀ ਮੰਗ ਨੂੰ ਲੈਕੇ ਪਰਜਾਪੱਤ ਧਰਮਸ਼ਾਲਾ ਸੰਗਰੂਰ ਵਿਖੇ ਹੋ ਰਹੀ ਰੋਹ ਭਰਪੂਰ ਰੈਲੀ ਨੂੰ ਉਦੋਂ ਅੰਸਿਕ ਜਿੱਤ ਪ੍ਰਾਪਤ ਹੋਈ, ਜਦੋਂ ਐੱਸ.ਪੀ.(ਡੀ) ਪਲਵਿੰਦਰ ਸਿੰਘ ਚੀਮਾ ਜੀ ਨੇ ਧਰਮਸ਼ਾਲਾ ਵਿਖੇ ਆਕੇ ਐਫ.ਆਈ.ਆਰ.ਨੰਬਰ 30 ਐਸ. ਸੀ./ ਐਸ.ਟੀ. ਐਕਟ ਤਹਿਤ ਥਾਣਾ ਚੀਮਾ ਵਿਖੇ ਦਰਜ਼ ਕਰਨ ਬਾਰੇ ਦੱਸਿਆ। ਮੰਗ ਪੂਰੀ ਹੋਣ ਤੇ ਦਲਿਤਾਂ ਅੰਦਰ ਭਾਰੀ ਉਤਸ਼ਾਹ ਪਾਇਆ ਗਿਆ। ਪਰਚਾ ਦਰਜ ਹੋ ਜਾਣ ਦੀ ਸੂਰਤ ਵਿੱਚ ਐੱਸ.ਐੱਸ.ਪੀ.ਦਫਤਰ ਸੰਗਰੂਰ ਅੱਗੇ ਧਰਨਾ ਲਾਉਣ ਦਾ ਪ੍ਰੋਗਰਾਮ ਇੱਕ ਵਾਰ ਰੱਦ ਕਰ ਦਿੱਤਾ ਗਿਆ।
ਇਸ ਮੌਕੇ ਅੰਸਿਕ ਜਿੱਤ ਦੀ ਪ੍ਰਾਪਤੀ ਸਬੰਧੀ ਧਰਮਸ਼ਾਲਾ ਵਿਖੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਅਗਵਾਈ ਹੇਠ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਸੂਬਾ ਸਕੱਤਰ ਧਰਮਪਾਲ ਸਿੰਘ ਅਤੇ ਸੂਬਾ ਪ੍ਰੈੱਸ ਸਕੱਤਰ ਦਰਸ਼ਨ ਟਾਹਲੀਆਂ ਨੇ ਕਿਹਾ ਕਿ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਹੈ ਅਤੇ ਰੂੜੀਆਂ ਲਈ ਥਾਂ ਨਹੀਂ ਮਿਲ ਜਾਂਦੀ। ਬਿਗੜਵਾਲ ਵਿਖੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਸਾਂਝੇ ਤੌਰ ਤੇ ਲੈਣ ਲਈ ਚੱਲ ਰਹੇ ਸੰਘਰਸ਼ ਵਿੱਚ ਜਾਤੀ ਹੰਕਾਰਿਆਂ ਦੀ ਦਖਲਅੰਦਾਜ਼ੀ ਬੰਦ ਕਰਨ ਸਬੰਧੀ ਪ੍ਰਸ਼ਾਸਨ ਨੇ ਬੇਸ਼ੱਕ ਸਖ਼ਤ ਹਦਾਇਤ ਜਾਰੀ ਕੀਤੀ ਸੀ ਪਰ ਜਾਤੀ ਹੰਕਾਰਿਆਂ ਵੱਲੋਂ ਅੰਦਰ- ਖਾਤੇ ਦਲਿਤਾਂ ਦੀ ਬਾਈਕਾਟ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਵੀ ਐਸ.ਪੀ.(ਡੀ) ਨੇ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਰੈਲੀ ਨੂੰ ਸੂਬਾ ਆਗੂ ਬਿਮਲ ਕੌਰ, ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਆਗੂ ਬਲਜੀਤ ਸਿੰਘ ਨੇ ਕਿਹਾ ਕਿ ਨਮੋਲ ਦੇ ਦੋਸ਼ੀਆਂ ‘ਤੇ 452 ਦੀ ਧਾਰਾ ਤਹਿਤ ਵੀ ਪਰਚਾ ਦਰਜ ਹੋਣਾ ਚਾਹੀਦਾ ਹੈ, ਕਿਉਂਕਿ ਹੰਕਾਰਿਆਂ ਨੇ ਦਲਿਤਾਂ ਦੇ ਘਰਾਂ ਵਿੱਚ ਵੜ ਕੇ ਹਮਲਾ ਕੀਤਾ ਸੀ,ਜਿਸ ਦੀਆਂ ਵੀਡੀਓਜ਼ ਵੀ ਮੌਜੂਦ ਹਨ।
ਅੱਜ ਦੇ ਧਰਨੇ ਦੀ ਹਮਾਇਤ ਵਿੱਚ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਸਪਿੰਦਰ ਜਿੰਮੀ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਿੱਕਰ ਹਥੋਆ, ਡੀਟੀਐੱਫ ਦੇ ਆਗੂ ਪਰਮਿੰਦਰ ਸਿੰਘ ਮਾਨਸਾ, ਬਲਵੀਰ ਚੰਦ ਲੌਂਗੋਵਾਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਆਗੂ ਲਖਵੀਰ ਲੌਂਗੋਵਾਲ, ਅਦਾਰਾ ਤਰਕਸ਼ ਦੇ ਇਨਜਿੰਦਰ ਸਿੰਘ, ਬਵਲੀ ਅਟਵਾਲ, ਡੀਐੱਸਓ ਦੇ ਪਾਰਸ ਨਮੋਲ, ਔਰਤ ਫਰੰਟ ਦੀ ਆਗੂ ਹਰਪ੍ਰੀਤ ਕੌਰ ਧੂਰੀ ਆਦਿ ਨੇ ਸੰਬੋਧਨ ਕੀਤਾ। ਰੈਲੀ ਦੀ ਸਮਾਪਤੀ ਜ਼ੋਰਦਾਰ ਆਕਾਸ਼ ਗੁਝਾਂਓ ਨਾਅਰੇਬਾਜ਼ੀ ਕਰਦੇ ਹੋਏ ਕੀਤੀ ਗਈ।