ਕੇਪਟਾਊਨ, 24 ਫਰਵਰੀ/
ਦੱਖਣੀ ਅਫਰੀਕਾ ਨੇ ਅੱਜ ਇੱਥੇ ਇਕ ਨੇੜਲੇ ਮੁਕਾਬਲੇ ਵਿੱਚ ਇੰਗਲੈਂਡ ਨੂੰ ਛੇ ਦੌੜਾਂ ਨਾਲ ਹਰਾ ਕੇ ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾਈ, ਜਿੱਥੇ ਉਸ ਦਾ ਮੁਕਾਬਲਾ ਐਤਵਾਰ ਨੂੰ ਆਸਟਰੇਲੀਆ ਨਾਲ ਹੋਵੇਗਾ। ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚਾਰ ਵਿਕਟਾਂ ’ਤੇ 164 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਇੰਗਲੈਂਡ ਦੀ ਟੀਮ ਅੱਠ ਵਿਕਟਾਂ ’ਤੇ 158 ਦੌੜਾਂ ਹੀ ਬਣਾ ਸਕੀ। ਆਈਸੀਸੀ ਟੀ20 ਮਹਿਲਾ ਵਿਸ਼ਵ ਕੱਪ ਦੇ ਦੂਜੇ ਸੈਮੀ ਫਾਈਨਲ ਵਿੱਚ ਦੱਖਣੀ ਅਫਰੀਕਾ ਦੀ ਖਿਡਾਰਨ ਲੌਰਾ ਵੂਲਵਾਰਟ ਨੇ 44 ਗੇਂਦਾਂ ’ਤੇ 53 ਦੌੜਾਂ ਬਣਾਈਆਂ ਜਦਕਿ ਤਾਜ਼ਮਿਨ ਬ੍ਰਿਟਸ ਨੇ 55 ਗੇਂਦਾਂ ’ਤੇ 68 ਦੌੜਾਂ ਦੀ ਵਧੀਆ ਪਾਰੀ ਖੇਡੀ। ਇਨ੍ਹਾਂ ਦੋਹਾਂ ਨੇ ਪਹਿਲੇ ਵਿਕਟ ਲਈ 96 ਦੌੜਾਂ ਦੀ ਸਾਂਝੇਦਾਰੀ ਕਰ ਕੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਲਈ ਉਤਰੀ ਦੱਖਣੀ ਅਫਰੀਕਾ ਦੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਦੱਖਣੀ ਅਫਰੀਕਾ ਵੱਲੋਂ ਖਾਕਾ ਨੇ 29 ਦੌੜਾਂ ਦੇ ਕੇ ਚਾਰ ਅਤੇ ਇਸਮਾਈਲ ਨੇ 27 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਅਤੇ ਆਪਣੀ ਟੀਮ ਨੂੰ ਯਾਦਗਾਰੀ ਜਿੱਤ ਦਿਵਾਈ।-ਪੀਟੀਆਈ