April 10, 2026 8:42 pm

ਡੀ.ਟੀ.ਐੱਫ. ਦੀ ਮੀਟਿੰਗ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਨਾਲ ਹੋਈ

Share:

ਦਲਜੀਤ ਕੌਰ/ਐੱਸ ਏ ਐੱਸ ਨਗਰ, 23 ਅਪ੍ਰੈਲ, 2023: ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਤੇਜਦੀਪ ਸਿੰਘ ਸੈਣੀ ਨਾਲ ਉਹਨਾਂ ਦੇ ਦਫ਼ਤਰ ਵਿਖੇ ਹੋਈ। ਇਸ ਮੀਟਿੰਗ ਵਿੱਚ ਵੱਖ-ਵੱਖ ਸ਼ਾਖਾਵਾਂ ਨਾਲ ਸਬੰਧਤ ਡਿਪਟੀ ਡਾਇਰੈਕਟਰ ਵੀ ਸ਼ਾਮਲ ਸਨ। ਲਗਭਗ ਢਾਈ ਘੰਟੇ ਚੱਲੀ ਇਸ ਮੀਟਿੰਗ ਵਿੱਚ ਵਿਸਥਾਰ ਨਾਲ ਅਧਿਆਪਕਾਂ, ਵਿਦਿਆਰਥੀਆਂ ਅਤੇ ਸਕੂਲਾਂ ਨਾਲ ਸਬੰਧਤ ਮੁੱਦੇ ਵਿਚਾਰੇ ਗਏ। ਜਥੇਬੰਦੀ ਨੇ 2021 ਵਿੱਚ ਬਦਲੀ ਹੋਏ ਸਾਰੇ ਅਧਿਆਪਕਾਂ ਨੂੰ ਇਸ ਸਾਲ ਬਦਲੀ ਲਈ ਯੋਗ ਮੰਨੇ ਜਾਣ ਦੀ ਮੰਗ ਰੱਖੀ। ਸ੍ਰੀ ਸੈਣੀ ਨੇ ਕਿਹਾ ਕਿ 2021 ਵਿੱਚ ਬਦਲੀਆਂ ਦੇ ਆਰਡਰ ਜਾਰੀ ਹੋਣ ਦੀ ਮਿਤੀ ਤੋਂ ਦੋ ਸਾਲ ਦੀ ਠਹਿਰ ਮੰਨ ਕੇ ਇਸ ਮਸਲੇ ਨੂੰ ਹੱਲ ਕੀਤਾ ਜਾਵੇਗਾ। ‘ਡਾਟਾ ਮਿਸਮੈਚ’ ਅਧੀਨ ਬਦਲੀ ਲਈ ਅਯੋਗ ਠਹਿਰਾਏ ਅਧਿਆਪਕਾਂ ਨੂੰ ਬਦਲੀ ਲਈ ਆਨਲਾਈਨ ਅਰਜ਼ੀ ਵਿੱਚ ਸੋਧ ਕਰਨ ਦਾ ਮੌਕਾ ਦਿੱਤਾ ਜਾਵੇਗਾ। ਪ੍ਰਮੋਸ਼ਨਾਂ ਸਬੰਧੀ ਮੰਗ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਈਟੀਟੀ ਤੋਂ ਮਾਸਟਰ ਕਾਡਰ ਦੀ ਪ੍ਰਮੋਸ਼ਨ ਲਈ ਈਟੀਟੀ ਦੀ ਸੀਨੀਆਰਤਾ ਸੂਚੀ ਮੰਤਰਾਲੇ ਨੂੰ ਭੇਜੀ ਹੋਈ ਹੈ। ਮਾਸਟਰ ਕੇਡਰ ਤੋਂ ਲੈਕਚਰਾਰ ਦੀ ਪ੍ਰਮੋਸ਼ਨ ਲਈ ਮਾਸਟਰ ਕੇਡਰ ਦੀ ਸੀਨੀਆਰਤਾ ਸੂਚੀ ਬਣ ਰਹੀ ਹੈ। ਨਾਨ-ਟੀਚਿੰਗ ਸਟਾਫ਼ ਦੀ ਪ੍ਰਮੋਸ਼ਨ ਦੇ ਮਸਲੇ ‘ਤੇ ਕੰਮ ਚੱਲ ਰਿਹਾ ਹੈ। ਪਿਛਲੇ ਸਾਲ ਵਿੱਦਿਅਕ ਟੂਰਾਂ ਦੇ ਮਸਲੇ ‘ਤੇ ਹੋਏ ਸੰਘਰਸ਼ ਦੌਰਾਨ ਵਿਭਾਗ ਵੱਲੋਂ ਜਥੇਬੰਦੀ ਦੀ ਜ਼ਿਲ੍ਹਾ ਸੰਗਰੂਰ ਇਕਾਈ ਦੇ ਪੰਜ ਜ਼ਿਲ੍ਹਾ ਆਗੂਆਂ ਖ਼ਿਲਾਫ਼ ਜਾਰੀ ਕੀਤੀਆਂ ਦੋਸ਼ ਸੂਚੀਆਂ ਦੇ ਮਸਲੇ ‘ਤੇ ਡਾਇਰੈਕਟਰ ਸਾਹਿਬ ਨੇ ਸਬੰਧਤ ਡਿਪਟੀ ਡਾਇਰੈਕਟਰ ਨੂੰ ਮੌਕੇ ‘ਤੇ ਕਿਹਾ ਕਿ ਇਸ ਮਸਲੇ ਦੀ ਤਾਜ਼ਾ ਸਥਿਤੀ ਉਹਨਾਂ ਨੂੰ ਦੱਸੀ ਜਾਵੇ। ਉਹਨਾਂ ਕਿਹਾ ਕਿ ਇਸ ਮਸਲੇ ਦਾ ਜਲਦੀ ਨਿਪਟਾਰਾ ਕਰ ਦਿੱਤਾ ਜਾਵੇਗਾ। ਉਹਨਾਂ ਡੀ.ਈ.ਓ. ਸੰਗਰੂਰ ਦੀ ਇਸ ਕਾਰਵਾਈ ‘ਤੇ ਹੈਰਾਨੀ ਪ੍ਰਗਟ ਕੀਤੀ ਅਤੇ ਕਿਹਾ ਕਿ ਵਿਭਾਗ ਤਾਂ ਵਿਦਿਆਰਥੀਆਂ ਦੇ ਵਿੱਦਿਅਕ ਟੂਰਾਂ ਨੂੰ ਪ੍ਰਮੋਟ ਕਰ ਰਿਹਾ ਹੈ ਤੇ ਪ੍ਰਿੰਸੀਪਲ ਸਕੱਤਰ ਨੇ ਵਿਦਿਆਰਥੀਆਂ ਦੇ ਵਿੱਦਿਅਕ ਟੂਰਾਂ ਲਈ ਵੱਡੀ ਰਾਸ਼ੀ ਅਲਾਟ ਕਰਾ ਕੇ ਰੱਖੀ ਹੈ। ਸੰਘਰਸ਼ ਦੌਰਾਨ ਰਮਸਾ ਅਧਿਆਪਕ ਯੂਨੀਅਨ ਦੇ ਪ੍ਰਧਾਨ ਦੀਦਾਰ ਮੁੱਦਕੀ ਦਾ ਪ੍ਰੋਬੇਸ਼ਨ ਪੀਰੀਅਡ ਵਧਾਉਣ ਦੇ ਮਸਲੇ ‘ਤੇ ਉਹਨਾਂ ਕਿਹਾ ਕਿ ਸਿੱਖਿਆ ਮੰਤਰੀ ਕੋਲ ਦੀਦਾਰ ਮੁੱਦਕੀ ਦੀ ਨਿੱਜੀ ਸੁਣਵਾਈ ਹੋ ਚੁੱਕੀ ਹੈ ਤੇ ਜਲਦੀ ਹੀ ਇਸ ਕੇਸ ਦਾ ਨਿਪਟਾਰਾ ਹੋ ਜਾਵੇਗਾ। ਅਧਿਆਪਕਾ ਜਸਪ੍ਰੀਤ ਕੌਰ ਲੈਕਚਰਾਰ ਕਮਿਸਟਰੀ ਦੀ ਬਦਲੀ ਦੇ ਮਸਲੇ ‘ਤੇ ਉਹਨਾਂ ਕਿਹਾ ਕਿ ਜੇਕਰ ਅਧਿਆਪਕਾ ਹਾਈ ਕੋਰਟ ਵਿੱਚ ਪਾਈ ਰਿੱਟ ਵਾਪਸ ਲੈ ਲੈਂਦੀ ਹੈ ਤਾਂ ਉਸ ਤੋਂ ਅਗਲੇ ਦਿਨ ਹੀ ਉਹ ਅਧਿਆਪਕਾ ਦੇ ਹੱਕ ਵਿੱਚ ਆਰਡਰ ਕਰ ਦੇਣਗੇ। ਪੁਰਾਣੀ ਪੈਨਸ਼ਨ, ਕੱਟੇ ਭੱਤੇ, ਏਸੀਪੀ ਸਕੀਮ ਬਹਾਲ ਕਰਨ ਅਤੇ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ ਦੇ ਮਸਲੇ ‘ਤੇ ਉਹਨਾਂ ਕਿਹਾ ਕਿ ਸਰਕਾਰ ਪੱਧਰ ਦੇ ਇਹਨਾਂ ਮਸਲਿਆਂ ‘ਤੇ ਉਹ ਸਿਫਾਰਸ਼ ਕਰਕੇ ਉੱਪਰ ਭੇਜ ਦੇਣਗੇ। ਆਪਸੀ ਬਦਲੀ ਲਈ ਕਿਸੇ ਵੀ ਕਿਸਮ ਦੀ ਸ਼ਰਤ ਹੋਣ ਨੂੰ ਉਹਨਾਂ ਗੈਰ-ਜ਼ਰੂਰੀ ਦੱਸਿਆ ਅਤੇ ਸ਼ਰਤਾਂ ਨੂੰ ਹਟਾਉਣ ਦੀ ਹਾਮੀ ਭਰੀ। ਪ੍ਰਮੋਟਡ ਅਧਿਆਪਕਾਂ ਦੀ ਬਦਲੀ ਲਈ ਸਟੇਅ ਦੀ ਸ਼ਰਤ ਹਟਾਉਣ ‘ਤੇ ਉਹਨਾਂ ਵਿਚਾਰ ਕਰਨ ਦੀ ਗੱਲ ਕਹੀ। ਬਦਲੀ ਹੋਣ ਤੋਂ ਬਾਅਦ ਰੱਦ ਕਰਾਉਣ ਦੇ ਮਸਲੇ ‘ਤੇ ਉਹਨਾਂ ਡਾਇਰੈਕਟਰ ਪੱਧਰ ‘ਤੇ ਨਿੱਜੀ ਸੁਣਵਾਈ ਉਪਰੰਤ ਜਾਇਜ਼ ਕੇਸਾਂ ਵਿੱਚ ਹੀ ਬਦਲੀ ਕੈਂਸਲ ਕਰਨ ਦੀ ਹਾਮੀ ਭਰੀ। ਜਿਹਨਾਂ ਸਕੂਲਾਂ ਵਿੱਚ ਸਾਇੰਸ ਅਤੇ ਕਾਮਰਸ ਗਰੁੱਪ ਦਿੱਤੇ ਗਏ ਹਨ, ਉਹਨਾਂ ਵਿੱਚ ਸਾਇੰਸ ਤੇ ਕਾਮਰਸ ਦੀਆਂ ਪੂਰੀਆਂ ਪੋਸਟਾਂ ਦੇ ਕੇ ਭਰਨ ਦੀ ਮੰਗ ਅਤੇ ਨਵੇਂ ਅਪਗਰੇਡ ਸਕੂਲਾਂ ਵਿੱਚ ਬਣਦੀਆਂ ਸਾਰੀਆਂ ਪੋਸਟਾਂ ਮਨਜ਼ੂਰ ਕਰਕੇ ਭਰਨ ਦੇ ਮਸਲੇ ‘ਤੇ ਉਹਨਾਂ ਕਿਹਾ ਕਿ ਫਾਈਲ ਵਿੱਤ ਵਿਭਾਗ ਕੋਲ ਚਲੀ ਗਈ ਹੈ ਤੇ ਉਹਨਾਂ ਦੀ ਸਹਿਮਤੀ ਵੀ ਹੈ ਇਸ ਲਈ ਬਹੁਤ ਛੇਤੀ ਇਹ ਮਸਲਾ ਹੱਲ ਹੋਣ ਦੀ ਸੰਭਾਵਨਾ ਹੈ। ਸਾਰੇ ਸਕੂਲਾਂ ਵਿੱਚ ਦਰਜਾ ਚਾਰ ਦੀਆਂ ਅਸਾਮੀਆਂ ਦੇਣ ਦੀ ਮੰਗ ‘ਤੇ ਸ੍ਰੀ ਸੈਣੀ ਨੇ ਕਿਹਾ ਕਿ ਜਲਦੀ ਹੀ ਆਊਟ-ਸੋਰਸਿੰਗ ਰਾਹੀਂ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੈਂਪਸ ਮੈਨੇਜਰ,ਚੌਕੀਦਾਰ,ਸਫਾਈ ਸੇਵਕ ਅਤੇ ਸਕਿਓਰਿਟੀ ਗਾਰਡ ਦਿੱਤੇ ਜਾਣਗੇ। ਜਥੇਬੰਦੀ ਨੇ ਰੈਗੂਲਰ ਪੋਸਟਾਂ ਦੀ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ। ਪ੍ਰਾਇਮਰੀ ਸਕੂਲ ਵਿੱਚ ਦਰਜਾ ਚਾਰ ਦੀ ਅਸਾਮੀ ਬਾਰੇ ਉਹਨਾਂ ਜਥੇਬੰਦੀ ਨੂੰ ਡਾਇਰੈਕਟਰ ਸਕੂਲ ਸਿੱਖਿਆ ਐਲੀਮੈਂਟਰੀ ਨਾਲ ਗੱਲ ਕਰਨ ਲਈ ਕਿਹਾ। 8886 ਐੱਸ.ਐੱਸ.ਏ. ਤੇ ਰਮਸਾ ਦੀ ਸੀਨੀਆਰਤਾ ਸੂਚੀ 01.04.2018 ਤੋਂ ਫਿਕਸ ਕਰਨ ਦੇ ਮਸਲੇ ‘ਤੇ ਡਾਇਰੈਕਟਰ ਸਾਹਿਬ ਨੇ ਕਿਹਾ ਕਿਹਾ ਕਿ ਛੇ ਮਹੀਨਿਆਂ ਦੇ ਅੰਦਰ-ਅੰਦਰ ਮਾਸਟਰ ਕੇਡਰ ਦੀ ਸੀਨੀਆਰਤਾ ਸੂਚੀ ਬਣ ਜਾਵੇਗੀ ਤੇ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਸੀਨੀਆਰਤਾ ਸੂਚੀ ਬਣਾਈ ਜਾਵੇਗੀ ਤਾਂ ਕਿ ਇਸ ਵਿੱਚ ਤਰੁੱਟੀਆਂ ਨਾ ਰਹਿਣ। ਇੱਕੋ ਇਸ਼ਤਿਹਾਰ ਅਧੀਨ ਭਰਤੀ ਹੋਏ ਅਧਿਆਪਕਾਂ ਨੂੰ ਇੱਕੋ ਤਨਖਾਹ ਦੇਣ ਦੀ ਮੰਗ ‘ਤੇ ਉਹਨਾਂ ਕਿਹਾ ਕਿ ਇਸ ਸਬੰਧੀ ਵਿਸਥਾਰਤ ਪ੍ਰਪੋਜਲ ਬਣਾ ਕੇ ਵਿੱਤ ਵਿਭਾਗ ਨੂੰ ਭੇਜ ਦਿੱਤੀ ਜਾਵੇਗੀ ਪਰ ਅੰਤਿਮ ਫੈਸਲਾ ਵਿੱਤ ਵਿਭਾਗ ਹੀ ਕਰੇਗਾ। 2392 ਅਤੇ 3704 ਮਾਸਟਰ ਕੇਡਰ ਅਧੀਨ ਭਰਤੀ ਅਧਿਆਪਕਾਂ ਦੀ ਡਾਇਰੈਕਟੋਰੇਟ ਅਧੀਨ ਜੁਆਇਨਿੰਗ ਦਾ ਤਨਖਾਹ ਬਕਾਇਆ ਜਾਰੀ ਕਰਨ ਦੀ ਮੰਗ ‘ਤੇ ਡਾਇਰੈਕਟਰ ਸਾਹਿਬ ਨੇ ਕਿਹਾ ਕਿ ਇਹ ਮਸਲਾ ਕਾਰਵਾਈ ਅਧੀਨ ਹੈ ਅਤੇ ਜਲਦੀ ਹੀ ਇਸ ‘ਤੇ ਫੈਸਲਾ ਲੈ ਰਹੇ ਹਾਂ। ਓਪਨ ਡਿਸਟੈਂਸ ਲਰਨਿੰਗ ਵਾਲੇ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਮਸਲੇ ‘ਤੇ ਉਹਨਾਂ ਕਿਹਾ ਕਿ ਮਾਨਤਾ ਪ੍ਰਾਪਤ ਸੰਸਥਾਵਾਂ ਤੋਂ ਡਿਗਰੀ ਕਰਨ ਵਾਲੇ ਅਧਿਆਪਕਾਂ ਨੂੰ ਰੈਗੂਲਰ ਦੇ ਆਰਡਰ ਦੇ ਦਿੱਤੇ ਜਾਣਗੇ। ਅਧਿਆਪਕਾਂ ਦੀਆਂ ਵਿਦੇਸ਼ ਛੁੱਟੀਆਂ, ਮੈਡੀਕਲ ਛੁੱਟੀਆਂ, ਬੱਚਾ ਸੰਭਾਲ ਛੁੱਟੀਆਂ ਆਦਿ ਸਬੰਧੀ ਮੰਗ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਜਲਦ ਹੀ ਇਹਨਾਂ ਛੁੱਟੀਆਂ ਸਬੰਧੀ ਸ਼ਕਤੀਆਂ ਡੀ.ਡੀ.ਓ. ਪੱਧਰ ‘ਤੇ ਦੇ ਕੇ ਇਹਨਾਂ ਛੁੱਟੀਆਂ ਨੂੰ ਲੈਣ ਦੀ ਪ੍ਰਕਿਰਿਆ ਨੂੰ ਅਸਾਨ ਬਣਾਇਆ ਜਾਵੇਗਾ। ਆਪਾਤ ਹਾਲਤਾਂ ਵਿੱਚ ਵਿਦੇਸ਼ ਛੁੱਟੀ ਹੁਣ ਵੀ ਗਰਮੀਆਂ ਤੇ ਸਰਦੀਆਂ ਦੀਆਂ ਛੁੱਟੀਆਂ ਤੋਂ ਬਿਨਾਂ ਵੀ ਕਦੇ ਵੀ ਲਈ ਜਾ ਸਕਦੀ ਹੈ। ਜਥੇਬੰਦੀ ਨੇ ਕਿਹਾ ਕਿ ਵਿਦੇਸ਼ ਛੁੱਟੀ ਨੂੰ ਅਕਸਰ ਹੀ ਰਿਜੈਕਟ ਕੀਤਾ ਜਾਂਦਾ ਹੈ ਤੇ ਇਸ ਤਰ੍ਹਾਂ ਨਾ ਕੀਤਾ ਜਾਵੇ। ਐੱਸ.ਐੱਸ.ਏ. ਤੇ ਰਮਸਾ ਅਧਿਆਪਕਾਂ ਦੀ ਸੇਵਾ ਵਿੱਚ ਆਉਣ ਦੀ ਮਿਤੀ ਤੋਂ ਸੇਵਾ ਗਿਣ ਕੇ ਉਸ ਅਨੁਸਾਰ ਅਚਨਚੇਤ ਛੁੱਟੀਆਂ ਦੇਣ ਦੇ ਮਸਲੇ ‘ਤੇ ਉਹਨਾਂ ਸਬੰਧਤ ਡਿਪਟੀ ਡਾਇਰੈਕਟਰ ਨੂੰ ਇਸ ਸਬੰਧੀ ਫਾਈਲ ਕਢਵਾਉਣ ਲਈ ਅਤੇ ਇਸ ਮਸਲੇ ਨੂੰ ਹੱਲ ਕਰਨ ਦੀ ਗੱਲ ਕਹੀ। ਸੰਘਰਸ਼ਾਂ ਦੌਰਾਨ ਅਧਿਆਪਕਾਂ ਦੀਆਂ ਪੈਂਡਿੰਗ ਛੁੱਟੀਆਂ ਪ੍ਰਵਾਨ ਕੀਤੇ ਜਾਣ ਦੀ ਮੰਗ ‘ਤੇ ਉਹਨਾਂ ਕਿਹਾ ਕਿ ਜਥੇਬੰਦੀ ਜਿਹੜਾ ਵੀ ਕੇਸ ਉਹਨਾਂ ਦੇ ਧਿਆਨ ਵਿੱਚ ਲਿਆਵੇਗੀ ਉਹ ਉਸਦਾ ਹੱਲ ਕਰ ਦੇਣਗੇ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਜਾਂਦੀ ਪ੍ਰੀਖਿਆ ਫ਼ੀਸ ਦੇ ਜ਼ਿਆਦਾ ਹੋਣ ਅਤੇ ਸਰਟੀਫਿਕੇਟਾਂ ਦੀ ਫੀਸ ਨਾਜਾਇਜ਼ ਹੋਣ ਨੂੰ ਉਹਨਾਂ ਨੇ ਮੰਨਿਆ ਅਤੇ ਡਿਪਟੀ ਡਾਇਰੈਕਟਰਾਂ ਨੂੰ ਇਸ ਸਬੰਧੀ ਕੇਸ ਐੱਸ.ਸੀ.ਈ. ਆਰ.ਟੀ. ਨੂੰ ਬਣਾ ਕੇ ਭੇਜਣ ਲਈ ਕਿਹਾ। 4161 ਭਰਤੀ ਅਧੀਨ ਅਧਿਆਪਕਾਂ ਨੂੰ ਸਟੇਸ਼ਨ ਦੇਣ ਦੇ ਮਸਲੇ ‘ਤੇ ਉਹਨਾਂ ਕਿਹਾ ਇਸ ਮਾਮਲੇ ਵਿੱਚ ਡੀ.ਜੀ.ਐੱਸ.ਈ. ਦਫ਼ਤਰ ਦੇ ਪੱਧਰ ‘ਤੇ ਕੰਮ ਚੱਲ ਰਿਹਾ ਹੈ ਤੇ ਉਥੋਂ ਹਿਦਾਇਤਾਂ ਪ੍ਰਾਪਤ ਹੋਣ ਸਾਰ ਹੀ ਲਾਗੂ ਕਰ ਦਿੱਤੀਆਂ ਜਾਣਗੀਆਂ। ਸੀਨੀਅਰ ਜੂਨੀਅਰ ਪੇ ਅਨਾਮਲੀ ਦੂਰ ਕਰਨ ਦਾ ਅਧਿਕਾਰ ਡੀ.ਡੀ.ਓ. ਪੱਧਰ ‘ਤੇ ਦਿੱਤੇ ਜਾਣ ਦੇ ਮਸਲੇ ‘ਤੇ ਉਹਨਾਂ ਕਿਹਾ ਕਿ ਇਹ ਮਸਲਾ ਵਿੱਤ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਹੈ। 2018 ਦੇ ਸੇਵਾ ਨਿਯਮਾਂ ਅਨੁਸਾਰ ਨਵੀਂ ਭਰਤੀ ਅਤੇ ਪ੍ਰਮੋਸ਼ਨ ‘ਤੇ ਥੋਪੇ ਵਿਭਾਗੀ ਟੈਸਟ ਅਤੇ ਕੰਪਿਊਟਰ ਮੁਹਾਰਤ ਟੈਸਟ ਦੇ ਸਬੰਧ ਵਿੱਚ ਜਥੇਬੰਦੀ ਨੇ ਜ਼ੋਰਦਾਰ ਢੰਗ ਨਾਲ ਇਹਨਾਂ ਟੈਸਟਾਂ ਦੀ ਬਜਾਏ ਅਧਿਆਪਕ ਦੀ ਏ.ਸੀ.ਆਰ. ਅਤੇ ਉਸ ਦੇ ਨਤੀਜਿਆਂ ਨੂੰ ਪ੍ਰਮੋਸ਼ਨ ਲਈ ਅਧਾਰ ਬਣਾਉਣ ਦੀ ਗੱਲ ਕਹੀ। ਡੀ.ਐੱਸ.ਈ. ਨੇ ਕਿਹਾ ਕਿ ਇਹ ਮਸਲਾ ਵਿੱਤ ਵਿਭਾਗ ਦੇ ਪੱਧਰ ਦਾ ਹੈ ਪ੍ਰੰਤੂ ਉਹ ਇਸ ਮਾਮਲੇ ਨੂੰ ਪੜਤਾਲ ਕੇ ਇਸ ਸਬੰਧੀ ਜੋ ਉਹਨਾਂ ਦਾ ਰੋਲ ਹੋਇਆ ਉਹ ਨਿਭਾਉਣਗੇ। ਪਿਛਲੇ ਸਮੇਂ ਹੋਈਆਂ ਬਦਲੀਆਂ ਲਾਗੂ ਕਰਨ ਦੀ ਮੰਗ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਉਹ ਇਹਨਾਂ ਬਦਲੀਆਂ ਨੂੰ ਰੱਦ ਕਰ ਸਕਦੇ ਹਨ ਤਾਂ ਜੋ ਅਧਿਆਪਕ ਨਵੇਂ ਸਿਰੇ ਤੋਂ ਬਦਲੀਆਂ ਕਰਵਾ ਸਕਣ। ਵਫ਼ਦ ਨੇ ਇਸ ਗੱਲ ‘ਤੇ ਜ਼ੋਰਦਾਰ ਤਰੀਕੇ ਨਾਲ ਅਸਿਹਮਤੀ ਪ੍ਰਗਟਾਈ ਤੇ ਕਿਹਾ ਕਿ ਇਹਨਾਂ ਬਦਲੀਆਂ ਨੂੰ ਬਿਨਾਂ ਕਿਸੇ ਸ਼ਰਤ ਦੇ ਤੁਰੰਤ ਲਾਗੂ ਕਰਨ ਲਈ ਕੋਈ ਵਾਜਬ ਹੱਲ ਕੱਢਿਆ ਜਾਵੇ। ਇਸ ਤੋਂ ਇਲਾਵਾ ਮੰਗ-ਪੱਤਰ ਵਿੱਚ ਦਰਜ ਹੋਰ ਮੰਗਾਂ ‘ਤੇ ਵੀ ਬਿੰਦੂਵਾਰ ਚਰਚਾ ਹੋਈ, ਜਥੇਬੰਦੀ ਨੇ ਦ੍ਰਿੜ੍ਹਤਾ ਨਾਲ ਆਪਣਾ ਪੱਖ ਰੱਖਿਆ ਅਤੇ ਡੀ.ਐੱਸ.ਈ. ਦਾ ਰਵਈਆ ਹਾਂ-ਪੱਖੀ ਰਿਹਾ। ਮੀਟਿੰਗ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ, ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਾਾਲ, ਸੂੂਬਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ, ਸੂਬਾ ਕਮੇਟੀ ਮੈਂਬਰ ਦਾਤਾ ਸਿੰਘ ਨਮੋਲ, ਗੁਰਮੀਤ ਝੋਰੜਾ, ਰਣਬੀਰ ਸਿੰਘ ਜਖੇਪਲ, ਕੁਲਦੀਪ ਸਿੰਘ ਘਣੀਆ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਚੀਮਾਂ, ਹੁਸ਼ਿਆਰ ਸਿੰਘ, ਬਿਕਰਮਜੀਤ ਸਿੰਘ, ਰਾਜਵਿੰਦਰ ਸਿੰਘ, ਸ਼ੁਭਦੀਪ ਸਿੰਘ, ਕਰਮਜੀਤ ਸਿੰਘ ਬੋਮਾਲ ਤੇ ਜਸਬੀਰ ਨਮੋਲ ਸ਼ਾਮਲ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news