February 22, 2026 1:18 pm

ਡੀਟੀਐੱਫ ਵੱਲੋਂ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਵਿੱਚ ਅਸਫ਼ਲ ਰਹੀ ਪੰਜਾਬ ਸਰਕਾਰ ਦੀ ਨਿਖੇਧੀ

Share:

ਦਲਜੀਤ ਕੌਰ/ਚੰਡੀਗੜ੍ਹ, 2 ਜੂਨ, 2023: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਬੀਤੇ ਵਰ੍ਹੇ ਅਧਿਆਪਕ ਦਿਵਸ ਮੌਕੇ ਵਿਸ਼ੇਸ ਸਮਾਗਮ ਕਰਕੇ ਸਿੱਖਿਆ ਵਿਭਾਗ ਦੇ 8736 ਕੱਚੇ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਐਲਾਨ ਕੇਵਲ ਕਾਗਜ਼ਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ, ਕਿਉਂਕਿ ਨੌਂ ਮਹੀਨੇ ਬੀਤਣ ਦੇ ਬਾਵਜੂਦ ਇੱਕ ਵੀ ਅਧਿਆਪਕ ਨੂੰ ਰੈਗੂਲਰ ਕਰਨ ਦੇ ਆਰਡਰ ਨਹੀਂ ਪ੍ਰਾਪਤ ਹੋਏ ਹਨ। ਜਿਸ ਕਾਰਨ ਨਿਗੂਣੀਆਂ ਤਨਖਾਹਾਂ ਲੈਣ ਵਾਲੇ ਇਹ ਕੱਚੇ ਅਧਿਆਪਕ ਹਾਲੇ ਵੀ ਕੱਚੇ ਰੁਜ਼ਗਾਰ ਦਾ ਸੰਤਾਪ ਭੁਗਤ ਰਹੇ ਹਨ ਅਤੇ ਕਈ ਅਧਿਆਪਕ ਕੱਚੇ ਹੀ ਸੇਵਾ ਮੁਕਤ ਹੋ ਕੇ ਖਾਲੀ ਹੱਥ ਘਰਾਂ ਨੂੰ ਜਾ ਰਹੇ ਹਨ। ਅਧਿਆਪਕ ਜਥੇਬੰਦੀ ਡੀ.ਟੀ.ਐੱਫ. ਨੇ ਇਸ ਮਾਮਲੇ ‘ਤੇ ਕੀਤਾ ਐਲਾਨ ਨਾ ਪੁਗਾਉਣ ਕਾਰਨ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਸਾਰੇ ਦੇ ਸਾਰੇ ਸਿੱਖਿਆ ਪ੍ਰੋਵਾਇਡਰ, ਵਲੰਟੀਅਰ ਅਧਿਆਪਕਾਂ ਤੇ ਨਾਨ ਟੀਚਿੰਗ ਕਰਮਚਾਰੀਆਂ ਨੂੰ ਫੌਰੀ ਰੈਗੂਲਰ ਕਰਨ ਦੀ ਮੰਗ ਕੀਤੀ ਹੈ।

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਗੱਲਬਾਤ ਕਰਦਿਆਂ ਦੱਸਿਆ ਕੇ ਪੰਜ ਤੋਂ ਦਸ ਹਾਜ਼ਰ ਪ੍ਰਤੀ ਮਹੀਨਾ ਤਨਖਾਹ ‘ਤੇ ਗੁਜ਼ਾਰਾ ਕਰਨ ਵਾਲੇ ਅਤੇ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿੱਚ ਕਈ-ਕਈ ਸਾਲਾਂ ਤੋਂ ਪੂਰੇ ਸਿਰੜ ਨਾਲ਼ ਪੜ੍ਹਾਉਣ ਦੇ ਕਾਰਜ ਵਿੱਚ ਲੱਗੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦੀ ਚੋਣਾਵੀ ਗਰੰਟੀ ਨੂੰ ਹਾਲੇ ਤੱਕ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਵਿੱਚ ‘ਆਪ’ ਸਰਕਾਰ ਨਾ-ਕਾਮਯਾਬ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਐਲਾਨ ਅਨੁਸਾਰ ਸਿੱਖਿਆ ਪ੍ਰੋਵਾਇਡਰ, ਆਈ.ਈ.ਵੀ. ਵਲੰਟੀਅਰ ਸਮੇਤ 8736 ਕਰਮਚਾਰੀਆਂ ਨੂੰ ਬਿਨਾਂ ਦੇਰੀ ਰੈਗੂਲਰ ਪੱਤਰ ਜਾਰੀ ਕੀਤੇ ਜਾਣੇ ਚਾਹੀਂਦੇ ਹਨ। ਆਗੂਆਂ ਨੇ ਮੰਗ ਕੀਤੀ ਕਿ ਇਹਨਾਂ ਕਰਮਚਾਰੀਆਂ ਨੂੰ ਪਰਖ ਸਮੇਂ ਦੌਰਾਨ ਪੰਜਾਬ ਤਨਖਾਹ ਸਕੇਲ ਅਨੁਸਾਰ ਪੂਰੀਆਂ ਤਨਖਾਹਾਂ ਮਿਲਣੀਆਂ ਯਕੀਨੀ ਬਣਾਈਆਂ ਜਾਣ। ਬਾਕੀ ਰਹਿੰਦੇ ਈ.ਜੀ.ਐੱਸ., ਐੱਸ.ਟੀ.ਆਰ. ਅਤੇ ਏ.ਆਈ.ਈ. ਵਲੰਟੀਅਰ ਅਧਿਆਪਕਾਂ ਨੂੰ ਵੀ ਰੈਗੂਲਰ ਕਰਨ ਦੀ ਪ੍ਰਕ੍ਰਿਆ ਜਲਦ ਸ਼ੁਰੂ ਕੀਤੀ ਜਾਵੇ।

ਦੱਸਣਯੋਗ ਹੈ ਕਿ 5 ਸਤੰਬਰ 2022 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਅਧਿਆਪਕ ਦਿਵਸ ਮੌਕੇ ਸਨਮਾਨ ਸਮਾਰੋਹ ਦੌਰਾਨ ਸਿੱਖਿਆ ਵਿਭਾਗ ਦੇ ਕੱਚੇ ਅਧਿਆਪਕਾਂ ਅਤੇ ਨਾਨ ਟੀਚਿੰਗ ਨੂੰ ਰੈਗੂਲਰ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਚਾਰ ਮਹੀਨਿਆਂ ਤੋਂ ਜ਼ਿਆਦਾ ਸਮੇਂ ਲਈ ਡਾਟਾ ਆਨਲਾਈਨ ਕਰਨ ਲਈ ਪੋਰਟਲ ਖੋਲ੍ਹ ਕੇ ਰੱਖਿਆ ਜਦ ਕਿ ਡਾਟਾ ਅਪਲਾਈ ਕਰਨ ਲਈ ਬਹੁਤ ਥੋੜ੍ਹੇ ਸਮੇਂ ਦੀ ਜ਼ਰੂਰਤ ਸੀ। ਪੋਰਟਲ ਬੰਦ ਹੋਣ ਨੂੰ ਕਈ ਮਹੀਨੇ ਬੀਤਣ ਦੇ ਬਾਵਜੂਦ ਸਰਕਾਰ ਵੱਲੋਂ ਰੈਗੂਲਰ ਆਰਡਰ ਜਾਰੀ ਕਰਨ ਦੀ ਬਜਾਏ ਲਾਰੇ ਲੱਪੇ ਰਾਹੀਂ ਡੰਗ ਟਪਾਇਆ ਜਾ ਰਿਹਾ ਹੈ।

ਡੀ ਟੀ ਐੱਫ ਦੇ ਆਗੂਆਂ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਸਵਿੰਦਰ ਔਜਲਾ, ਰਘਵੀਰ ਸਿੰਘ ਭਵਾਨੀਗੜ੍ਹ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਇੰਨ੍ਹਾਂ ਅਧਿਆਪਕਾਂ ਨੂੰ ਤੁਰੰਤ ਰੈਗੂਲਰ ਕਰਕੇ ਸੂਬੇ ਭਰ ਵਿੱਚ ਲਗਾਏ ਇਸ਼ਤਿਹਾਰੀ ਬੋਰਡਾਂ ਹਕੀਕੀ ਰੂਪ ਦੇਵੇ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news