
ਫਗਵਾੜਾ-ਕਪੂਰਥਲਾ 12 ਅਪ੍ਰੈਲ (ਦੀਕਸ਼ਾ ਗਾਂਧੀ) ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀ ਵਿਸ਼ੇਸ਼ ਸਾਰੰਗਲ ਵਲੋਂ ਅੱਜ ਸੁਲਤਾਨਪੁਰ ਲੋਧੀ ਵਿਖੇ ਸਮਾਰਟ ਸਿਟੀ ਸਬੰਧੀ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਸਮਾਰਟ ਸਿਟੀ ਸਬੰਧੀ ‘ਸਿਟੀ ਲੈਵਲ ਟੈਕਨੀਕਲ ਕਮੇਟੀ’ ਦੀ ਮੀਟਿੰਗ ਦੌਰਾਨ ਹੁਕਮ ਦਿੱਤੇ ਕਿ ਚੱਲ ਰਹੇ ਪ੍ਰਾਜੈਕਟਾਂ ਜਿਵੇਂ ਕਿ 4 ਮਾਰਗੀ ਸੜਕਾਂ, ਸੀਵਰੇਜ਼ ਟ੍ਰੀਟਮੈਂਟ ਪਲਾਂਟ ਦੀ ਉਸਾਰੀ, ਸਮਾਰਟ ਪਾਰਕਾਂ ਦੀ ਉਸਾਰੀ, ਸਮਾਰਟ ਸਕੂਲਾਂ ਤੇ ਆਂਗਣਵਾੜੀ ਦੀ ਉਸਾਰੀ ਦੇ ਕੰਮ ਦੀ ਸਮੀਖਿਆ ਕੀਤੀ।
ਉਨ੍ਹਾਂ ਇੰਟੈਗਰੇਟਿਡ ਕਮਾਂਡ ਕੰਟਰੋਲ ਸੈਂਟਰ ਦੇ ਕੰਮ ਵਿਚ ਤੇਜੀ ਲਿਆਕੇ ਸੇਫ ਸਿਟੀ ਪ੍ਰਾਜੈਕਟ ਨੂੰ ਜਲਦ ਮੁਕੰਮਲ ਕਰਨ ਦੇ ਮੰਤਵ ਨਾਲ ਐਸ.ਡੀ.ਐਮ. ਸੁਲਤਾਨਪੁਰ ਲੋਧੀ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕਰਨ ਦੇ ਵੀ ਹੁਕਮ ਦਿੱਤੇ।
ਸੀਵਰੇਜ਼ ਟ੍ਰੀਟਮੈਂਟ ਪਲਾਂਟ ਜਿਸਦਾ ਕੰਮ ਜੂਨ 2023 ਤੱਕ ਮੁਕੰਮਲ ਕੀਤਾ ਜਾਣਾ ਹੈ, ਸਬੰਧੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੀਵਰੇਜ਼ ਬੋਰਡ ਦੇ ਅਧਿਕਾਰੀ ਮਿੱਥੇ ਸਮੇਂ ਅੰਦਰ ਇਸਦਾ ਕੰਮ ਪੂਰਾ ਕਰਨਾ ਯਕੀਨੀ ਬਣਾਉਣ, ਜਿਸ ਨਾਲ ਨਾ ਸਿਰਫ ਸ਼ਹਿਰ ਦੇ ਸੀਵਰੇਜ਼ ਦੀ ਸਫਾਈ ਸੌਖੀ ਹੋਵੇਗੀ ਸਗੋਂ ਗੰਦੇ ਪਾਣੀ ਨੂੰ ਸਾਫ ਕਰਕੇ ਸਿੰਚਾਈ ਲਈ ਵਰਤਿਆ ਜਾ ਸਕੇਗਾ।
ਉਨ੍ਹਾਂ ਸੁਲਤਾਨਪੁਰ ਲੋਧੀ ਵਿਖੇ ਨਵੇਂ ਪ੍ਰਬੰਧਕੀ ਕੰਪਲੈਕਸ ਲਈ ਟੈਂਡਰ ਪ੍ਰਕਿ੍ਰਆ ਨੂੰ ਤੇਜ ਕਰਨ ਲਈ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ , ਜਿਸ ਵਿਚ ਨਵਾਂ ਐਸ.ਡੀ.ਐਮ. ਦਫਤਰ, ਤਹਿਸੀਲ, ਪਟਵਾਰਖਾਨਾ ਆਦਿ ਬਣਾਏ ਜਾਣਗੇ।
ਸਮਾਰਟ ਪਾਰਕਾਂ ਦੀ ਉਸਾਰੀ ਲਈ ਉਨ੍ਹਾਂ ਨਿਸ਼ਾਨਦੇਹੀ ਦੇ ਕੰਮ ਵਿਚ ਦੇਰੀ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਇਸ ਕੰਮ ਨੂੰ ਹਫਤੇ ਦੇ ਅੰਦਰ-ਅੰਦਰ ਮੁਕੰਮਲ ਕੀਤਾ ਜਾਵੇ।
ਉਨ੍ਹਾਂ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਕਿਹਾ ਕਿ ਉਹ ਆਪੋ ਆਪਣੇ ਵਿਭਾਗਾਂ ਨਾਲ ਸਬੰਧਿਤ ਚੱਲ ਰਹੇ ਕੰਮਾਂ ਦੀ ਨਿੱਜੀ ਪੱਧਰ ’ਤੇ ਨਿਗਰਾਨੀ ਕਰਨ ਤੇ ਹਫਤਾਵਾਰੀ ਰਿਪੋਰਟ ਪੇਸ਼ ਕਰਨ।
ਮੀਟਿੰਗ ਦੌਰਾਨ ਐਸ.ਡੀ.ਐਮ. ਸੁਲਤਾਨਪੁਰ ਲੋਧੀ ਚੰਦਰਾਜੋਤੀ ਤੇ ਹੋਰਨਾਂ ਵਿਭਾਗਾਂ ਦੇ ਮੁਖੀ ਹਾਜ਼ਰ ਸਨ।