
ਫਗਵਾੜਾ 08 ਮਈ (ਆਸ਼ੀਸ਼ ਗਾਂਧੀ-ਦੀਕਸ਼ਾ ਗਾਂਧੀ) ਸਿਵਲ ਸਰਜਨ ਕਪੂਰਥਲਾ ਡਾ.ਰਾਜਵਿੰਦਰ ਕੌਰ ਨੇ ਦੱਸਿਆ ਕਿ ਉੱਚ ਜੋਖਮ ਵਾਲੇ ਖੇਤਰਾਂ ਵਿਚ ਆਰੰਭੇ ਗਏ ਵਿਸ਼ੇਸ਼ ਟੀਕਾਕਰਨ ਹਫਤੇ ਦੌਰਾਨ 203 ਬੱਚਿਆਂ ਨੂੰ ਟੀਕੇ ਲਗਾਏ ਗਏ। ਉਨ੍ਹਾਂ ਦੱਸਿਆ ਕਿ ਸੰਪੂਰਨ ਟੀਕਾਕਰਨ ਬੱਚਿਆਂ ਨੂੰ ਖਤਰਨਾਕ ਬੀਮਾਰੀਆਂ ਤੋਂ ਬਚਾਉਂਦਾ ਹੈ ਅਤੇ ਬੱਚਿਆਂ ਵਿਚ ਵੱਖ-ਵੱਖ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਪੈਦਾ ਹੁੰਦੀ ਹੈ।
ਜਿਕਰਯੋਗ ਹੈ ਕਿ 24 ਅਪ੍ਰੈਲ ਤੋਂ 29 ਅਪ੍ਰੈਲ ਤੱਕ ਜਿਲੇ ਵਿਚ ਸਪੈਸ਼ਲ ਇਮੁਨਾਈਜੇਸ਼ਨ ਵੀਕ ਮਨਾਇਆ ਗਿਆ। ਇਸ ਵੀਕ ਦੇ ਤਹਿਤ 203 ਹਾਈ ਰਿਸਕ ਏਰੀਆ ਦੇ ਬੱਚੇ ਕਵਰ ਕੀਤੇ ਗਏ। ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਬੀ.ਸੀ.ਜੀ, ਪੈਂਟਾ, ਰੋਟਾ, ਪੀ.ਸੀ.ਵੀ, ਆਈ.ਪੀ.ਵੀ, ਮੀਸਲਜ, ਰੂਬੇਲਾ ਦੀ ਵੈਕਸੀਨ ਦਿੱਤੀ ਗਈ ਤੇ ਓ.ਪੀ.ਵੀ ਤੇ ਆਈ.ਪੀ.ਵੀ. ਦੀਆਂ ਬੂਸਟਰ ਖੁਰਾਕਾਂ ਵੀ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ 0-5 ਸਾਲ ਦੇ ਬੱਚਿਆਂ ਲਈ ਮੁਫਤ ਟੀਕਾਕਰਨ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਮਮਤਾ ਦਿਵਸ ਮੌਕੇ (ਬੁੱਧਵਾਰ) ਟੀਕਾਕਰਨ ਸਥਾਨਾਂ ’ਤੇ ਟੀਕਾਕਰਨ ਸੈਸ਼ਨ ਲਗਾਏ ਜਾਂਦੇ ਹਨ ਜਿੱਥੇ ਜਾ ਕੇ ਮਾਪੇ ਆਪਣੇ 0-5 ਸਾਲ ਦੇ ਬੱਚਿਆਂ ਨੂੰ ਮੁਫਤ ਟੀਕੇ ਲਗਵਾ ਸਕਦੇ ਹਨ।
ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਤੇ ਵਿਸ਼ੇਸ਼ ਟੀਕਾਕਰਨ ਹਫਤਾ ਵੀ ਮਨਾਇਆ ਜਾਂਦਾ ਹੈ ਤਾਂ ਜੋ ਉੱਚ ਜੋਖਮ ਵਾਲੇ ਖੇਤਰਾਂ ਜਿਵੇਂ ਕਿ ਝੁੱਗੀਆਂ, ਝੌਂਪੜੀਆਂ , ਅਰਬਨ ਸਲੱਮ, ਨਿਰਮਾਨ ਅਧੀਨ ਇਮਾਰਤਾਂ, ਭੱਠੇ, ਜੇਲ੍ਹ ਆਦਿ ਥਾਵਾਂ ’ਤੇ ਵਿਸ਼ੇਸ਼ ਟੀਕਾਕਰਨ ਕੈਂਪ ਲਗਾ ਕੇ 0-5 ਸਾਲ ਦੇ ਬੱਚਿਆਂ ਦਾ ਸੰਪੂਰਨ ਟੀਕਾਕਰਨ ਕੀਤਾ ਜਾਂਦਾ ਹੈ। ਸਿਵਲ ਸਰਜਨ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ 0-5 ਸਾਲ ਦੇ ਬੱਚਿਆਂ ਦਾ ਟੀਕਾਕਰਨ ਜਰੂਰ ਕਰਵਾਉਣ ।