
ਦਲਜੀਤ ਕੌਰ/ਸੰਗਰੂਰ, 11 ਮਈ, 2023: ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਜੰਤਰ-ਮੰਤਰ ਵਿਖੇ ਮਹਿਲਾ ਪਹਿਲਵਾਨਾਂ ਵੱਲੋਂ ਭਾਰਤੀ ਕੁਸ਼ਤੀ ਮਹਾਂਸੰਘ ਦੇ ਮੁਖੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਖਿਲਾਫ ਮਹਿਲਾ ਪਹਿਲਵਾਨਾਂ (ਜਿਹਨਾਂ ਵਿੱਚ ਕੁਝ ਨਾਬਾਲਗ ਲੜਕੀਆਂ ਵੀ ਸ਼ਾਮਿਲ ਹਨ) ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਨਿਰਪੱਖ ਜਾਂਚ ਕਰਦਿਆਂ ਅਹੁਦੇ ਤੋਂ ਬਰਖ਼ਾਸਤਗੀ ਅਤੇ ਗ੍ਰਿਫਤਾਰੀ ਦੀ ਮੰਗ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਦੇ ਸੱਦੇ ‘ਤੇ ਹੁਣ ਪੰਜਾਬ ਦੇ ਅਧਿਆਪਕਾਂ ਵੱਲੋਂ ਵੀ ਇਹਨਾਂ ਮਹਿਲਾ ਪਹਿਲਵਾਨਾਂ ਦੀ ਹਮਾਇਤ ਵਿੱਚ ਆਉਂਦੇ ਹੋਏ 11 ਅਤੇ 12 ਮਈ ਨੂੰ ਜ਼ਿਲ੍ਹਾ ਸੰਗਰੂਰ ਦੇ ਸਕੂਲਾਂ ਵਿੱਚ ਹਸਤਾਖ਼ਰ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸੰਘਰਸ਼ ਨਾਲ ਇਕਜੁੱਟਤਾ ਜ਼ਾਹਿਰ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਸੰਗਰੂਰ ਦੇ ਸਾਰੇ ਬਲਾਕਾਂ ਦੇ ਸੈਂਕੜੇ ਸਕੂਲਾਂ ਵਿੱਚ ਹਸਤਾਖ਼ਰ ਮੁਹਿੰਮ ਚਲਾ ਕੇ ਸੰਘਰਸ਼ ਪ੍ਰਤੀ ਇੱਕਜੁੱਟਤਾ ਪ੍ਰਗਟ ਕੀਤੀ ਗਈ।
ਡੀ.ਟੀ.ਐੱਫ. ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਦੱਸਿਆ ਕਿ ਭਾਰਤੀ ਕੁਸ਼ਤੀ ਮਹਾਂਸੰਘ ਦੇ ਮੁਖੀ ਉੱਪਰ ਲੱਗੇ ਗੰਭੀਰ ਦੋਸ਼ਾਂ ਦੀ ਨਿਰਪੱਖ ਜਾਂਚ ਅਨੁਸਾਰ ਗ੍ਰਿਫਤਾਰੀ ਕਰਨ ਦੀ ਥਾਂ ਕੇਂਦਰ ਸਰਕਾਰ ਵੱਲੋਂ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕੇ ਪੰਜਾਬ ਦੇ ਖੇਡ ਅਧਿਆਪਕਾਂ, ਖੇਡ ਪ੍ਰੇਮੀਆਂ ਅਤੇ ਇਨਸਾਫ਼ ਪਸੰਦ ਅਧਿਆਪਕਾਂ ਵੱਲੋਂ ਸੰਘਰਸ਼ ਕਰ ਰਹੀਆਂ ਇਹਨਾਂ ਮਹਿਲਾਂ ਪਹਿਲਵਾਨਾਂ ਦੇ ਸੰਘਰਸ਼ ਨਾਲ ਇੱਕਜੁੱਟਤਾ ਪ੍ਰਗਟ ਕਰਨ ਲਈ 11 ਅਤੇ 12 ਮਈ ਨੂੰ ਆਪਣੇ-ਆਪਣੇ ਸਕੂਲਾਂ ਵਿੱਚ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਵੱਲੋਂ ਹਸਤਾਖ਼ਰ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਦਿੱਲੀ ਦੇ ਜੰਤਰ-ਮੰਤਰ ਵਿਖੇ ਸੰਘਰਸ਼ ਕਰ ਰਹੇ ਪੀੜਤਾਂ ਦੇ ਹੱਕ ਵਿੱਚ “ਹਾਅ ਦਾ ਨਾਅਰਾ” ਬੁਲੰਦ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੁਸ਼ਤੀ ਪਹਿਲਵਾਨਾਂ ਦਾ ਸੰਘਰਸ਼ ਲੋਕ ਸੰਘਰਸ਼ ਵਿੱਚ ਤਬਦੀਲ ਹੋਣ ਵੱਲ ਵਧ ਰਿਹਾ ਹੈ। ਹਰ ਤਬਕਾ ਪਹਿਲਵਾਨਾਂ ਦੇ ਸੰਘਰਸ਼ ਦੀ ਹਮਾਇਤ ਤੇ ਉੱਤਰ ਆਇਆ ਹੈ। ਕੁਸ਼ਤੀ ਪਹਿਲਵਾਨਾਂ ਦੇ ਸੰਘਰਸ਼ ਦੀ ਗੂੰਜ ਪਿੰਡਾਂ ਦੇ ਗਲੀ ਮੁਹੱਲਿਆਂ ਵਿੱਚ ਸੁਣਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਉੱਪਰ ਜਬਰ ਦੀ ਇਹ ਕੋਈ ਇਕੱਲੀ ਇਕਹਰੀ ਘਟਨਾ ਨਹੀਂ ਸਗੋਂ ਇਹ ਸੰਸਥਾਗਤ ਵਰਤਾਰੇ ਦੀ ਕੜੀ ਹੈ। ਔਰਤਾਂ ਦੇ ਹੱਕ ਵਿੱਚ ਬਹੁਤ ਸਾਰੇ ਕਾਨੂੰਨ ਬਣੇ ਹੋਣ ਦੇ ਬਾਵਜੂਦ ਵੀ ਜਬਰ ਲਗਾਤਾਰ ਵਧ ਰਿਹਾ ਹੈ। ਕਿਰਨਜੀਤ ਕੌਰ ਮਹਿਲਕਲਾਂ, ਸ਼ਰੂਤੀ, ਪਿੰਕੀ ,ਹਾਥਰਸ, ਕਠੂਆ, ਉਨਾਓ, ਨਿਰਭੈਆ ਕਾਂਡ ਕੁੱਝ ਉੱਘੜਵੀਆਂ ਅਹਿਮ ਘਟਨਾਵਾਂ ਹਨ। ਆਗੂਆਂ ਨੇ ਕਿਹਾ ਕਿ ਔਰਤਾਂ ਦੀ ਜ਼ਬਰ ਜ਼ੁਲਮ ਤੋਂ ਮੁਕੰਮਲ ਮੁਕਤੀ ਇਸ ਲੁਟੇਰੇ ਅਤੇ ਜਾਬਰ ਰਾਜ ਪ੍ਰਬੰਧ ਦੇ ਖਾਤਮੇ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਡੀਟੀਐੱਫ ਨੇ ਕੁਸ਼ਤੀ ਪਹਿਲਵਾਨਾਂ ਦੇ ਸਰੀਰਕ ਸ਼ੋਸ਼ਣ ਖਿਲਾਫ਼ ਚੱਲ ਰਹੇ ਸੰਘਰਸ਼ ਦੀ ਡਟਵੀਂ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ।
ਡੀ.ਟੀ.ਐੱਫ. ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ, ਜਨਰਲ ਸਕੱਤਰ ਅਮਨ ਵਿਸ਼ਿਸ਼ਟ, ਪ੍ਰੈੱਸ ਸਕੱਤਰ ਕਰਮਜੀਤ ਨਦਾਮਪੁਰ ਨੇ ਦੱਸਿਆ ਕੇ ਜਥੇਬੰਦੀ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ, ਜਿਨਸੀ ਸੋਸਣ ਦੇ ਦੋਸ਼ੀ ਕੁਸ਼ਤੀ ਸੰਘ ਦੇ ਮੁਖੀ ਬ੍ਰਿਜ਼ ਭੂਸ਼ਣ ਨੂੰ ਸਾਰੇ ਅਹੁਦਿਆਂ ਤੋਂ ਹਟਾਇਆ ਜਾਵੇ ਅਤੇ ਫੌਰੀ ਗ੍ਰਿਫਤਾਰ ਕੀਤਾ ਜਾਵੇ। ਦੇਸ਼ ਦੇ ਬਹੁਤ ਸਾਰੇ ਖੇਡ ਸੰਘਾਂ, ਐਸੋਸ਼ੀਏਸ਼ਨਾਂ ਅਤੇ ਬੋਰਡਾਂ ‘ਤੇ ਰਾਜਨੀਤਕ ਪੁਹੰਚ ਵਾਲੇ, ਗੰਭੀਰ ਅਪਰਾਧਕ ਪਿਛੋਕੜ ਅਤੇ ਜਗੀਰੂ ਮਾਨਸਿਕਤਾ ਵਾਲੇ ਲੋਕਾਂ ਦਾ ਕਬਜ਼ਾ ਹੈ। ਇਸ ਲਈ ਇਹਨਾਂ ਅਹੁਦਿਆਂ ‘ਤੇ ਸਿਰਫ਼ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ਦੀਆਂ ਖੇਡ ਪ੍ਰਾਪਤੀਆਂ ਦੇ ਪਿਛੋਕੜ ਵਾਲੇ ਸਾਬਕਾ ਖਿਡਾਰੀਆਂ ਨੂੰ ਹੀ ਨਿਯੁਕਤ ਕੀਤਾ ਜਾਵੇ।
ਫੋਟੋਆਂ: ਸਰਕਾਰੀ ਮਿਡਲ ਸਕੂਲ ਸ਼ਾਹਪੁਰ, ਸਰਕਾਰੀ ਹਾਈ ਸਕੂਲ ਰਾਜਪੁਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਪਿਆਲ, ਸਰਕਾਰੀ ਹਾਈ ਸਕੂਲ ਕਾਲਬੰਜਾਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡਵੀਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਿਆਓ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਾਬਦਾਂ, ਸਰਕਾਰੀ ਹਾਈ ਸਕੂਲ ਸੇਖੂਵਾਸ, ਸਰਕਾਰੀ ਹਾਈ ਸਕੂਲ ਚੋਟੀਆਂ ਆਦਿ।