
ਹੁਸ਼ਿਆਰਪੁਰ 5 ਮਈ (ਤਰਸੇਮ ਦੀਵਾਨਾ) ਮਹਿਲਾ ਪਹਿਲਵਾਨਾਂ ਵੱਲੋਂ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਮੈਂਬਰ ਪਾਰਲੀਮੈਂਟ ਬ੍ਰਜਭੂਸ਼ਣ ਸ਼ਰਨ ਖਿਲਾਫ ਜਿਣਸੀ ਸ਼ੋਸ਼ਣ ਕਰਨ ਦੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਦਿੱਲੀ ਦੇ ਜੰਤਰ ਮੰਤਰ ਵਿਖੇ ਓਲੰਪੀਅਨ ਪਹਿਲਵਾਨਾਂ ਵਿਨੇਸ਼ ਫੋਗਾਟ, ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਦੀ ਅਗਵਾਈ ਹੇਠ ਰੋਸ ਸੰਘਰਸ਼ ਕੀਤਾ ਜਾ ਰਿਹਾ ਹੈ। ਮਹਿਲਾ ਪਹਿਲਵਾਨਾਂ ਵੱਲੋਂ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਖਿਲਾਫ ਲਗਾਏ ਗਏ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਪ੍ਰਤੀ ਸਖ਼ਤ ਸ਼ਬਦਾਂ ਵਿੱਚ ਟਿੱਪਣੀ ਕਰਦਿਆਂ ਹੋਇਆਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਮਜਬੂਤ ਰਾਸ਼ਟਰ ਸੰਗਠਨ’ ਦੇ ਪ੍ਰਧਾਨ ਜੋਗਿੰਦਰ ਅੰਗੂਰਾਲਾ ਨੇ ਦੱਸਿਆ ਕਿ ਬਲਾਤਕਾਰ ਅਤੇ ਜਿਣਸੀ ਸ਼ੋਸ਼ਣ ਦੇ ਦੋਸ਼ੀਆਂ ਲਈ ਦੇਸ਼ ਦੇ ਸੰਵਿਧਾਨ ਵਿੱਚ ਉਚਿੱਤ ਸਜਾ ਦੀ ਵਿਵਸਥਾ ਨਹੀਂ ਹੈ ਜਿਸ ਕਾਰਨ ਜਿਣਸੀ ਸ਼ੋਸ਼ਣ ਦੀ ਬਿਰਤੀ ਰੱਖਣ ਵਾਲੇ ਅਨਸਰਾਂ ਦੇ ਦਿਮਾਗ ਵਿੱਚ ਕਾਨੂੰਨ ਦਾ ਕੋਈ ਖਾਸ ਡਰ ਨਹੀਂ ਹੈ ਅਤੇ ਉਹ ਬਿਨਾਂ ਕਿਸੇ ਡਰ ਤੋਂ ਸਮਾਜ ਵਿੱਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਜਿਸ ਕਾਰਨ ਸਮਾਜ ਵਿੱਚ ਅਫਰਾ ਤਫਰੀ ਦਾ ਮਾਹੌਲ ਬਣ ਰਿਹਾ ਹੈ ਅਤੇ ਦੇਸ਼ ਦੀਆਂ ਮਹਿਲਾਵਾਂ ਆਪਣੇ ਆਪ ਨੂੰ ਅਣਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਇਸ ਮੌਕੇ ਉਨਾਂ ਨਾਲ ਸ਼੍ਰੀ ਈਸ਼ੂ ਰਾਂਚਲ, ਪ੍ਰੀਤਪਾਲ ਸਿੰਘ ਸੰਸਥਾਪਕ ਸ਼ਾਨ – ਏ ਦਸਤਾਰ ਟੀਮ, ਬਲਰਾਮ ਚੋਪੜਾ, ਨਿਖਿਲ ਅਗਰਵਾਲ, ਆਂਸ਼ੂ ਅਗਰਵਾਲ ਅਤੇ ਮਾਹਿਨ ਮਲਹੋਤਰਾ ਆਦਿ ਹਾਜ਼ਰ ਸਨ। ਅੰਗੂਰਾਲਾ ਨੇ ਦੱਸਿਆ ਕਿ ਬਲਾਤਕਾਰ ਜਾਂ ਜਿਣਸੀ ਸ਼ੋਸ਼ਣ ਦੇ ਦੋਸ਼ੀਆਂ ਨੂੰ ਲੰਮਾ ਸਮਾਂ ਕਾਨੂੰਨ ਦੀ ਕਾਰਵਾਈ ਤੋਂ ਬਾਅਦ ਜੇਲ ਵਿੱਚ ਭੇਜਣ ਦੀ ਬਜਾਏ ਫਾਸਟ ਟਰੈਕ ਅਦਾਲਤ ਰਾਂਹੀ ਦੋਸ਼ ਸਾਬਿਤ ਹੋਣ ਤੇ ਦੋਸ਼ੀ ਨੂੰ ਤੁਰੰਤ ਚੌਂਕ ਵਿੱਚ ਸਾਰੇ ਲੋਕਾਂ ਦੇ ਸਾਹਮਣੇ ਫਾਂਸੀ ਲਗਾ ਦੇਣੀ ਚਾਹੀਦੀ ਹੈ ਤਾਂ ਜੋ ਫਿਰ ਕੋਈ ਅਪਰਾਧਿਕ ਬਿਰਤੀ ਵਾਲਾ ਅਨਸਰ ਅਜਿਹੀ ਘਿਨੌਣੀ ਹਰਕਤ ਕਰਨ ਦੀ ਜੁਰਅਤ ਨਾ ਕਰ ਸਕੇ। ਅੰਗੂਰਾਲਾ ਨੇ ਦੱਸਿਆ ਕਿ ਜੰਤਰ ਮੰਤਰ ਦਿੱਲੀ ਵਿਖੇ ਪਹਿਲਵਾਨਾਂ ਵੱਲੋਂ ਲਗਾਏ ਗਏ ਰੋਸ ਧਰਨੇ ਨਾਲ ਵਿਦੇਸ਼ਾਂ ਵਿੱਚ ਭਾਰਤ ਦੀ ਖਿੱਲੀ ਉਡ ਰਹੀ ਹੈ ਅਤੇ ਰਿਸ਼ੀਆਂ, ਮੁਨੀਆਂ ਅਤੇ ਪੀਰਾਂ ਫਕੀਰਾਂ ਦੀ ਧਰਤੀ ਕਹਾਉਣ ਵਾਲੇ ਦੇਸ਼ ਭਾਰਤ ਦਾ ਸਿਰ ਸ਼ਰਮ ਨਾਲ ਨੀਵਾਂ ਹੋ ਰਿਹਾ ਹੈ ਇਸ ਲਈ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਤੁਰੰਤ ਇਸ ਨਾਜੁਕ ਮੁੱਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਦੋਸ਼ ਸਾਬਤ ਹੋਣ ਤੋਂ ਬਾਅਦ ਫਾਂਸੀ ‘ਤੇ ਲਟਕਾ ਦੇਣਾ ਚਾਹੀਦਾ ਹੈ ਤਾਂ ਜੋ ਵਿਦੇਸ਼ਾਂ ਵਿੱਚ ਭਾਰਤ ਦਾ ਅਕਸ ਸਾਫ ਸੁਥਰਾ ਰੱਖਿਆ ਜਾ ਸਕੇ। ਉਹਨਾਂ ਦੱਸਿਆ ਕਿ ਬਲਾਤਕਾਰ ਜਾਂ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਮਹਿਲਾਵਾਂ ਦੀ ਮੌਤ ਹੋਣ ਉਪਰੰਤ ਕੈਂਡਲ ਮਾਰਚ ਕੱਢਣ ਦੀ ਬਜਾਏ ਦੇਸ਼ ਦੇ ਕਾਨੂੰਨ ਵਿੱਚ ਲੋੜੀਂਦੀ ਸੋਧ ਕਰ ਕੇ ਦੋਸ਼ੀ ਨੂੰ ਸ਼ਰੇਆਮ ਮੌਤ ਦੀ ਸਜਾ ਦੇਣ ਦੀ ਜਰੂਰਤ ਹੈ ਤਾਂ ਹੀ ਅਜਿਹੇ ਘਿਨੌਣੀ ਬਿਰਤੀ ਵਾਲੇ ਅਨਸਰਾਂ ਤੇ ਨਕੇਲ ਪਾਈ ਜਾ ਸਕਦੀ ਹੈ। ਜੋਗਿੰਦਰ ਅੰਗੂਰਾਲਾ ਨੇ ਦੱਸਿਆ ਕਿ ਜਿਣਸੀ ਸ਼ੋਸ਼ਣ ਦੇ ਦੋਸ਼ੀਆਂ ਨੂੰ ਮੌਤ ਦੀ ਸਜਾ ਦੀ ਵਿਵਸਥਾ ਹੋਣ ਤੇ ਹੀ ਦੇਸ਼ ਦੀਆਂ ਮਹਿਲਾਵਾਂ ਅਤੇ ਬੱਚੀਆਂ ਬਿਨਾਂ ਕਿਸੇ ਖੌਫ ਦੇ ਸਮਾਜ ਵਿੱਚ ਵਿਚਰ ਸਕਦੀਆਂ ਹਨ ਤਾਂ ਹੀ ਨਰੋਏ ਸਮਾਜ ਦੀ ਸਿਰਜਨਾ ਹੋ ਸਕਦੀ ਹੈ।