February 23, 2026 5:26 am

ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਨੂੰ ਸਮੇਂ ਸਿਰ ਉਚਿਤ ਮੁਆਵਜ਼ਾ ਮੁਹੱਈਆ ਕਰਵਾਉਣ ਲਈ ਵਚਨਬੱਧ: ਜਤਿੰਦਰ ਜੋਰਵਾਲ

Share:

ਦਲਜੀਤ ਕੌਰ-ਦਿੜ੍ਹਬਾ/ਧੂਰੀ/ਸੰਗਰੂਰ, 7 ਅਪ੍ਰੈਲ, 2023: ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਅੱਜ ਦਿੜ੍ਹਬਾ ਅਤੇ ਧੂਰੀ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਦਿਆਂ ਖਰਾਬੇ ਦੀ ਸਪੈਸ਼ਲ ਗਿਰਦਾਵਰੀ ਦੀ ਚੱਲ ਰਹੀ ਪ੍ਰਕਿਰਿਆ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ ਅਤੇ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਮਾਨ ਵਲੋ ਮਿਲੇ ਦਿਸ਼ਾ ਨਿਰਦੇਸ਼ਾਂ ਦੀ ਰੌਸ਼ਨੀ ਵਿੱਚ ਜ਼ਿਲ੍ਹਾ ਸੰਗਰੂਰ ਦੀਆਂ ਸਮੂਹ ਸਬ ਡਵੀਜ਼ਨਾਂ ਵਿਚ ਚੱਲ ਰਹੀ ਗਿਰਦਾਵਰੀ ਪ੍ਰਕਿਰਿਆ ਦਾ ਉਹ ਖੁਦ ਰੋਜ਼ਾਨਾ ਦੇ ਅਧਾਰ ‘ਤੇ ਨਿਰੀਖਣ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਅੱਜ ਦਿੜ੍ਹਬਾ ਦੇ ਪਿੰਡਾਂ ਨਿਹਾਲਗੜ੍ਹ ਅਤੇ ਢੰਡਿਆਲ ਜਦਕਿ ਧੂਰੀ ਸਬ ਡਵੀਜ਼ਨ ਦੇ ਪਿੰਡਾਂ ਕਾਂਝਲਾ ਅਤੇ ਪੁੰਨਾਵਾਲ ਦੇ ਮੀਂਹ ਤੇ ਗੜ੍ਹੇਮਾਰੀ ਪ੍ਰਭਾਵਿਤ ਖੇਤਾਂ ਦਾ ਜਾਇਜ਼ਾ ਲੈਂਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਮੀਂਹ ਅਤੇ ਗੜ੍ਹੇਮਾਰੀ ਕਾਰਨ ਫ਼ਸਲਾਂ ਦਾ ਨੁਕਸਾਨ ਝੱਲਣ ਵਾਲੇ ਕਿਸਾਨਾਂ ਦਾ ਸਾਥ ਦੇਣ ਲਈ ਪ੍ਰਤੀ ਏਕੜ ਮੁਆਵਜ਼ੇ ਵਿੱਚ 25 ਫੀਸਦੀ ਵਾਧਾ ਕੀਤਾ ਗਿਆ ਹੈ। ਉਨ੍ਹਾਂ ਆਪਣੇ ਦੌਰੇ ਦੌਰਾਨ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਸਰਕਾਰ ਦੀ ਤਰਫੋਂ ਛੇਤੀ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ।
ਸ੍ਰੀ ਜੋਰਵਾਲ ਨੇ ਦੱਸਿਆ ਕਿ ਸਮੂਹ ਸਬ ਡਵੀਜ਼ਨਾਂ ਵਿੱਚ ਸਪੈਸ਼ਲ ਗਿਰਦਾਵਰੀ ਤੋਂ ਪਹਿਲਾਂ ਸਾਰੀ ਪ੍ਰਕਿਰਿਆ ਬਾਰੇ ਜਨਤਕ ਤੌਰ ‘ਤੇ ਮੁਨਾਦੀ ਕਰਵਾ ਦਿੱਤੀ ਗਈ ਸੀ ਤਾਂ ਜੋ ਕੋਈ ਵੀ ਪ੍ਰਭਾਵਿਤ ਕਿਸਾਨ ਆਪਣੇ ਹੱਕ ਤੋਂ ਵਾਂਝਾ ਨਾ ਰਹੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜਲਦੀ ਹੀ ਸਪੈਸ਼ਲ ਗਿਰਦਾਵਰੀ ਰਿਪੋਰਟ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਛੇਤੀ ਤੋਂ ਛੇਤੀ ਮੁਆਵਜ਼ਾ ਰਾਸ਼ੀ ਜਾਰੀ ਹੋ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਨਾਲ ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਸ੍ਰੀ ਨਿਤੇਸ਼ ਜੈਨ, ਐਸ. ਡੀ.ਐਮ ਦਿੜ੍ਹਬਾ ਸ੍ਰੀ ਰਾਜੇਸ਼ ਸ਼ਰਮਾ ਅਤੇ ਤਹਿਸੀਲਦਾਰ ਧੂਰੀ ਸ੍ਰੀ ਕੁਲਦੀਪ ਸਿੰਘ ਤੋਂ ਇਲਾਵਾ ਖੇਤੀਬਾੜੀ ਵਿਭਾਗ ਅਤੇ ਮਾਲ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।
ਫੋਟੋਆਂ: ਧੂਰੀ ਦੇ ਪਿੰਡਾਂ ਕਾਂਝਲਾ ਅਤੇ ਪੁੰਨਾਵਾਲ ਦੀਆਂ ਤਸਵੀਰਾਂ
seculartvindia
Author: seculartvindia

Leave a Comment

Voting poll

What does "money" mean to you?
  • Add your answer

latest news