
ਦਲਜੀਤ ਕੌਰ/ਸੰਗਰੂਰ, 16 ਮਈ, 2023: ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਡੀ. ਸੀ. ਦਫ਼ਤਰ ਸੰਗਰੂਰ ਅੱਗੇ ਪੱਕਾ ਮੋਰਚਾ ਦੂਸਰੇ ਦਿਨ ਵੀ ਜਾਰੀ ਰਿਹਾ। ਇਸ ਸੰਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਅਤੇ ਬਲਾਕ ਆਗੂ ਗੁਰਵਿੰਦਰ ਸਾਦੀਹਰੀ ਨੇ ਦੱਸਿਆ ਕਿ ਸਿਵਲ ਪ੍ਰਸ਼ਾਸਨ ਵੱਲੋਂ ਲਗਾਤਰ ਦਲਿਤਾਂ ਦੇ ਜ਼ਮੀਨੀ ਮਸਲਿਆਂ ਨੂੰ ਜਾਤੀ ਵਿਤਕਰੇ ਕਾਰਨ ਅਣਗੋਲਿਆਂ ਕੀਤਾ ਜਾ ਰਿਹਾ ਹੈ। ਜਿਸ ਕਾਰਨ ਸਾਦੀਹਰੀ ਤੇ ਕਪਿਆਲ ਵਾਂਗ ਪਿੰਡਾਂ ਦਾ ਮਹੌਲ ਖਰਾਬ ਕੀਤਾ ਜਾ ਰਿਹਾ ਹੈ ਅਤੇ ਇਸ ਮਹੌਲ ਨੂੰ ਖਰਾਬ ਕਰਨ ਵਾਲੇ ਵਿਅਕਤੀਆਂ ਦੀ ਕੋਈ ਗ੍ਰਿਫਤਾਰੀ ਨਹੀ ਕੀਤੀ ਜਾ ਰਹੀ। ਜਿਸ ਕਾਰਨ ਉਹਨਾਂ ਦੀ ਗੁੰਡਾਗਰਦੀ ਵਧ ਰਹੀ ਹੈ। ਨਜੂਲ ਜਮੀਨ ਦਾ ਮਹਿਕਮਾ ਅਤੇ ਪੁਲੀਸ ਲਗਾਤਾਰ ਇੱਕ ਵੱਡੀ ਲੜਾਈ ਨੂੰ ਅੰਜਾਮ ਦੇਣ ਦਾ ਇੰਤਜਾਰ ਕਰ ਰਹੇ ਹਨ।
ਆਗੂਆਂ ਨੇ ਕਿਹਾ ਕਿ ਸਰਕਾਰ ਪਿੰਡ ਸ਼ਾਦੀਹਰੀ ਦੇ ਨਜੂਲ ਜਮੀਨ ਦੇ ਹੱਕ ਨੂੰ ਦੇਣ ਸਬੰਧੀ ਮਹਿਕਮਾ ਲਗਾਤਾਰ ਲਾਪਰਵਾਹੀ ਵਰਤ ਰਿਹਾ ਹੈ, ਜਿਸ ਨਾਲ ਇਹ ਗੁੰਡਾਗਰਦੀ ਵਧ ਰਹੀ ਹੈ। ਇਸ ਤੋਂ ਬਿਨਾਂ ਪਿੰਡ ਢੰਢੋਲੀ ਕਲਾਂ ਦੀ ਜ਼ਮੀਨ ਪੂਰੀ ਕਰਨ, ਕਪਿਆਲ, ਤੂਰਬਨਜ਼ਰੇ, ਸਾਦੀਹਰੀ, ਅਕਬਰਪੁਰ ਪਿੰਡਾਂ ਦੀਆਂ ਪੰਚਾਇਤੀ ਜ਼ਮੀਨ ਦੀਆ ਬੋਲੀਆ ਘੱਟ ਰੇਟ ਦੀ ਮੰਗ ਨੂੰ ਲੈ ਕੇ ਡੀ. ਡੀ. ਪੀ. ਓ ਨਾਲ ਮੀਟਿੰਗ ਹੋਈ। ਆਗੂਆਂ ਵੱਲੋ ਮੰਗਾਂ ਨੂੰ ਅਮਲੀ ਰੂਪ ‘ਚ ਲਾਗੂ ਹੋਣ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ।
ਅੱਜ ਦੇ ਧਰਨੇ ਵਿੱਚ ਕ੍ਰਾਂਤੀਕਾਰੀ ਪੇੰਡੂ ਮਜਦੂਰ ਯੂਨੀਅਨ ਦੇ ਸੂਬਾ ਸਕੱਤਰ ਧਰਮਪਾਲ ਸਿੰਘ ਨਮੋਲ ਨੇ ਜਥੇ ਸਮੇਤ ਸਮੂਲੀਅਤ ਕੀਤੀ। ਪੰਜਾਬ ਖੇਤ ਮਜਦੂਰ ਯੂਨੀਅਨ ਦੇ ਨਿਰੰਜਨ ਸਿੰਘ, ਪੀਐੱਸਯੂ ਦੀ ਆਗੂ ਕਮਲਦੀਪ ਕੌਰ ਰਾਮਵੀਰ ਅਤੇ ਬਲਾਕ ਆਗੂ ਹਰਚਰਨ ਸਿੰਘ ਢੰਢੋਲੀ ਕਲਾਂ, ਲਾਭ ਸਿੰਘ ਢੰਢੋਲੀ ਕਲਾਂ, ਗੁਰਮੇਲ ਸਿੰਘ ਗ਼ਮਦੂਰ ਸਿੰਘ ਕਪਿਆਲ, ਮੱਖਣ ਸਿੰਘ ਸਾਦੀਹਰੀ ਨੇ ਧਰਨੇ ‘ਚ ਸ਼ਮੂਲੀਅਤ ਕੀਤੀ।